ਮੱਛਰਾਂ ਦੀ ਰੋਕਥਾਮ ਲਈ ਬਲਾਕ ਆਲਮਵਾਲਾ ਦੇ ਸਾਰੇ ਪਿੰਡਾਂ ਵਿੱਚ ਐਂਟੀ ਲਾਰਵਾ ਦਾ ਕੀਤਾ ਛਿੜਕਾਅ - ਡਾ. ਜਗਦੀਪ ਚਾਵਲਾ

ਮਲੋਟ:- ਬਰਸਾਤਾਂ ਦੇ ਮੌਸਮ ਦੇ ਚੱਲਦਿਆਂ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਵਿਖੇ ਬਹੁਤ ਜਿਆਦਾ ਬਾਰਿਸ਼ ਹੋਣ ਕਰਕੇ ਬਲਾਕ ਆਲਮਵਾਲਾ ਦੇ ਕਾਫ਼ੀ ਪਿੰਡਾਂ ਵਿੱਚ ਹੜ੍ਹ ਵਰਗੀ ਸਥਿਤੀ ਪੈਦਾ ਹੋ ਗਈ ਹੈ। ਜਿਸ ਕਰਕੇ ਖੇਤਾਂ ਵਿੱਚ ਅਤੇ ਪਿੰਡਾਂ ਵਿੱਚ ਪਾਣੀ ਖੜ੍ਹਾ ਹੋਣ ਕਰਕੇ ਮੱਛਰ ਪੈਦਾ ਹੋ ਗਿਆ ਹੈ। ਇਹਨਾਂ ਗੱਲਾਂ ਦਾ ਪ੍ਰਗਟਾਵਾ ਡਾ. ਜਗਦੀਪ ਚਾਵਲਾ ਸੀਨੀਅਰ ਮੈਡੀਕਲ ਅਫ਼ਸਰ ਆਲਮਵਾਲਾ ਵੱਲੋਂ ਕੀਤਾ ਗਿਆ। ਉਹਨਾਂ ਦੱਸਿਆ ਕਿ ਪਾਣੀ ਦੇ ਕਾਰਨ ਮਲੇਰੀਆ ਤੇ ਡੇਂਗੂ ਵਰਗੀਆਂ ਬਿਮਾਰੀਆਂ ਫੈਲਣ ਦਾ ਖਤਰਾ ਪੈਦਾ ਹੋ ਗਿਆ। ਇਸ ਲਈ ਮੱਛਰ ਦੇ ਲਾਰਵੇ ਨੂੰ ਖਤਮ ਕਰਨ ਲਈ ਬਲਾਕ ਆਲਮਵਾਲਾ ਦੇ ਲਗਭਗ ਸਾਰੇ ਪਿੰਡਾਂ ਅੰਦਰ ਨਾਲੀਆਂ ਵਿੱਚ ਐਟੀਲਾਰਵਾ ਦਾ ਛਿੜਕਾਅ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਇਸ ਸੰਬੰਧੀ ਲੋਕਾਂ ਨੂੰ ਜਾਗਰੂਕ ਰਹਿਣਾ ਚਾਹੀਦਾ ਹੈ ਤਾਂ ਜੋ ਮਲੇਰੀਆ, ਡੇਂਗੂ ਵਰਗੀ ਬਿਮਾਰੀ ਤੋ ਬਚਿਆ ਜਾ ਸਕੇ। ਮਲੇਰੀਆ ਤੇ ਡੇਂਗੂ ਬੁਖਾਰ ਮੱਛਰ ਦੇ ਕੱਟਣ ਨਾਲ ਹੁੰਦਾ ਹੈ। ਇਸ ਤੋਂ ਬਚਾਅ ਲਈ ਦਿਨ ਅਤੇ ਰਾਤ ਨੂੰ ਸੌਣ ਸਮੇਂ ਮੱਛਰਦਾਨੀ ਦੀ ਵਰਤੋਂ ਕੀਤੀ ਜਾਵੇ, ਘਰਾਂ ਦੀਆਂ ਛੱਤਾਂ ਉੱਪਰ ਪਏ ਟਾਇਰਾਂ ਜਾ ਸਾਮਾਨ, ਗਮਲਿਆਂ, ਫਰਿੱਜ ਦੀ ਟ੍ਰੇਅ, ਕੂਲਰਾਂ, ਪਾਣੀ ਦੀਆਂ ਟੈਕੀਆਂ ਨੂੰ ਢੱਕ ਕਿ ਰੱਖੋ ਤੇ ਹਫ਼ਤੇ ਵਿੱਚ ਇੱਕ ਵਾਰ ਇਹਨਾਂ ਵਿੱਚੋਂ ਪਾਣੀ ਸੁੱਕਾ ਦਿੱਤਾ ਜਾਵੇ। ਇਸ ਤੋ ਇਲਾਵਾ ਨੀਵੀਆਂ ਥਾਵਾਂ ਤੇ ਪਾਣੀ ਨੂੰ ਇੱਕਠਾ ਨਾ ਹੋਣ ਦਿੱਤਾ ਜਾਵੇ, ਘਰਾਂ ਦੇ ਆਲੇ-ਦੁਆਲੇ ਨਾਲੀਆਂ ਵਿੱਚ ਕਾਲਾ ਤੇਲ ਪਾ ਦਿੱਤਾ ਜਾਵੇ।ਇਸ ਤਰ੍ਹਾਂ ਪ੍ਰਹੇਜ ਰੱਖ ਕਿ ਅਸੀਂ ਆਪਣੇ ਆਪ ਨੂੰ ਮਲੇਰੀਆ ਤੇ ਡੇਂਗੂ ਵਰਗੀ ਬਿਮਾਰੀ ਤੋ ਬਚਾਅ ਸਕਦੇ ਹਾਂ। Author: Malout Live