ਪੰਜਾਬ ਸਰਕਾਰ ਦਾ ਵੱਡਾ ਕਦਮ, ਪੈਪਸੂ ਰੋਡ ਟ੍ਰਾਂਸਪੋਰਟ ਕਾਰਪੋਰੇਸ਼ਨ (PRTC) ਨੇ ਇੰਡੀਅਨ ਆਇਲ ਕਾਰਪੋਰੇਸ਼ਨ (IOC) ਨਾਲ ਕੀਤਾ ਸਮਝੌਤਾ
ਮਲੋਟ (ਪੰਜਾਬ): ਪੈਪਸੂ ਰੋਡ ਟ੍ਰਾਂਸਪੋਰਟ ਕਾਰਪੋਰੇਸ਼ਨ PRTC ਨੇ ਇੰਡੀਅਨ ਆਇਲ ਕਾਰਪੋਰੇਸ਼ਨ (IOC) ਨਾਲ ਸਮਝੌਤਾ ਕਰ ਲਿਆ ਹੈ। ਇਸ ਦੇ ਤਹਿਤ ਹੁਣ PRTC ਨੂੰ ਆਪਣੀਆਂ ਬੱਸਾਂ ਲਈ IOC (ਇੰਡੀਅਨ ਆਇਲ ਕਾਰਪੋਰੇਸ਼ਨ) ਤੋਂ ਬਾਜ਼ਾਰ ਦੇ ਮੁਕਾਬਲੇ ਸਸਤੇ ਭਾਅ ’ਤੇ ਡੀਜ਼ਲ ਮਿਲੇਗਾ। ਇਸ ਦਾ ਸਭ ਤੋਂ ਵੱਡਾ ਫਾਇਦਾ ਇਹ ਹੈ ਕਿ ਇਸ ਨਾਲ PRTC ਨੂੰ ਹਰ ਮਹੀਨੇ 60 ਲੱਖ ਰੁਪਏ ਦਾ ਫਾਇਦਾ ਹੋਵੇਗਾ। ਗੌਰਤਲਬ ਹੈ ਕਿ ਇਸ ਤੋਂ ਪਹਿਲਾਂ PRTC ਬਾਹਰ ਦੇ ਪੰਪਾਂ ਤੋਂ ਆਪਣੀਆਂ ਬੱਸਾਂ ਵਿੱਚ ਡੀਜ਼ਲ ਪਵਾਉਂਦਾ ਸੀ। ਇਸ ਨਾਲ ਕਾਰਪੋਰੇਸ਼ਨ ਦੀ ਆਰਥਿਕ ਹਾਲਤ ’ਚ ਵੀ ਸੁਧਾਰ ਦੀ ਉਮੀਦ ਹੈ। ਦੱਸਣਯੋਗ ਹੈ ਕਿ ਔਰਤਾਂ ਦੇ ਮੁਫਤ ਬੱਸ ਸਫਰ ਕਾਰਨ PRTC ਦੀਆਂ ਆਰਥਿਕ ਪ੍ਰੇਸ਼ਾਨੀਆਂ ਲਗਾਤਾਰ ਵੱਧ ਰਹੀਆਂ ਹਨ। ਇਸ ਦੇ ਚੱਲਦੇ PRTC ਲਈ ਮੁਲਾਜ਼ਮਾਂ ਨੂੰ ਤਨਖਾਹ ਦੇਣ ’ਚ ਵੀ ਮੁਸ਼ਕਿਲ ਆ ਰਹੀ ਸੀ। PRTC ਦੇ ਬੇੜੇ ਵਿੱਚ ਇਸ ਸਮੇਂ 1238 ਬੱਸਾਂ ਹਨ, ਜਿਨ੍ਹਾਂ ਨੂੰ ਰੂਟਾਂ ’ਤੇ ਚਲਾਉਣ ਵਿੱਚ ਰੋਜ਼ਾਨਾ 90000 ਲਿਟਰ ਡੀਜ਼ਲ ਦੀ ਖਪਤ ਹੁੰਦੀ ਹੈ।
ਦਰਅਸਲ 2022 ਵਿੱਚ ਇੰਡੀਅਨ ਆਇਲ ਕਾਰਪੋਰੇਸ਼ਨ ਦੇ ਮੁਕਾਬਲੇ PRTC ਨੂੰ ਬਾਹਰ ਦੇ ਪੰਪਾਂ ਤੋਂ ਸਸਤਾ ਡੀਜ਼ਲ ਮਿਲਣ ਲੱਗਾ ਤਾਂ ਕਾਰਪੋਰੇਸ਼ਨ ਨੇ IOC ਤੋਂ ਆਪਣੇ ਡਿਪੂਆਂ ਵਿੱਚ ਡੀਜ਼ਲ ਮੰਗਵਾਉਣਾ ਬੰਦ ਕਰ ਦਿੱਤਾ ਸੀ। ਡਿਪੂਆਂ ਦੇ ਨੇੜੇ ਪੈਂਦੇ ਪੰਪਾਂ ਤੋਂ ਹੀ ਬੱਸਾਂ ਵਿੱਚ ਡੀਜ਼ਲ ਪਵਾਇਆ ਜਾਣ ਲੱਗਾ ਤਾਂ ਕਿ ਆਰਥਿਕ ਨੁਕਸਾਨ ਨਾ ਹੋਵੇ ਅਤੇ ਬੱਸਾਂ ਦਾ ਕਿਰਾਇਆ ਵਧਾਉਣ ਦੀ ਜ਼ਰੂਰਤ ਨਾ ਪਵੇ। ਹਾਲਾਂਕਿ ਹੁਣ ਬਾਹਰੀ ਪੰਪਾਂ ਦੀ ਤੁਲਣਾ ਵਿੱਚ IOC ਨੇ ਡੀਜ਼ਲ ਕਾਫੀ ਸਸਤੇ ਭਾਅ ਵਿੱਚ ਦੇਣ ਦਾ ਫ਼ੈਸਲਾ ਕੀਤਾ ਹੈ। ਇਸ ਸੰਬੰਧੀ IOC ਅਤੇ PRTC ਵਿਚ ਸਮਝੌਤਾ ਵੀ ਹੋ ਗਿਆ ਹੈ। ਇਸ ਦੇ ਤਹਿਤ IOC ਬਾਜ਼ਾਰੀ ਭਾਅ 87.91 ਰੁਪਏ ਪ੍ਰਤੀ ਲਿਟਰ ਦੇ ਮੁਕਾਬਲੇ PRTC ਨੂੰ 85.62 ਰੁਪਏ ਦੇ ਹਿਸਾਬ ਨਾਲ ਡੀਜ਼ਲ ਮੁਹੱਈਆ ਕਰਵਾਏਗਾ। ਇਸ ਤਰ੍ਹਾਂ ਨਾਲ PRTC ਨੂੰ IOC ਤੋਂ ਡੀਜ਼ਲ ਦੀ ਖਰੀਦ ਪ੍ਰਤੀ ਲਿਟਰ ’ਚ 2.29 ਰੁਪਏ ਦੀ ਬਚਤ ਹੋਵੇਗੀ। ਇਸ ਕਦਮ ਤੋਂ ਬਾਅਦ PRTC ਨੇ ਹੁਣ ਬਾਹਰੀ ਪੰਪਾਂ ਨੂੰ ਅਲਵਿਦਾ ਆਖ ਦਿੱਤਾ ਹੈ। ਸਸਤਾ ਡੀਜ਼ਲ ਮਿਲਣ ਨਾਲ PRTC ਨੂੰ ਰੋਜ਼ਾਨਾ ਲਗਭਗ ਦੋ ਲੱਖ ਰੁਪਏ ਦੇ ਹਿਸਾਬ ਨਾਲ ਹਰ ਮਹੀਨੇ 60 ਲੱਖ ਰੁਪਏ ਦਾ ਫਾਇਦਾ ਹੋਵੇਗਾ। ਜਿਸ ਨਾਲ PRTC ਦੀ ਆਰਥਿਕ ਹਾਲਤ ਬਦਲਣੀ ਸੁਭਾਵਕ ਹੈ। Author: Malout Live