ਕੰਨਾਂ ਵਿੱਚ ਗੰਦਾ ਪਾਣੀ ਜਾਣ ਤੋਂ ਰੋਕੋ ਅਤੇ ਆਪਣੇ ਕੰਨਾਂ ਵਿੱਚ ਤੇਲ ਜਾਂ ਕੋਈ ਤਿੱਖੀਆਂ ਚੀਜਾਂ/ਮਾਚਿਸ ਦੀ ਤੀਲੀ ਜਾਂ ਕੰਨ ਸਾਫ਼ ਕਰਨ ਵਾਲੇ ਬੱਡਸ ਨਾ ਮਾਰੋ- ਰੰਜੂ ਸਿੰਗਲਾ ਸਿਵਲ ਸਰਜਨ
ਮਲੋਟ (ਸ਼੍ਰੀ ਮੁਕਤਸਰ ਸਾਹਿਬ):- ਡਾ.ਰੰਜੂ ਸਿੰਗਲਾ ਸਿਵਲ ਸਰਜਨ ਸ਼੍ਰੀ ਮੁਕਤਸਰ ਸਾਹਿਬ ਦੀ ਪ੍ਰਧਾਨਗੀ ਵਿੱਚ ਦਫ਼ਤਰ ਸਿਵਲ ਸਰਜਨ ਮੁਕਤਸਰ ਵਿਖੇ ਵਿਸ਼ਵ ਸੁਣਨ ਸ਼ਕਤੀ ਦਿਵਸ ਮਨਾਇਆ ਗਿਆ। ਇਸ ਸਮੇਂ ਡਾ. ਪ੍ਰਭਜੀਤ ਸਿੰਘ ਸਹਾਇਕ ਸਿਵਲ ਸਰਜਨ, ਡਾ. ਕਿਰਨਦੀਪ ਕੌਰ ਜਿਲ੍ਹਾ ਪਰਿਵਾਰ ਭਲਾਈ ਅਫ਼ਸਰ, ਡਾ. ਸਤਵਿੰਦਰ ਸਿੰਘ ਜਿਲ੍ਹਾ ਸਿਹਤ ਅਫ਼ਸਰ, ਸੁਖਮੰਦਰ ਸਿੰਘ ਅਤੇ ਵਿਨੋਦ ਖੁਰਾਣਾ ਮਾਸ ਮੀਡੀਆ ਅਫ਼ਸਰ, ਮਨਬੀਰ ਸਿੰਘ ਬਲਾਕ ਐਕਸਟੈਂਸਨ ਐਜੂਕੇਟਰ, ਭਗਵਾਨ ਦਾਸ ਅਤੇ ਲਾਲ ਚੰਦ ਹਾਜ਼ਿਰ ਸਨ। ਇਸ ਸਮੇਂ ਡਾ. ਰੰਜੂ ਸਿੰਗਲਾ ਨੇ ਦੱਸਿਆ ਕਿ ਹਰ ਸਾਲ 3 ਮਾਰਚ ਨੂੰ ਵਿਸ਼ਵ ਭਰ ਵਿੱਚ ਸੁਣਨ ਦਿਵਸ ਮਨਾਇਆ ਜਾਂਦਾ ਹੈ। ਉਹਨਾਂ ਕਿਹਾ ਕਿ ਇਹ ਦਿਨ ਮਨਾਉਣ ਦਾ ਮਕਸਦ ਆਮ ਲੋਕਾਂ ਵਿੱਚ ਕੰਨਾਂ ਦੀ ਬਿਮਾਰੀਆਂ ਪ੍ਰਤੀ ਅਤੇ ਇਨ੍ਹਾਂ ਬਿਮਾਰੀਆਂ ਤੋਂ ਕਿਵੇਂ ਬਚਿਆ ਜਾ ਸਕਦਾ, ਸੰਬੰਧੀ ਜਾਗਰੂਕ ਕਰਨਾ ਹੈ। ਤਾਂ ਜੋ ਬਿਮਾਰੀਆਂ ਦਾ ਜਲਦੀ ਪਤਾ ਲਗਾਇਆ ਜਾ ਸਕੇ ਅਤੇ ਉਹਨਾਂ ਦਾ ਇਲਾਜ ਕਰਵਾ ਕੇ ਬੋਲੇਪਣ ਤੋਂ ਬਚਿਆ ਜਾ ਸਕੇ।
ਉਹਨਾਂ ਕਿਹਾ ਕਿ ਸਾਨੂੰ ਬਾਕੀ ਸਰੀਰ ਦੇ ਬਾਕੀ ਅੰਗਾਂ ਨੂੰ ਸਿਹਤਮੰਦ ਰੱਖਣ ਤੋਂ ਇਲਾਵਾ ਕੰਨਾਂ ਦੀ ਦੇਖਭਾਲ ਵੀ ਕਰਨੀ ਚਾਹੀਦੀ ਹੈ। ਕੰਨਾਂ ਨਾਲ ਸਬੰਧਿਤ ਕਿਸੇ ਵੀ ਸਮੱਸਿਆ ਨੂੰ ਹਲਕੇ ਨਾਲ ਨਹੀਂ ਲੈਣਾ ਚਾਹੀਦਾ। ਡਾ. ਸਤਵਿੰਦਰ ਸਿੰਘ ਨੇ ਜਾਣਕਾਰੀ ਦਿੱਤੀ ਕਿ ਜੇਕਰ ਕੰਨ ਡੁਲਦੇ ਹੋਣ, ਸੁਣਾਈ ਘੱਟ ਦੇ ਰਿਹਾ ਹੋਵੇ, ਜਮਾਂਦਰੂੰ ਬੋਲਾਪਣ, ਕੰਨਾਂ ਵਿੱਚ ਸ਼ਾਂ-ਸ਼ਾਂ ਦੀ ਆਵਾਜ਼ ਆਉਣ ਅਤੇ ਚੱਕਰ ਆਉਣ ਵਰਗੇ ਲੱਛਣਾਂ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ। ਗਰਭ ਅਵਸਥਾ ਦੌਰਾਨ ਡਾਕਟਰ ਦੀ ਸਲਾਹ ਤੋਂ ਬਿਨਾਂ ਲਈ ਗਈ ਦਵਾਈ ਨਵਜੰਮੇ ਬੱਚੇ ਵਿੱਚ ਸੁਨਣ ਦੀਆਂ ਕਮੀਆਂ ਦਾ ਕਾਰਣ ਬਣ ਸਕਦੀ ਹੈ। ਗਰਭ ਦੌਰਾਨ ਕੋਈ ਵੀ ਦਵਾਈ ਲੈਣ ਤੋਂ ਪਹਿਲਾਂ ਡਾਕਟਰ ਦੀ ਸਲਾਹ ਲਓ। ਬੱਚਿਆਂ ਨੂੰ ਸੂਚੀ ਅਨੁਸਾਰ ਪੂਰਾ ਟੀਕਾਕਰਣ ਕਰਵਾਓ। ਗਲਸੂਆ ਜਾਂ ਕਨਫੋੜਾ ਅਤੇ ਖਸਰਾ ਵਰਗੀਆਂ ਬਿਮਾਰੀਆਂ ਬੋਲਾਪਣ ਦਾ ਕਾਰਨ ਬਣ ਸਕਦੀਆਂ ਹਨ। ਸੜਕ ਕਿਨਾਰੇ ਬੈਠੇ ਵਿਅਕਤੀਆਂ ਤੋਂ ਕੰਨ ਸਾਫ਼ ਕਰਵਾਉਣ ਤੋਂ ਪ੍ਰਹੇਜ਼ ਕਰੋ। ਜੇਕਰ ਸਕੂਲ ਵਿੱਚ ਪੜ੍ਹ ਰਿਹਾ ਬੱਚਾ ਥੋੜ੍ਹੀ ਦੂਰੀ ਤੋਂ ਅਧਿਆਪਕ ਦੀ ਆਵਾਜ਼ ਵੱਲ ਧਿਆਨ ਨਹੀਂ ਦੇ ਰਿਹਾ ਤਾਂ ਡਾਕਟਰ ਨਾਲ ਸੰਪਰਕ ਕਰੋ। ਘੱਟ ਸੁਨਣ ਸ਼ਕਤੀ ਵਾਲੇ ਬੱਚਿਆਂ ਨੂੰ ਦੂਜੇ ਬੱਚਿਆਂ ਨਾਲ ਰਲਾਉਣ ਲਈ ਉਤਸ਼ਾਹਿਤ ਕਰੋ। ਇਹ ਮਨੋਵਿਗਿਆਨਕ ਅਤੇ ਸੰਚਾਰ ਦੇ ਹੁਨਰ ਨੂੰ ਵਿਕਸਿਤ ਕਰਨ ਵਿੱਚ ਸਹਾਇਤਾ ਕਰੇਗਾ। ਕੰਨਾਂ ਵਿੱਚ ਗੰਦਾ ਪਾਣੀ ਜਾਣ ਤੋਂ ਰੋਕੋ ਅਤੇ ਆਪਣੇ ਕੰਨਾਂ ਵਿੱਚ ਤੇਲ ਜਾਂ ਕੋਈ ਤਿੱਖੀਆਂ ਚੀਜਾਂ/ਮਾਚਿਸ ਦੀ ਤੀਲੀ ਜਾਂ ਕੰਨ ਸਾਫ਼ ਕਰਨ ਵਾਲੇ ਬੱਡਸ ਨਾ ਮਾਰੋ। ਆਪਣੇ ਕੰਨਾਂ ਨੂੰ ਟੀ.ਵੀ, ਰੇਡੀਓ, ਈਅਰਫੋਨ, ਪਟਾਕੇ ਅਤੇ ਉੱਚੀ ਆਵਾਜ਼ ਤੋਂ ਬਚਾਓ। ਉਹਨਾਂ ਕਿਹਾ ਕਿ 60 ਸਾਲ ਦੀ ਉਮਰ ਤੋਂ ਬਾਅਦ ਸਾਲ ਵਿੱਚ ਇੱਕ ਵਾਰ ਕੰਨਾਂ ਦਾ ਚੈਕ ਅੱਪ ਮਾਹਿਰ ਡਾਕਟਰ ਤੋਂ ਕਰਵਾਓ। ਮਨਬੀਰ ਸਿੰਘ ਨੇ ਦੱਸਿਆ ਕਿ ਘੱਟ ਸੁਣਨ ਜਾਂ ਨਾ ਸੁਣਨ ਵਾਲੇ ਲੋਕਾਂ ਨਾਲ ਸਾਈਨ ਲੈਗੂਏਜ਼ (ਇਸ਼ਾਰਿਆਂ ਦੀ ਭਾਸ਼ਾ) ਨਾਲ ਗੱਲ ਕੀਤੀ ਜਾ ਸਕਦੀ ਹੈ। ਇਹ ਉਹਨਾਂ ਦੀ ਭਾਸ਼ਾ ਹੈ ਅਤੇ ਉਹ ਇੱਕ ਕਮਿਊਨਿਟੀ ਦੇ ਤੌਰ ਤੇ ਆਪਣੀ ਭਾਸ਼ਾ ਤੇ ਗਰਵ ਕਰਦੇ ਹਨ। ਉਹਨਾਂ ਨੇ ਕਿਹਾ ਕਿ ਸਿਹਤ ਸੰਸਥਾਵਾਂ ਵਿੱਚ ਕਈ ਵਾਰ ਨਾ ਸੁਣਨ ਵਾਲੇ ਅਤੇ ਨਾ ਬੋਲਣ ਵਾਲੇ ਲੋਕਾਂ ਨਾਲ ਸਾਡਾ ਰਾਬਤਾ ਕਾਇਮ ਹੁੰਦਾ ਹੈ ਅਤੇ ਉਹਨਾਂ ਨਾਲ ਗੱਲਬਾਤ ਕਰਨਾ ਮੁਸ਼ਕਿਲ ਹੋ ਜਾਂਦਾ ਹੈ। ਇਸ ਲਈ ਜਰੂਰੀ ਹੈ ਕਿ ਸਾਨੂੰ ਸਾਰਿਆਂ ਨੂੰ ਇਸ਼ਾਰਿਆਂ ਦੀ ਭਾਸ਼ਾ ਦੀ ਜਾਣਕਾਰੀ ਹੋਵੇ। ਇਸ ਸਮੇਂ ਉਹਨਾ ਨੇ ਇਸ਼ਾਰਿਆਂ ਦੀ ਭਾਸ਼ਾ ਦੀ ਜਾਣਕਾਰੀ ਦਿੱਤੀ।