ਆਵਾਰਾ ਪਸ਼ੂਆਂ ਦੀ ਸਮੱਸਿਆ ਨੂੰ ਲੈ ਕੇ ਮਾਨਸਾ ਜ਼ਿਲਾ ਪੂਰਨ ਤੌਰ 'ਤੇ ਬੰਦ

ਮਾਨਸਾ : ਆਵਾਰਾ ਪਸ਼ੂਆਂ ਨਾਲ ਹੋ ਰਹੀਆਂ ਮੌਤਾਂ ਨੂੰ ਮੁੱਖ ਰੱਖਦਿਆਂ ਅੱਜ ਮਾਨਸਾ ਜ਼ਿਲਾ ਪੂਰਨ ਤੌਰ 'ਤੇ ਬੰਦ ਰਿਹਾ। ਇਸ ਮੌਕੇ ਸਰਦੂਲਗੜ੍ਹ, ਬੁਢਲਾਡਾ, ਬੋਹਾ, ਝੁਨੀਰ ਸਮੇਤ ਵੱਖ-ਵੱਖ ਥਾਵਾਂ 'ਤੇ ਲੋਕਾਂ ਨੇ ਪੰਜਾਬ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕਰਦਿਆਂ ਮੰਗ ਕੀਤੀ ਕਿ ਢੱਠਿਆਂ ਦੇ ਹੱਲ ਲਈ ਫੌਰੀ ਤੌਰ 'ਤੇ ਬੁੱਚੜਖਾਨੇ ਖੋਲ੍ਹੇ ਜਾਣ ਤਾਂ ਕਿ ਕੀਮਤੀ ਜਾਨਾਂ ਬਚ ਸਕਣ। ਅੱਜ ਮਾਨਸਾ ਸ਼ਹਿਰ ਦੇ ਮੇਨ ਬਾਰ੍ਹਾਂ ਹੱਟਾਂ ਚੌਕ ਵਿਖੇ ਮਾਨਸਾ ਵਾਸੀ ਇਕੱਠੇ ਹੋਏ ਅਤੇ ਪੰਜਾਬ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕਰਦੇ ਹੋਏ ਵੱਖ-ਵੱਖ ਬਜ਼ਾਰਾਂ ਵਿਚੋਂ ਹੁੰਦੇ ਹੋਏ ਜ਼ਿਲਾ ਕਚਹਿਰੀ ਵਿਖੇ ਪੁੱਜੇ, ਜਿੱਥੇ ਵਿਸ਼ਾਲ ਧਰਨਾ ਲਗਾਇਆ ਗਿਆ। ਧਰਨੇ ਨੂੰ ਸੰਬੋਧਨ ਕਰਦਿਆਂ ਆੜ੍ਹਤੀਆ ਐਸੋਸੀਏਸ਼ਨ ਅਤੇ ਵਪਾਰ ਮੰਡਲ ਦੇ ਪ੍ਰਧਾਨ ਬੱਬੀ ਦਾਨੇਵਾਲੀਆ, ਕਰਿਆਣਾ ਯੂਨੀਅਨ ਦੇ ਪ੍ਰਧਾਨ ਸੁਰੇਸ਼ ਨੰਦਗੜ੍ਹੀਆ ਆਦਿ ਨੇ ਕਿਹਾ ਕਿ ਉਹ ਚਿੱਟੀ ਦੇਸੀ ਗਊ ਨੂੰ ਗਊ ਮਾਤਾ ਮੰਨਦੇ ਹੋਏ ਉਸ ਦਾ ਸਤਿਕਾਰ ਕਰਦੇ ਹਨ ਪਰ ਅਮਰੀਕਨ ਢੱਠੇ ਜੋ ਲੋਕਾਂ ਲਈ ਖੌਫ ਬਣੇ ਹੋਏ ਹਨ ਨੂੰ ਗਊਵੰਸ਼ ਅਤੇ ਦੁਧਾਰੂ ਪਸ਼ੂਆਂ ਦੀ ਨਸਲ ਵਿਚੋਂ ਬਾਹਰ ਕੱਢ ਕੇ ਕੱਟਿਆਂ, ਝੋਟਿਆਂ ਅਤੇ ਫੰਡਰ ਮੱਝਾਂ ਵਾਂਗ ਨਿਯਮਾਂ ਮੁਤਾਬਕ ਨਿਪਟਾਰਾ ਕੀਤਾ ਜਾਵੇ। ਇਸ ਮੌਕੇ ਹਰਿੰਦਰ ਸਿੰਘ ਮਾਨਸ਼ਾਹੀਆ, ਡਾ. ਤੇਜਿੰਦਰਪਾਲ ਸਿੰਘ ਰੇਖੀ, ਡਾ. ਸੱਤਪਾਲ, ਅਮਰਜੀਤ ਕਟੌਦੀਆ ਆਦਿ ਵੱਖ-ਵੱਖ ਸੰਸਥਾਵਾਂ ਦੇ ਨੁਮਾਇੰਦੇ ਹਾਜ਼ਰ ਸਨ।

<