'ਨਾਨਕ ਬਗੀਚੀ'' ਤਹਿਤ ਲਾਏ ਜਾ ਰਹੇ ਪੌਦਿਆਂ ਨੂੰ ਅਵਾਰਾ ਪਸ਼ੂਆਂ ਤੋਂ ਬਚਾਉਣਗੇ ਜੀ.ਓ.ਜੀ – ਹਰਪ੍ਰੀਤ ਸਿੰਘ
ਮਲੋਟ (ਆਰਤੀ ਕਮਲ):- ਪੰਜਾਬ ਦੇ ਹਰ ਪਿੰਡ ਵਿਚ ਨਾਨਕ ਬਗੀਚੀ ਤਹਿਤ ਲਾਏ ਜਾ ਰਹੇ ਪੌਦਿਆਂ ਦੀ ਪੂਰੀ ਤਰਾਂ ਸਹੀ ਸਾਂਭ ਸੰਭਾਲ ਹੋਵੇ ਅਤੇ ਇਹਨਾਂ ਨੂੰ ਅਵਾਰਾ ਪਸ਼ੂਆਂ ਤੋਂ ਬਚਾਇਆ ਜਾ ਸਕੇ । ਇਸ ਗੱਲ ਨੂੰ ਯਕੀਨੀ ਬਣਾਉਣ ਲਈ ਪੰਜਾਬ ਸਰਕਾਰ ਵੱਲੋਂ ਸਾਬਕਾ ਫੌਜੀਆਂ ਨਾਲ ਸ਼ੁਰੂ ਕੀਤੀ ਸੰਸਥਾ ਗਾਰਡੀਐਂਸ ਆਫ ਗਵਰਨੈਂਸ (ਜੀ.ਓ.ਜੀ) ਭਾਵ ਖੁਸ਼ਹਾਲੀ ਦੇ ਰਾਖਿਆਂ ਤਹਿਸੀਲ ਮਲੋਟ ਦੀ ਇਕ ਅਹਿਮ ਮੀਟਿੰਗ ਇੰਚਾਰਜ ਸਾਬਕਾ ਵਰੰਟ ਅਫਸਰ ਹਰਪ੍ਰੀਤ ਸਿੰਘ ਦੀ ਅਗਵਾਈ ਵਿਚ ਮਲੋਟ ਦਫਤਰ ਵਿਖੇ ਹੋਈ । ਇਸ ਮੌਕੇ ਜੀ.ਓ.ਜੀ ਨੂੰ ਸੰਬੋਧਨ ਕਰਦਿਆਂ ਸਾਬਕਾ ਵਰੰਟ ਅਫਸਰ ਨੇ ਹਿਦਾਇਤ ਕੀਤੀ ਕਿ ਸ਼ੋਸ਼ਲ ਮੀਡੀਆ ਤੇ ਗਲਤ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਪੰਜਾਬ ਸਰਕਾਰ ਵੱਲੋਂ ਹਰ ਪਿੰਡ ਵਿਚ ਲਾਏ ਜਾ ਰਹੇ 550 ਪੌਦੇ ਸਿਰਫ ਅਵਾਰਾ ਪਸ਼ੂਆਂ ਦੀ ਖੁਰਾਕ ਬਣ ਰਹੇ ਹਨ । ਉਹਨਾਂ ਸਮੂਹ ਜੀ.ਓ.ਜੀ ਨੂੰ ਕਿਹਾ ਕਿ ਉਹ ਆਪਣੇ ਪਿੰਡਾਂ ਵਿਚ ਇਹ ਯਕੀਨੀ ਬਣਾਉਣਗੇ ਕਿ ਇਹ ਪੌਦੇ ਚਾਰਦਿਵਾਰੀ ਅੰਦਰ ਲੱਗੇ ਹਨ ਅਤੇ ਬਾਹਰ ਤਾਰ ਜਾਂ ਆਰਜੀ ਗੇਟ ਨਾਲ ਰਸਤਾ ਬੰਦ ਹੈ । ਜਿਹੜੇ ਪੌਦੇ ਖੁਲ੍ਹੇ ਵਿਚ ਲੱਗੇ ਹਨ ਉਥੇ ਵੀ ਬਾਂਸ ਦੇ ਸੁਰੱਖਿਆ ਕਵਚ ਬਣਾਏ ਜਾਣਗੇ ਜਿਸ ਬਾਰੇ ਇਕ ਫੌਜੀ ਨੂੰ ਪੂਰਾ ਤਜਰਬਾ ਹੁੰਦਾ ਹੈ । ਇਸ ਮੀਟਿੰਗ ਵਿਚ ਤੰਦਰੁਸਤ ਪੰਜਾਬ ਮੁਹਿੰਮ ਤਹਿਤ ਪਹਿਲਾਂ ਤੋਂ ਹੀ ਜੀ.ਓ.ਜੀ ਵੱਲੋਂ ਨਸ਼ਿਆਂ ਖਿਲਾਫ ਬਹੁਤ ਵਧੀਆ ਨਿਭਾਈ ਜਾ ਰਹੀ ਭੂਮਿਕਾ ਦੀ ਉਹਨਾਂ ਸ਼ਲਾਘਾ ਕਰਦਿਆਂ ਇਸ ਮੁਹਿੰਮ ਨੂੰ ਹੋਰ ਤੇਜ ਕਰਦਿਆਂ ਇਸ ਦਲਦਲ ਵਿਚ ਫਸ ਚੁੱਕੇ ਨੌਜਵਾਨਾਂ ਨੂੰ ਨਸ਼ਾ ਛੁਡਾਊ ਕੇਂਦਰਾਂ ਵਿਖੇ ਭਰਤੀ ਕਰਵਾਉਣ ਲਈ ਕਿਹਾ । ਜੀ.ਓ.ਜੀ ਇੰਚਾਰਜ ਹਰਪ੍ਰੀਤ ਸਿੰਘ ਨੇ ਕਿਹਾ ਕਿ ਮਲੋਟ ਦੇ ਐਸ.ਡੀ.ਐਮ ਗੋਪਾਲ ਸਿੰਘ ਦੀ ਅਗਵਾਈ ਵਿਚ ਪੌਦੇ ਲਗਾਉਣ ਅਤੇ ਨਸ਼ਾ ਛੁਡਾਊ ਮੁਹਿੰਮ ਦੋਨਾਂ ਤਹਿਤ ਹੀ ਬਹੁਤ ਸੰਜੀਦਗੀ ਨਾਲ ਕੰਮ ਹੋ ਰਿਹਾ ਹੈ ਅਤੇ ਬਹੁਤ ਹੀ ਸਾਰਥਕ ਸਿੱਟੇ ਨਿੱਕਲ ਰਹੇ ਹਨ । ਉਹਨਾਂ ਸਰਕਾਰੀ ਸਕੀਮਾਂ ਦਾ ਲਾਭ ਆਮ ਲੋਕਾਂ ਨੂੰ ਯਕੀਨੀ ਬਣਾਉਣ ਲਈ ਵੀ ਜੀ.ਓ.ਜੀ ਨੂੰ ਹੋਰ ਮਿਹਨਤ ਕਰਨ ਦੀ ਪ੍ਰੇਰਨਾ ਦਿੱਤੀ । ਇਸ ਮੌਕੇ ਡਾਟਾ ਐਂਟਰੀ ਉਪਰੇਟਰ ਨਵਜੋਤ ਸਿੰਘ ਤਰਮਾਲਾ, ਕੈਪਟਨ ਰਘੁਬੀਰ ਸਿੰਘ ਖੇਮਾਖੇੜਾ, ਕੈਪਟਨ ਹਰਜਿੰਦਰ ਸਿੰਘ ਕੱਖਾਂਵਾਲੀ, ਸੂਬੇਦਰ ਇਕਬਾਲ ਸਿੰਘ, ਹੌਲਦਾਰ ਵਲਾਇਤ ਸਿੰਘ ਖਾਨੇ ਕੀ ਢਾਬ, ਸੂਬੇਦਾਰ ਤਜਿੰਦਰ ਸਿੰਘ, ਸੂਬੇਦਾਰ ਸੁਖੇਦਵ ਸਿੰਘ ਘੁਮਿਆਰਾ, ਤਰਸੇਮ ਸਿੰਘ ਲੰਬੀ, ਅਮਰਜੀਤ ਸਿੰਘ ਮਿੱਡਾ, ਸੁਰਜੀਤ ਸਿੰਘ ਆਲਮਵਾਲਾ ਅਤੇ ਅਮਰੀਕ ਸਿੰਘ ਕਟੋਰੇਵਾਲਾ ਆਦਿ ਸਮੇਤ ਵੱਖ ਵੱਖ ਪਿੰਡਾਂ ਦੇ ਜੀ.ਓ.ਜੀ ਹਾਜਰ ਸਨ ।