ਸੀ.ਐੱਚ.ਸੀ ਲੰਬੀ ਅਧੀਨ ਆਉਂਦੇ ਵੱਖ-ਵੱਖ ਪਿੰਡਾਂ ਅਤੇ ਸਕੂਲਾਂ ਵਿੱਚ ਰਾਸ਼ਟਰੀ ਡੇਂਗੂ ਦਿਵਸ ਮਨਾਇਆ
ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਸਿਵਲ ਸਰਜਨ ਸ਼੍ਰੀ ਮੁਕਤਸਰ ਸਾਹਿਬ ਡਾ. ਨਵਜੋਤ ਕੌਰ ਅਤੇ ਡਾ. ਸੰਦੀਪ ਕੌਰ ਐਪੀਡੀਮੋਲੋਜਿਸਟ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਡਾ. ਪ੍ਰਵਜੀਤ ਸਿੰਘ ਗੁਲਾਟੀ ਸੀਨੀਅਰ ਮੈਡੀਕਲ ਅਫ਼ਸਰ ਸੀ.ਐੱਚ.ਸੀ ਲੰਬੀ ਦੀ ਅਗਵਾਈ ਹੇਠ ਰਾਸ਼ਟਰੀ ਡੇਂਗੂ ਦਿਵਸ ਦੇ ਮੌਕੇ ਤੇ ਸੀ.ਐੱਚ.ਸੀ ਲੰਬੀ ਅਧੀਨ ਆਉਂਦੇ ਵੱਖ-ਵੱਖ ਪਿੰਡਾਂ ਅਤੇ ਸਕੂਲਾਂ ਵਿੱਚ ਡੇਂਗੂ ਦੇ ਕਾਰਨ, ਲੱਛਣ, ਬਚਾਅ ਅਤੇ ਇਲਾਜ ਸੰਬੰਧੀ ਜਾਗਰੂਕਤਾ ਸਮਾਗਮਾਂ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਸਰਕਾਰੀ ਪ੍ਰਾਇਮਰੀ ਸਕੂਲ ਲੰਬੀ ਵਿਖੇ ਰਾਸ਼ਟਰੀ ਡੇਂਗੂ ਦਿਵਸ ਮਨਾਉਂਦੇ ਸਮੇਂ ਪ੍ਰਿਤਪਾਲ ਸਿੰਘ ਤੂਰ ਸਿਹਤ ਇੰਸਪੈਕਟਰ ਨੇ ਕਿਹਾ ਕਿ ਇਸ ਸਾਲ ਰਾਸ਼ਟਰੀ ਡੇਂਗੂ ਦਿਵਸ ਤੇ ‘ਆਉ ਭਾਈਚਾਰੇ ਨਾਲ ਜੁੜਕੇ, ਡੇਂਗੂ ਨੂੰ ਕੰਟਰੋਲ ਕਰੀਏ’ ਥੀਮ ਨਾਲ ਲੋਕਾਂ ਨੂੰ ਜਾਗਰੂਕ ਕਰਨ ਲਈ ਵਿਸ਼ੇਸ਼ ਮੁਹਿੰਮ ਚਲਾਈ ਗਈ।
ਉਨ੍ਹਾਂ ਕਿਹਾ ਕਿ ਗਰਮੀ ਅਤੇ ਬਰਸਾਤ ਦੇ ਮੌਸਮ ਦੌਰਾਨ ਡੇਂਗੂ, ਚਿਕਨਗੂਨੀਆ ਅਤੇ ਮਲੇਰੀਆ ਬੁਖਾਰ ਤੋਂ ਬਚਾਅ ਲਈ ਉਪਰਾਲੇ ਕਰਨਾ ਸਾਡੀ ਸਾਰਿਆਂ ਦੀ ਜਿੰਮੇਵਾਰੀ ਬਣਦੀ ਹੈ। ਰਣਜੀਤ ਸਿੰਘ ਐੱਸ.ਆਈ ਨੇ ਦੱਸਿਆ ਕਿ ਡੇਂਗੂ ਬੁਖਾਰ ਏਡੀਜ਼ ਮਾਦਾ ਮੱਛਰ ਦੇ ਕੱਟਣ ਨਾਲ ਹੁੰਦਾ ਹੈ। ਇਹ ਮੱਛਰ ਸਾਫ ਅਤੇ ਖੜ੍ਹੇ ਪਾਣੀ ਤੇ ਪੈਦਾ ਹੁੰਦਾ ਹੈ। ਇਸ ਲਈ ਹਰ ਹਫ਼ਤੇ ਕੂਲਰ, ਮਨੀਪਲਾਂਟ, ਫਰਿੱਜ ਦੀ ਟਰੇਅ ਆਦਿ ਦਾ ਪਾਣੀ ਬਦਲਣਾ ਚਾਹੀਦਾ ਹੈ ਤਾਂ ਜੋ ਮੱਛਰਾਂ ਦੀ ਪੈਦਾਇਸ਼ ਹੀ ਨਾ ਹੋਣ ਦਿੱਤੀ ਜਾਵੇ। ਇਸ ਮੌਕੇ ਜਗਦੇਵ ਰਾਜ, ਭੁਪਿੰਦਰ ਸਿੰਘ ਸਕੂਲ ਦੇ ਮੁੱਖ ਅਧਿਆਪਕ, ਹੋਰ ਸਟਾਫ ਮੈਂਬਰ ਅਤੇ ਬੱਚੇ ਹਾਜ਼ਿਰ ਸਨ। Author : Malout Live