ਅਣਪਛਾਤੇ ਵਿਅਕਤੀ ਨਾਕੇ 'ਤੇ ਤਾਇਨਾਤ ਹੋਮਗਾਰਡ ਜਵਾਨਾਂ ਤੋਂ ਪਿਸਤੌਲ ਦੀ ਨੋਕ 'ਤੇ ਕਾਰ ਖੋਹ ਕੇ ਫ਼ਰਾਰ
ਮਲੋਟ:- ਪੁਲਿਸ ਵਲੋਂ ਭਾਈਕੇਰਾ ਵਿਖੇ ਤਿੰਨ ਅਣਪਛਾਤੇ ਵਿਅਕਤੀਆਂ 'ਤੇ ਆਲਟੋ ਕਾਰ ਖੋਹਣ ਦੇ ਮਾਮਲੇ ਵਿਚ ਪੁਲਿਸ ਨੇ ਸ਼ਿਕਾਇਤ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ । ਹੋਮਗਾਰਡ ਦੇ ਜਵਾਨਾਂ ਹੋਮਗਾਰਡ ਜਸਵਿੰਦਰਪਾਲ ਸਿੰਘ ਨੇ ਦੱਸਿਆ ਕਿ ਉਹ ਆਪਣੇ ਸਾਥੀ ਰਣਜੀਤ ਸਿੰਘ ਅਤੇ ਗੁਰਦਿਆਲ ਸਿੰਘ ਪਿੰਡ ਖੇਮਾ ਖੇੜਾ ਤੋਂ ਖੂੰਬਣ ਸੜਕ ਤੇ ਨਾਕੇ ਤੇ ਸ਼ਾਮ ਕਰੀਬ 5:45 ਵਜੇ ਪੁਲਿਸ ਅਧਿਕਾਰੀਆਂ ਦੀਆਂ ਹਦਾਇਤਾਂ 'ਤੇ ਪੱਕਾ ਮੋਰਚਾ ਬਣਾਉਣ ਦਾ ਕੰਮ ਕਰ ਰਹੇ ਸਨ ਅਤੇ ਉਨ੍ਹਾਂ ਕੋਲ ਇਕ ਆਲਟੋ ਕਾਰ ਸੀ। ਉਸ ਸਮੇਂ ਖੇਮਾ ਖੇੜਾ ਦੇ ਪਾਸਿਉਂ ਇਕ ਸਵਿਫ਼ਟ ਕਾਰ ਆਈ ਅਤੇ ਉਸ ਵਿਚ ਸਵਾਰ ਅਣਪਛਾਤੇ ਵਿਅਕਤੀ ਉਨ੍ਹਾਂ ਨੂੰ ਦੇਖ ਕੇ ਘਬਰਾ ਗਏ ਅਤੇ ਉਨ੍ਹਾਂ ਵਲੋਂ ਕਾਰ ਹੌਲੀ ਕਰ ਲਈ ਗਈ। ਉਨ੍ਹਾਂ ਵਲੋਂ ਕਾਰ ਨੂੰ ਸ਼ੱਕ ਦੇ ਆਧਾਰ 'ਤੇ ਰੋਕਿਆ ਗਿਆ, ਤਾਂ ਉਸ ਵਿਚੋਂ ਤਿੰਨ ਵਿਅਕਤੀ ਬਾਹਰ ਨਿਕਲੇ ਅਤੇ ਉਸ ਦੇ ਅਤੇ ਉਸ ਦੇ ਸਾਥੀਆਂ ਨਾਲ ਹੱਥੋਂ ਪਾਈ ਕਰਨ ਲੱਗੇ ਤੇ ਇਕ ਵਿਅਕਤੀ ਨੇ ਪਿਸਤੌਲ ਕੱਢ ਕੇ ਉਸ 'ਤੇ ਤਾਣ ਦਿੱਤੀ ਅਤੇ ਗੋਲੀ ਮਾਰਨ ਦੀ ਧਮਕੀ ਦਿੱਤੀ। ਉਸ ਨੇ ਦੱਸਿਆ ਕਿ ਉਸ ਸਮੇਂ ਉਨ੍ਹਾਂ ਕੋਲ ਕੋਈ ਹਥਿਆਰ ਨਹੀਂ ਸੀ , ਉਸ ਨੇ ਦੱਸਿਆ ਕਿ ਖਿੱਚ-ਧੂਹ ਦੌਰਾਨ ਉਨ੍ਹਾਂ ਦੀ ਵਰਦੀ ਵੀ ਪਾਟ ਗਈ ਅਤੇ ਇਸ ਖਿੱਚ ਧੂਹ ਵਿਚ ਉਨ੍ਹਾਂ ਵਿਅਕਤੀਆਂ ਦੀ ਸਵਿਫ਼ਟ ਕਾਰ ਦੀ ਚਾਬੀ ਗੁੰਮ ਹੋ ਗਈ, ਜਿਸ ਉਪਰੰਤ ਉਕਤ ਵਿਅਕਤੀ ਉਨ੍ਹਾਂ ਦੀ ਆਲਟੋ ਕਾਰ ਤੇ ਸਵਾਰ ਹੋ ਕੇ ਪਿੰਡ ਖੂੰਬਣ ਦੀ ਵੱਲ ਨੂੰ ਫ਼ਰਾਰ ਹੋ ਗਏ, ਜਦਕਿ ਆਪਣੀ ਸਵਿਫ਼ਟ ਕਾਰ ਉੱਥੇ ਹੀ ਛੱਡ ਗਏ । ਪੁਲਿਸ ਨੇ ਪਿਸਤੌਲ ਦੀ ਨੋਕ ਤੇ ਗੱਡੀ ਖੋਹਣ ਅਤੇ ਡਿਊਟੀ ਵਿਚ ਵਿਘਨ ਪਾਉਣ ਤੇ ਅਣਪਛਾਤੇ ਵਿਅਕਤੀਆਂ ਵਿਰੁੱਧ ਮੁਕੱਦਮਾ ਦਰਜ ਕਰਕੇ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।