ਜ਼ਿਲ੍ਹੇ ਵਿੱਚ ਪਿਛਲੇ 15 ਦਿਨਾਂ ਵਿੱਚ 1500 ਤੋਂ ਵੱਧ ਮਰੀਜਾਂ ਨੇ ਆਮ ਆਦਮੀ ਕਲੀਨਿਕ ਦਾ ਲਾਭ ਕੀਤਾ ਪ੍ਰਾਪਤ- ਡਾ. ਰੰਜੂ ਸਿੰਗਲਾ

ਮਲੋਟ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਲੋਕਾਂ ਨਾਲ ਕੀਤੇ ਵਧੀਆ ਸਿਹਤ ਸਹੂਲਤਾਂ ਦੇ ਵਾਅਦੇ ਨੂੰ ਪੂਰੇ ਕਰਦਿਆਂ ਹੋਇਆ ਅਜ਼ਾਦੀ ਦੇ 75ਵੇਂ ਅਮ੍ਰਿੰਤ ਮਹਾਂ ਉਤਸਵ ਮੌਕੇ ਪੰਜਾਬ ਵਿੱਚ ਆਮ ਆਦਮੀ ਕਲੀਨਿਕ ਸ਼ੁਰੂ ਕੀਤੇ ਗਏ। ਜਿਸ ਦੌਰਾਨ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਪਿੰਡ ਭਾਗਸਰ ਅਤੇ ਭੂੰਦੜ ਵਿਖੇ ਆਮ ਆਦਮੀ ਕਲੀਨਿਕਾਂ ਦੀ ਸ਼ੁਰੂਆਤ ਕੀਤੀ ਗਈ। ਇਸ ਸੰਬੰਧ ਵਿੱਚ ਜਾਣਕਾਰੀ ਸਾਂਝੀ ਕਰਦਿਆਂ ਸਿਵਲ ਸਰਜਨ ਡਾ. ਰੰਜੂ ਸਿੰਗਲਾ ਸ਼੍ਰੀ ਮੁਕਤਸਰ ਸਾਹਿਬ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ ਆਮ ਆਦਮੀ ਕਲੀਨਿਕ ਲੋਕਾਂ ਲਈ ਵਰਦਾਨ ਸਾਬਿਤ ਹੋ ਰਹੇ ਹਨ।

ਇਸ ਦੌਰਾਨ ਉਹਨਾਂ ਕਿਹਾ ਕਿ ਪਿੰਡ ਭਾਗਸਰ ਅਤੇ ਭੂੰਦੜ ਵਿੱਚ ਜੋ ਆਮ ਆਦਮੀ ਕਲੀਨਿਕ ਖੋਲ੍ਹੇ ਗਏ ਹਨ, ਉਹਨਾਂ ਵਿੱਚ ਇੱਕ-ਇੱਕ ਡਾਕਟਰ ਦੇ ਨਾਲ ਹੋਰ ਸਟਾਫ਼ ਫਾਰਮਾਸਿਸਟ ਅਤੇ ਕਲੀਨਿਕਲ ਸਹਾਇਕ ਤੈਨਾਤ ਕਰ ਦਿੱਤੇ ਗਏ ਹਨ। ਜਿਹਨਾਂ ਵੱਲੋਂ ਮੌਕੇ ‘ਤੇ ਹੀ ਮਰੀਜਾਂ ਦਾ ਚੈੱਕਅੱਪ ਕਰਕੇ ਹਰ ਤਰ੍ਹਾਂ ਦੀਆਂ ਦਵਾਈਆਂ ਮੁਫ਼ਤ ਦਿੱਤੀਆਂ ਜਾ ਰਹੀਆਂ ਹਨ ਅਤੇ ਲੈਬ ਟੈਸਟ ਵੀ ਮੁਫ਼ਤ ਕੀਤੇ ਜਾ ਰਹੇ ਹਨ। ਉਹਨਾਂ ਕਿਹਾ ਕਿ ਜ਼ਿਲ੍ਹੇ ਵਿੱਚ 2 ਮੁਹੱਲਾ ਕਲੀਨਿਕਾਂ ਵੱਲੋਂ ਪਿਛਲੇ 15 ਦਿਨਾਂ ਵਿੱਚ 1500 ਤੋਂ ਵੱਧ ਮਰੀਜਾਂ ਨੂੰ ਸਿਹਤ ਸਹੂਲਤਾਂ ਦਿੱਤੀਆਂ ਗਈਆਂ ਹਨ ਅਤੇ ਇਹ ਸੇਵਾਵਾਂ ਲਗਾਤਾਰ ਜਾਰੀ ਹਨ। ਇਸ ਸੰਬੰਧ ਵਿੱਚ ਡਾ. ਕਿਰਨਦੀਪ ਕੌਰ ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਵੱਲੋਂ ਆਮ ਆਦਮੀ ਕਲੀਨਿਕ ਭਾਗਸਰ ਦਾ ਦੌਰਾ ਕੀਤਾ ਗਿਆ ਅਤੇ ਦਿੱਤੀਆਂ ਜਾ ਰਹੀਆਂ ਸੇਵਾਂਵਾਂ ਦੀ ਸਮੀਖਿਆ ਕੀਤੀ। Author: Malout Live