ਫੈਕਟਰੀ ’ਚ ਕੂੜਾ ਸੁੱਟਣ ’ਤੇ ਸਫਾਈ ਸੇਵਕ ਨੂੰ ਕੁਰਸੀ ਨਾਲ ਬੰਨ੍ਹ ਕੀਤੀ ਕੁੱਟਮਾਰ
ਮਲੋਟ :- ਮਲੋਟ ਵਿਖੇ ਬੰਦ ਪਈ ਫੈਕਟਰੀ ’ਚ ਕੂੜਾ ਸੁੱਟਣ ’ਤੇ ਇਕ ਸਫਾਈ ਸੇਵਕ ਨੂੰ ਕੁਰਸੀਂ ਨਾਲ ਬੰਨ੍ਹ ਕੇ ਮਾਰਕੁਟਾਈ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪਲਾਟ ’ਚ ਕੂੜਾ ਸੁੱਟਣ ਦੇ ਦੋਸ਼ ’ਚ ਗਰੀਬ ਸਫਾਈ ਸੇਵਕ ’ਤੇ ਕੀਤੇ ਜ਼ੁਲਮ ਦੀ ਸਾਰੇ ਪਾਸੇ ਨਿੰਦਾ ਹੋ ਰਹੀ ਹੈ। ਉਧਰ ਪੁਲਸ ਨੇ ਮੌਕੇ ’ਤੇ ਪੁੱਜ ਕੇ ਜਿੱਥੇ ਸਫਾਈ ਸੇਵਕ ਨੂੰ ਉਕਤ ਵਿਅਕਤੀਆਂ ਦੇ ਚੁੰਗਲ ’ਚ ਰਿਹਾਅ ਕਰਵਾਇਆ, ਉਥੇ ਮਾਰਕੁਟਾਈ ਲਈ ਜ਼ਿੰਮੇਵਾਰ ਵਿਅਕਤੀਆਂ ਨੂੰ ਹਿਰਾਸਤ ’ਚ ਲੈ ਲਿਆ। ਸਫਾਈ ਸੇਵਕ ਤਾਰਾ ਚੰਦ ਨੇ ਦੱਸਿਆ ਕਿ ਉਹ ਹੋਰ ਸਾਥੀਆਂ ਨਾਲ ਹਨੂੰਮਾਨ ਮੰਦਿਰ ਰੋਡ ’ਤੇ ਸੁਨੀਲ ਕੁਮਾਰ ਮੇਟ ਦੀ ਅਗਵਾਈ ਹੇਠ ਸਫਾਈ ਕਰ ਰਿਹਾ ਸੀ। ਉਸ ਨੂੰ ਕੂੜਾ ਇਕ ਖਾਲੀ ਬੰਦ ਪਈ ਫੈਕਟਰੀ ’ਚ ਜਦੋਂ ਸੁੱਟਣ ਲਈ ਲਿਜਾਇਆ ਜਾ ਰਿਹਾ ਸੀ ਤਾਂ ਫੈਕਟਰੀ ਦੇ ਮਾਲਕ ਤੇ ਉਸ ਦੇ ਮੁੰਡੇ ਨੇ ਉਸ ਨੂੰ ਫੜ੍ਹ ਰੱਸੀ ਨਾਲ ਕੁਰਸੀ ਨਾਲ ਬੰਨ ਦਿੱਤਾ। ਇਸ ਦੌਰਾਨ ਉਨ੍ਹਾਂ ਨੇ ਉਸ ਨੂੰ ਬੂਟਾਂ ਤੇ ਠੁੱਡਿਆਂ ਨਾਲ ਕੁੱਟਿਆ।ਇਸ ਸਬੰਧੀ ਜਦੋਂ ਸਫਾਈ ਸੇਵਕ ਅਤੇ ਮੁਹੱਲਾਂ ਵਾਲਿਆਂ ਨੇ ਤਾਰਾ ਚੰਦ ਨੂੰ ਛਡਾਉਣਾ ਚਾਹਿਆਂ ਤਾਂ ਫੈਕਟਰੀ ਮਾਲਕਾਂ ਨੇ ਉਨ੍ਹਾਂ ਨਾਲ ਮਾੜਾ ਵਿਵਹਾਰ ਕਰਨਾ ਸ਼ੁਰੂ ਕਰ ਦਿੱਤਾ। ਉਧਰ ਮੁਹੱਲੇ ਦੇ ਐੱਮ. ਸੀ. ਅਸ਼ੋਕ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਮੌਕੇ ’ਤੇ ਜਾ ਕੇ ਪੁਲਸ ਨੂੰ ਕਾਲ ਕੀਤੀ, ਜਿਸ ਤੋਂ ਬਾਅਦ ਪੁਲਸ ਨੇ ਤਾਰਾ ਚੰਦ ਨੂੰ ਉਕਤ ਫੈਕਟਰੀ ਮਾਲਕਾਂ ਦੀ ਹਿਰਾਸਤ ’ਚੋਂ ਰਿਹਾ ਕਰਵਾਇਆ ਅਤੇ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ। ਐੱਮ. ਸੀ. ਅਸ਼ੋਕ ਬਜਾਜ ਨੇ ਕਿਹਾ ਕਿ ਬੰਦ ਪਈ ਫੈਕਟਰੀ ਨਸ਼ੇੜੀਆਂ, ਜੁਆਰੀਆਂ, ਚੋਰਾਂ ਅਤੇ ਮਾੜੇ ਅਨਸਰਾਂ ਦਾ ਅੱਡਾ ਹੈ। ਮੁਹੱਲੇ ਵਾਲਿਆਂ ਨੇ ਕਈ ਵਾਰ ਫੈਕਟਰੀ ਮਾਲਕਾਂ ਨੂੰ ਇਸ ਦੀ ਚਾਰਦੀਵਾਰੀ ਕਰਨ ਦੀ ਅਪੀਲ ਕੀਤੀ ਪਰ ਉਨ੍ਹਾਂ ਗੱਲ ਨਹੀਂ ਸੁਣੀ। ਪਤਾ ਲੱਗਾ ਕਿ ਫੈਕਟਰੀ ਮਾਲਕਾਂ ਵਲੋਂ ਬੰਧਕ ਬਣਾਏ ਜਮਾਂਦਾਰ ਨੂੰ ਜਦੋਂ ਨਹੀਂ ਛੱਡਿਆਂ ਤਾਂ ਇਕੱਠੇ ਹੋਏ ਸਫਾਈ ਸੇਵਕਾਂ ਨੇ ਉਕਤ ਪਿਉ-ਪੁੱਤਰ ਨਾਲ ਹੱਥੋਪਾਈ ਵੀ ਕੀਤੀ। ਏ. ਐੱਸ. ਆਈ. ਸੁਖਪਾਲ ਸਿੰਘ ਨੇ ਕਿਹਾ ਕਿ ਜਮਾਂਦਾਰ ਦੇ ਬਿਆਨਾਂ ਉਪਰੰਤ ਕਾਰਵਾਈ ਕੀਤੀ ਜਾ ਰਹੀ ਹੈ।