ਆਸਟ੍ਰੇਲੀਆ ਨੂੰ 74 ਦੌੜਾਂ ਨਾਲ ਹਰਾ ਭਾਰਤ ਪਹੁੰਚਿਆ ਸੈਮੀਫਾਈਨਲ ‘ਚ
ਅੰਡਰ-19 ਕ੍ਰਿਕਟ ਵਿਸ਼ਵ ਕੱਪ ਦੇ ਕੁਆਰਟਰ ਫਾਈਨਲ ਮੁਕਾਬਲੇ ਵਿੱਚ ਭਾਰਤ ਨੇ ਆਸਟ੍ਰੇਲੀਆ ਨੂੰ 74 ਦੌੜਾਂ ਨਾਲ ਹਰਾ ਕੇ ਸੈਮੀਫਾਈਨਲ ਵਿੱਚ ਆਪਣੀ ਜਗ੍ਹਾ ਪੱਕੀ ਕਰ ਲਈ ਹੈ । ਬੱਲੇਬਾਜ਼ੀ ਅਤੇ ਗੇਂਦਬਾਜ਼ੀ ਦੋਨਾਂ ਵਿੱਚ ਭਾਰਤੀ ਟੀਮ ਸ਼ੁਰੂ ਤੋਂ ਹੀ ਹਾਵੀ ਰਹੀ ਸੀ । ਇਸ ਮੁਕਾਬਲੇ ਵਿੱਚ ਪਹਿਲਾਂ ਖੇਡਦੇ ਹੋਏ ਭਾਰਤੀ ਟੀਮ ਵੱਲੋਂ ਯਸ਼ਸਵੀ ਜਾਇਸਵਾਲ ਤੇ ਦਿਵਿਆਂਸ਼ ਸਕਸੇਨਾ ਦੀ ਬਦੌਲਤ ਵਧੀਆ ਸ਼ੁਰੂਆਤ ਰਹੀ ।
ਇਸ ਮੁਕਾਬਲੇ ਵਿੱਚ ਯਸ਼ਸਵੀ ਨੇ 82 ਗੇਂਦਾਂ ਵਿੱਚ 62 ਦੌੜਾਂ ਬਣਾਈਆਂ, ਜਦਕਿ ਨਿਚਲੇ ਕ੍ਰਮ ਦੇ ਬੱਲੇਬਾਜ਼ ਅਥਰਵ ਅਨਕੋਲੇਕਰ ਨੇ ਨਾਬਾਦ 55 ਦੌੜਾਂ ਦੀ ਪਾਰੀ ਖੇਡੀ । ਜਿਸ ਕਾਰਨ ਭਾਰਤੀ ਟੀਮ ਨੇ ਆਸਟ੍ਰੇਲੀਆ ਨੂੰ 233 ਦੌੜਾਂ ਦਾ ਟੀਚਾ ਦਿੱਤਾ । ਇਸ ਟੀਚੇ ਦਾ ਪਿੱਛਾ ਕਰਨ ਉਤਰੀ ਆਸਟ੍ਰੇਲੀਆ ਦੀ ਟੀਮ ਦੀ ਸ਼ੁਰੂਆਤ ਬਹੁਤ ਖਰਾਬ ਰਹੀ । ਭਾਰਤੀ ਤੇਜ਼ ਗੇਂਦਬਾਜ਼ ਕਾਰਤਿਕ ਤਿਆਗੀ ਨੇ ਪਹਿਲੇ ਹੀ ਓਵਰ ਵਿੱਚ ਆਸਟ੍ਰੇਲੀਆ ਨੂੰ ਤਿੰਨ ਝਟਕੇ ਦੇ ਦਿੱਤੇ । 17 ਦੌੜਾਂ ਤੇ ਚਾਰ ਵਿਕਟਾਂ ਗਵਾਉਣ ਵਾਲੀ ਆਸਟ੍ਰੇਲੀਆ ਨੂੰ ਸਲਾਮੀ ਬੱਲੇਬਾਜ਼ ਸੈਮ ਫੈਨਿੰਗ ਦਾ ਸਹਾਰਾ ਮਿਲਿਆ । ਫੈਨਿੰਗ ਨੇ 127 ਗੇਂਦਾਂ ਵਿੱਚ 75 ਦੌੜਾਂ ਬਣਾਈਆਂ, ਪਰ ਸੈਮ ਤੋਂ ਬਾਅਦ ਕੋਈ ਵੀ ਬੱਲੇਬਾਜ਼ ਵੱਡਾ ਸਕੋਰ ਨਹੀਂ ਬਣਾ ਸਕਿਆ ਤੇ ਆਸਟ੍ਰੇਲੀਆ ਦੀ ਟੀਮ ਨੂੰ 159 ਦੌੜਾਂ ‘ਤੇ ਢੇਰ ਹੋ ਗਈ । ਇਸ ਮੁਕਾਬਲੇ ਵਿੱਚ ਕਾਰਤਿਕ ਤਿਆਗੀ ਨੇ ਭਾਰਤ ਵੱਲੋਂ ਸਭ ਤੋਂ ਵੱਧ 4 ਵਿਕਟਾਂ ਲਈਆਂ । ਆਕਾਸ਼ ਸਿੰਘ ਨੇ 3 ਅਤੇ ਰਵੀ ਬਿਸ਼ਨੋਈ ਨੇ 1 ਵਿਕਟ ਲਿਆ ।