ਗੁਰਦੁਆਰਾ ਚਰਨ ਕਮਲ ਭੋਰਾ ਸਾਹਿਬ ਵਿਖੇ ਕੱਤਕ ਮਹੀਨੇ ਦੀ ਪੂਰਨਮਾਸ਼ੀ ਤੇ ਧਾਰਮਿਕ ਸਮਾਗਮ ਦਾ ਆਯੋਜਨ
ਮਲੋਟ: ਗੁਰਦੁਆਰਾ ਚਰਨ ਕਮਲ ਭੋਰਾ ਸਾਹਿਬ ਦਾਨੇਵਾਲਾ ਮਲੋਟ ਵਿਖੇ ਕੱਤਕ ਮਹੀਨੇ ਦੀ ਪੂਰਨਮਾਸ਼ੀ ਤੇ ਮਹੀਨੇਵਾਰ ਧਾਰਮਿਕ ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਪਹਿਲਾਂ ਸਵੇਰੇ ਗੁਰਬਾਣੀ ਜਾਪ ਕੀਤੇ ਗਏ ਉਪਰੰਤ ਵਿਸ਼ੇਸ਼ ਤੌਰ ਤੇ ਪੁੱਜੇ ਬਾਬਾ ਸਾਹਿਬ ਸਿੰਘ, 40 ਪੀ.ਐੱਸ ਰਾਜਸਥਾਨ ਵਾਲਿਆਂ ਵੱਲੋਂ ਦੀਵਾਨ ਸਜਾਏ ਗਏ। ਬਾਬਾ ਸਾਹਿਬ ਸਿੰਘ ਨੇ ਸੰਗਤ ਨੂੰ ਸ਼੍ਰੀ ਗੁਰੂ ਰਾਮਦਾਸ ਜੀ ਦੇ ਜੀਵਨ ਬਾਰੇ ਵਿਸਥਾਰ ਨਾਲ ਦੱਸਿਆ ਗਿਆ ਅਤੇ ਗੁਰੂਘਰ ਅੰਦਰ ਤਨ, ਮਨ ਅਤੇ ਧਨ ਦੀ ਸੇਵਾ ਬਾਰੇ ਚਾਨਣਾ ਪਾਇਆ। ਉਹਨਾਂ ਦੱਸਿਆ ਕਿ ਗੁਰਬਾਣੀ ਅੰਦਰ ਖਿਣ ਮਾਤਰ ਵਿੱਚ ਰਾਜਾ ਤੋਂ ਰੰਕ ਅਤੇ ਰੰਕ ਤੋਂ ਰਾਜਾ ਬਣਾਉਣ ਦੀ ਤਾਕਤ ਹੈ ਇਸ ਲਈ ਗੁਰਸਿੱਖ ਨੂੰ ਹਮੇਸ਼ਾਂ ਗੁਰਬਾਣੀ ਅਨੁਸਾਰ ਜੀਵਨ ਜਿਉਣਾ ਚਾਹੀਦਾ ਹੈ।
ਗੁਰੂਘਰ ਦੇ ਮੁੱਖ ਸੇਵਾਦਾਰ ਸੰਤ ਬਾਬਾ ਬਲਜੀਤ ਸਿੰਘ ਨੇ ਸੰਗਤ ਨੂੰ ਭਗਵਾਨ ਵਾਲਮੀਕ ਜੀ ਦੇ ਜਨਮ ਦਿਹਾੜੇ ਦੀ ਵਧਾਈ ਦਿੰਦਿਆਂ ਕਿਹਾ ਕਿ ਪਰਸੋਂ ਗੁਰੂ ਰਾਮਦਾਸ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਹੈ ਅਤੇ ਗੁਰੂ ਰਾਮਦਾਸ ਸਾਹਿਬ ਨੇ ਦਰਬਾਰ ਸਾਹਿਬ ਦੇ ਚਾਰ ਦਰਵਾਜੇ ਰਖਵਾਏ ਅਤੇ ਇਸ ਅਸਥਾਨ ਨੂੰ ਸਾਰੀ ਮਾਨਵਤਾ ਦਾ ਸਾਂਝਾ ਥਾਂ ਦੱਸਿਆ। ਬਾਬਾ ਜੀ ਨੇ ਕਿਹਾ ਕਿ ਗੁਰੂ ਰਾਮਦਾਸ ਜੀ ਦੇ ਦਰ ਤੋਂ ਅੱਜ ਵੀ ਬਿਨ੍ਹਾਂ ਕਿਸੇ ਜਾਤ-ਪਾਤ ਧਰਮ ਦੇ ਵਿਤਕਰੇ ਤੋਂ ਲੱਖਾਂ ਸੰਗਤਾਂ ਹਰ ਰੋਜ਼ ਦਾਤਾਂ ਦੀਆਂ ਝੋਲੀਆਂ ਭਰ ਲਿਜਾ ਰਹੀਆਂ ਹਨ। ਉਹਨਾਂ ਸੰਗਤ ਨੂੰ ਆਉਣ ਵਾਲੀ ਦਿਵਾਲੀ ਅਤੇ ਹੋਰ ਪੂਰਬ ਪ੍ਰਦੂਸ਼ਨ ਰਹਿਤ ਮਨਾਉਂਦਿਆਂ ਗਰੀਨ ਪਟਾਕਿਆਂ ਦੀ ਵਰਤੋਂ ਕਰਨ ਅਤੇ ਵੱਧ ਤੋਂ ਵੱਧ ਪੌਦੇ ਲਗਾਉਣ ਦੀ ਪ੍ਰੇਰਨਾ ਕੀਤੀ। ਇਸ ਮੌਕੇ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਭਾਈ ਹਰਪ੍ਰੀਤ ਸਿੰਘ ਹੈਪੀ, ਭਾਈ ਸੁਰਿੰਦਰ ਸਿੰਘ ਬੱਗਾ, ਭਾਈ ਜਗਮੀਤ ਸਿੰਘ ਖਾਲਸਾ, ਗੁਰਪ੍ਰੀਤ ਸਿੰਘ ਪ੍ਰਧਾਨ ਆਪ ਪਾਰਟੀ ਬੀਸੀ ਵਿੰਗ ਅਤੇ ਜਸਪ੍ਰੀਤ ਸਿੰਘ ਸਮੇਤ ਵੱਡੀ ਗਿਣਤੀ ਸੰਗਤ ਹਾਜ਼ਿਰ ਸੀ। Author: Malout Live