ਬੇਜੁਬਾਨ ਪੰਛੀਆਂ ਲਈ ਮਸੀਹਾਂ ਬਣਿਆ ਇਹ ਵਿਅਕਤੀ
ਪੰਛੀਆਂ ਦੀ ਚੀਂ-ਚੀਂ ਅਤੇ ਚਹਿਕ ਮਹਿਕ ਨੂੰ ਹਰ ਕੋਈ ਸੁਣਨਾ ਪਸੰਦ ਕਰਦਾ ਹੈ, ਜਿਸ ਕਾਰਨ ਬਹੁਤ ਸਾਰੇ ਲੋਕਾਂ ਦਾ ਦਿਲ ਪੰਛੀਆਂ ਨਾਲ ਖੇਡਣ ਨੂੰ ਕਰਦਾ ਹੈ। ਅਜਿਹਾ ਹੀ ਇਕ ਇਨਸਾਨ ਮੋਗਾ ਸ਼ਹਿਰ ’ਚ ਰਹਿ ਰਿਹਾ ਹੈ, ਜੋ ਬੇਜੁਬਾਨ ਪੰਛੀਆਂ ਨਾਲ ਦੋਸਤੀ ਕਰਕੇ ਉਨ੍ਹਾਂ ਦੇ ਲਈ ਲਕੜੀ ਦੇ ਘਰ ਬਣਾ ਰਿਹਾ ਹੈ। ਬਿਕਰਮ ਸਿੰਘ ਪੁੱਤਰ ਨਿਰੰਜਨ ਸਿੰਘ ਵਾਸੀ ਕਰਤਾਰ ਨਗਰ ਮੋਗਾ ਪਿਛਲੇ ਕਈ ਸਾਲਾ ਤੋਂ ਪੰਛੀਆਂ ਦੀ ਦੇਖਭਾਲ ਕਰਨ ਦੇ ਨਾਲ-ਨਾਲ ਉਨ੍ਹਾਂ ਦੇ ਰਹਿਣ ਵਸੇਰੇ ਬਣਾਉਣ ਦੇ ਯਤਨ ਕਰ ਰਿਹਾ ਹੈ, ਜਿਨ੍ਹਾਂ ’ਚ ਅੱਜ ਵੱਡੀ ਗਿਣਤੀ ’ਚ ਪੰਛੀ ਰਹਿ ਰਹੇ ਹਨ।
ਬਿਕਰਮ ਪੰਛੀਆਂ ਦੇ ਰਹਿਣ ਲਈ 300 ਤੋਂ ਵੱਧ ਲਕੜੀ ਦੇ ਰਹਿਣ ਬਸੇਰੇ ਬਣਾ ਚੁੱਕਾ ਹੈ, ਜਿਨ੍ਹਾਂ ਨੂੰ ਉਹ ਮੁਫਤ ’ਚ ਲੋਕਾਂ ਨੂੰ ਦਾਨ ਕਰਦੇ ਹਨ। ਸ਼ਹਿਰਾਂ ਅਤੇ ਪਿੰਡਾਂ ’ਚ ਰਹਿਣ ਵਾਲੇ ਬਹੁਤ ਸਾਰੇ ਲੋਕ ਬਿਕਰਮ ਸਿੰਘ ਤੋਂ ਮੁਫਤ ’ਚ ਆਲ੍ਹਣੇ ਲੈ ਕੇ ਜਾਂਦੇ ਹਨ। ਬਿਕਰਮ ਸਿੰਘ ਨੇ ਦੱਸਿਆ ਕਿ ਉਹ ਆਪਣੀ ਸਾਰੀ ਕਮਾਈ ਪੰਛੀਆਂ ਦੇ ਆਲ੍ਹਣੇ ਬਣਾਉਣ ’ਚ ਲੱਗਾ ਦਿੰਦੇ ਹਨ। ਉਨ੍ਹਾਂ ਪੰਛੀਆਂ ਦੇ ਲਈ ਲਕੜੀ ਦੇ ਬਹੁਤ ਸਾਰੇ ਰੈਣ ਬਸੇਰੇ ਭਾਵ ਆਲ੍ਹਣੇ ਬਣਾ ਕੇ ਦਰੱਖਤਾਂ, ਪੁੱਲਾਂ, ਸੜਕਾਂ ਅਤੇ ਖੰਭਿਆਂ ’ਤੇ ਟੰਗੇ ਹੋਏ ਹਨ। ਉਨ੍ਹਾਂ ਕਿਹਾ ਕਿ ਕੁਦਰਤ ਦੇ ਹਰ ਪੰਛੀ ਤੇ ਜਾਨਵਰ ਨੂੰ ਜਿਉਣ ਦਾ ਅਧਿਕਾਰ ਹੈ ਇਸ ਲਈ ਮਨੁੱਖ ਨੂੰ ਪੰਛੀਆਂ ਤੇ ਹੋਰ ਜੀਵਾਂ ਦੇ ਰਹਿਣ,ਖਾਣ-ਪੀਣ ਤੇ ਹੋਰ ਸਾਂਭ-ਸੰਭਾਲ ਵਿਚ ਬਣਦਾ ਯੋਗਦਾਨ ਪਾਉਣਾ ਚਾਹੀਦਾ ਹੈ।