ਪੰਜਾਬ ਸਰਕਾਰ ਨੇ ਬੱਸ ਯਾਤਰੀਆਂ ਨੂੰ ਦਿੱਤਾ ਝਟਕਾ, ਵਧਾਇਆ ਬੱਸਾਂ ਦਾ ਕਿਰਾਇਆ
ਸਾਲ 2020 ਦੀ ਸ਼ੁਰੂਆਤ ਤੋ ਪਹਿਲਾਂ ਹੀ ਮਹਿੰਗਾਈ ਦੀ ਮਾਰ ਝੱਲ ਰਹੀ ਜਨਤਾ ਨੂੰ ਪੰਜਾਬ ਸਰਕਾਰ ਨੇ ਬਿਜਲੀ ਤੋਂ ਬਾਅਦ ਹੁਣ ਬੱਸਾਂ ਦੇ ਕਿਰਾਏ ਵਿਚ ਵਾਧਾ ਕਰਕੇ ਇਕ ਹੋਰ ਝੱਟਕਾ ਲਗਾ ਦਿੱਤਾ ਹੈ। ਪਹਿਲਾਂ ਹੀ ਬਹੁਤ ਮਹਿੰਗੀ ਬਿਜਲੀ ਦਾ ਲੋਕ ਵਿਰੋਧ ਕਰ ਰਹੇ ਸਨ ਤਾਂ ਹੁਣ ਬੱਸਾਂ ਦੇ ਕਿਰਾਏ ਵਿਚ ਭਾਵੇ ਕਿ 2 ਪੈਸੇ ਪ੍ਰਤੀ ਕਿਲੋ ਮੀਟਰ ਦਾ ਵਾਧਾ ਕੀਤਾ ਹੈ ਪਰ ਇਸ ਨਾਲ ਕਿਰਾਏ ਵਿਚ ਕਾਫੀ ਵਾਧਾ ਹੋ ਜਾਵੇਗਾ। ਆਮ ਲੋਕਾਂ ਦਾ ਕਹਿਣਾ ਹੈ ਕਿ ਮਹਿੰਗਾਈ ਨੇ ਪਹਿਲਾਂ ਹੀ ਨੇ ਉਨ੍ਹਾਂ ਦਾ ਲੱਕ ਤੋੜ ਦਿੱਤਾ ਹੈ ਤੇ ਪੰਜਾਬ ਸਰਕਾਰ ਲੋਕਾਂ ਨੂੰ ਕੋਈ ਸਹੂਲਤ ਦੇਣ ਦੀ ਬਜਾਏ ਮਹਿੰਗਾਈ ਹੋਰ ਕਰ ਰਹੀ ਹੈ।ਓਧਰ ਦੂਜੇ ਪਾਸੇ ਬੱਸ ਟਰਾਂਸਪੋਟਰ ਵੀ ਵਧੇ ਕਿਰਾਏ ਤੋ ਖੁਸ਼ ਨਜ਼ਰ ਨਹੀ ਆ ਰਹੇ ਉਨ੍ਹਾਂ ਦਾ ਕਹਿਣਾ ਹੈ ਕਿਰਾਏ ਵਧਾਉਣ ਦੀ ਬਜਾਏ ਸਰਕਾਰ ਨੂੰ ਟੈਕਸ ਤੇ ਡੀਜਲ ਘਟਾਉਣਾ ਚਾਹੀਦਾ ਹੈ ਕਿਉਂਕਿ ਕਿਰਾਏ ਵਧਾਉਣ ਨਾਲ ਉਨ੍ਹਾਂ ਦਾ ਕੰਮ ਵਧਦਾ ਨਹੀ ਸਗੋਂ ਠੱਪ ਹੋ ਰਿਹਾ ਹੈ। ਪੰਜਾਬ ਟਰਾਂਸਪੋਰਟ ਵਿਭਾਗ ਵੱਲੋਂ ਜਾਰੀ ਨੋਟੀਫਿਕੇਸ਼ਨ ਮੁਤਾਬਕ, ਸਧਾਰਣ ਬੱਸਾਂ ਦਾ ਕਿਰਾਇਆ 1 ਜਨਵਰੀ 2020 ਤੋਂ 1.16 ਰੁਪਏ ਪ੍ਰਤੀ ਕਿਲੋਮੀਟਰ ਕਰ ਦਿੱਤਾ ਗਿਆ ਹੈ, ਜੋ ਪਹਿਲਾਂ 1.14 ਰੁਪਏ ਪ੍ਰਤੀ ਕਿਲੋਮੀਟਰ ਸੀ। ਪੰਜਾਬ ਸਰਕਾਰ ਦਾ ਕਹਿਣਾ ਹੈ ਕਿ 2 ਪੈਸੇ ਦੇ ਵਾਧੇ ਦੇ ਹਿਸਾਬ ਨਾਲ ਜਿਸ ਰੂਟ 'ਤੇ ਕਿਰਾਇਆ 2.50 ਰੁਪਏ ਜਾਂ ਇਸ ਤੋਂ ਉਪਰ ਵਧਿਆ ਹੈ ਉੱਥੇ ਮੌਜੂਦਾ ਕਿਰਾਏ ਤੋਂ 5 ਰੁਪਏ ਵੱਧ ਚਾਰਜ ਕੀਤੇ ਜਾਣਗੇ।