ਸਿਹਤ ਵਿਭਾਗ ਵੱਲੋਂ 25 ਅਗਸਤ ਤੋਂ 8 ਸਤੰਬਰ ਤੱਕ ਮਨਾਇਆ ਜਾ ਰਿਹਾ ਹੈ ਅੱਖਾਂ ਦਾਨ ਸੰਬੰਧੀ ਪੰਦਰਵਾੜਾ

ਮਲੋਟ/ਸ਼੍ਰੀ ਮੁਕਤਸਰ ਸਾਹਿਬ:- ਸਿਹਤ ਵਿਭਾਗ ਜ਼ਿਲਾ ਸ਼੍ਰੀ ਮੁਕਤਸਰ ਸਾਹਿਬ ਵੱਲੋਂ 25 ਅਗਸਤ ਤੋਂ 8 ਸਤੰਬਰ ਤੱਕ 37ਵਾਂ ਅੱਖਾਂ ਦਾਨ ਸੰਬੰਧੀ ਪੰਦਰਵਾੜਾ ਮਨਾਇਆ ਜਾ ਰਿਹਾ ਹੈ। ਉਪਰੋਕਤ ਜਾਣਕਾਰੀ ਸਿਵਲ ਸਰਜਨ ਡਾ.ਰੰਜੂ ਸਿੰਗਲਾ ਨੇ ਦਿੱਤੀ। ਇਸ ਪੰਦਰਵਾੜੇ ਦੌਰਾਨ ਸਿਹਤ ਵਿਭਾਗ ਵੱਲੋਂ ਲੋਕਾਂ ਨੂੰ ਅੱਖਾਂ ਦਾਨ ਕਰਨ ਸੰਬੰਧੀ ਵਿਸ਼ੇਸ਼ ਤੌਰ 'ਤੇ ਜਾਣਕਾਰੀ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜ਼ਿੰਦਗੀ ਦੇ ਰੰਗ ਵੀ ਉਦੋਂ ਤੱਕ ਹੀ ਖ਼ੂਬਸੂਰਤ ਹਨ, ਜਦੋਂ ਤੱਕ ਅੱਖਾਂ ਸਲਾਮਤ ਹਨ। ਅੱਖਾਂ ਤੋਂ ਸੱਖਣੇ ਅਣਗਿਣਤ ਲੋਕ ਜੋ ਇਸ ਦਰਦ ਨੂੰ ਹੰਢਾ ਰਹੇ ਹਨ, ਦੀਆਂ ਜ਼ਿੰਦਗੀਆਂ ਨੂੰ ਰੋਸ਼ਨਾਉਣ ਲਈ ਲੋਕਾਂ ਨੂੰ ਅੱਖਾਂ ਦਾਨ ਕਰਨ ਲਈ ਪ੍ਰੇਰਿਤ ਕਰਨ ਹਿੱਤ 25 ਅਗਸਤ ਤੋਂ 8 ਸਤੰਬਰ ਤੱਕ ਕੌਮੀ ਅੱਖਾਂ ਦਾਨ ਪੰਦਰਵਾੜਾ ਮਨਾਇਆ ਜਾਂਦਾ ਹੈ। ਰਾਸ਼ਟਰੀ ਅੱਖਾਂ ਦਾਨ ਪੰਦਰਵਾੜਾ 1985 ਤੋਂ ਸਫਲਤਾ ਪੂਰਵਕ ਚੱਲ ਰਿਹਾ ਹੈ। ਅੱਖਾਂ ਦਾਨ ਕਰਨ ਲਈ ਜ਼ਰੂਰੀ ਹੈ ਕਿ ਚਾਹਵਾਨ ਵਿਅਕਤੀ ਆਪਣਾ ਨਾਂ ਅੱਖਾਂ ਦੇ ਬੈਂਕ ਜਾਂ ਹਸਪਤਾਲ 'ਚ ਦਰਜ ਕਰਵਾਏ । ਬੀ.ਈ.ਪੀ.ਓ ਚੱਕ ਸ਼ੇਰੇਵਾਲਾ ਮਨਵੀਰ ਸਿੰਘ ਨੇ ਕਿਹਾ ਕਿ ਸਾਡੇ ਦੇਸ਼ 'ਚ ਅੱਖਾਂ ਦਾਨ ਕਰਨ ਦੇ ਰਾਹ 'ਚ ਸਭ ਤੋਂ ਵੱਡੀ ਰੁਕਾਵਟ ਅੰਧ-ਵਿਸ਼ਵਾਸ ਹੈ। ਉਨ੍ਹਾਂ ਕਿਹਾ ਕਿ ਉਮਰ, ਲਿੰਗ, ਬਲੱਡ ਗਰੁੱਪ ਜਾਂ ਧਰਮ ਦੀ ਪ੍ਰਵਾਹ ਕੀਤੇ ਬਿਨਾਂ ਕੋਈ ਵੀ ਵਿਅਕਤੀ ਦਾਨੀ ਹੋ ਸਕਦਾ ਹੈ। ਜਿਹੜੇ ਲੋਕ ਘੱਟ ਨਜ਼ਰ, ਲੰਮੀ ਨਜ਼ਰ ਜਾਂ ਇਥੋਂ ਤੱਕ ਕਿ ਜਿਹੜੇ ਲੋਕ ਲੈਂਜ਼ ਜਾਂ ਐਨਕਾਂ ਦੀ ਵਰਤੋਂ ਕਰਦੇ ਹਨ, ਉਹ ਵੀ ਆਪਣੀਆਂ ਅੱਖਾਂ ਦਾਨ ਕਰ ਸਕਦੇ ਹਨ। ਸ਼ੂਗਰ ਦੇ ਮਰੀਜ਼ ਜਾਂ ਜਿਹੜੇ ਲੋਕ ਹਾਈਪਰਟੈਨਸ਼ਨ, ਦਮੇ ਤੋਂ ਪੀੜ੍ਹਿਤ ਹਨ, ਉਹ ਵੀ ਆਪਣੀਆਂ ਅੱਖਾਂ ਦਾਨ ਕਰ ਸਕਦੇ ਹਨ। Author: Malout Live