ਜੀ.ਓ.ਜੀ ਨਾ ਦਾਣਾਮੰਡੀਆਂ ਵਿਚ ਲਿਆ ਝੋਨੇ ਨਰਮੇ ਦੀ ਖਰੀਦ ਦਾ ਜਾਇਜਾ
ਮਲੋਟ:- ਜੀ.ਓ.ਜੀ ਟੀਮ ਮਲੋਟ ਵੱਲੋਂ ਅੱਜ ਮਾਰਕੀਟ ਕਮੇਟੀ ਮਲੋਟ ਅਧੀਨ ਪੈਂਦੀਆਂ ਲੰਬੀ ਅਤੇ ਮਲੋਟ ਬਲਾਕ ਦੇ ਖਰੀਦ ਕੇਂਦਰਾਂ ਵਿਚ ਦੌਰਾ ਕਰਕੇ ਚਲ ਰਹੀ ਝੋਨੇ ਨਰਮੇ ਦੀ ਖਰੀਦ ਦਾ ਜਾਇਜਾ ਲਿਆ ਗਿਆ । ਇਸ ਟੀਮ ਦੀ ਅਗਵਾਈ ਤਹਿਸੀਲ ਮਲੋਟ ਦੇ ਇੰਚਾਰਜ ਵਰੰਟ ਅਫਸਰ ਹਰਪ੍ਰੀਤ ਸਿੰਘ ਖੁਦ ਕਰ ਰਹੇ ਸਨ । ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹਰਪ੍ਰੀਤ ਸਿੰਘ ਨੇ ਕਿਹਾ ਕਿ ਝੋਨੇ ਅਤੇ ਨਰਮੇ ਦੀ ਖਰੀਦ ਪੂਰੀ ਤਰਾਂ ਸੁਚਾਰੂ ਢੰਗ ਨਾਲ ਚਲ ਰਹੀ ਹੈ ਅਤੇ ਖਰੀਦੇ ਝੋਨੇ ਦੀ ਲਿਫਟਿੰਗ ਵੀ ਨਾਲ ਹੀ ਹੀ ਰਹੀ ਹੈ ।
ਉਹਨਾਂ ਕਿਹਾ ਕਿ ਕੁਝ ਕਿਸਾਨ ਮੰਡੀਆਂ ਵਿਚ ਗਿਲਾ ਝੋਨਾ ਲਿਆ ਰਹੇ ਹਨ ਜਿਸ ਕਰਕੇ ਗੇਟ ਤੇ ਮੌਜੂਦ ਕਰਮਚਾਰੀਆਂ ਵੱਲੋਂ ਟਰਾਲੀ ਮੋੜ ਦਿੱਤੀ ਜਾਂਦੀ ਹੈ ਜਿਸ ਕਰਕੇ ਉਹਨਾਂ ਨੂੰ ਮੁਸ਼ਕਲ ਆਉਂਦੀ ਹੈ । ਵਰੰਟ ਅਫਸਰ ਹਰਪ੍ਰੀਤ ਸਿੰਘ ਨੇ ਕਿਸਾਨਾਂ ਨੂੰ ਬੇਨਤੀ ਕੀਤੀ ਕਿ ਝੋਨਾ ਸੁੱਕਾ ਹੀ ਮੰਡੀਆਂ ਵਿਚ ਲੈ ਕੇ ਆਉਣ ਤਾਂ ਜੋ ਅੱਗੇ ਤਿਉਹਾਰਾਂ ਦੇ ਦਿਨਾਂ ਵਿਚ ਕਿਸਾਨਾਂ ਨੂੰ ਫਾਲਤੂ ਸਮਾਂ ਮੰਡੀਆਂ ਵਿਚ ਨਾ ਵਿਅਰਥ ਕਰਨਾ ਪਵੇ । ਉਹਨਾਂ ਦੱਸਿਆ ਕਿ ਲੰਬੀ ਹਲਕੇ ਦੇ ਕੁਝ ਖਰੀਦ ਕੇਂਦਰਾਂ ਵਿਚ ਪੈਖਾਨਿਆਂ ਦੇ ਦਰਵਾਜੇ ਨਾ ਹੋਣ ਦੀ ਸ਼ਿਕਾਇਤ ਸੀ ਜਿਸ ਸਬੰਧੀ ਸੈਕਟਰੀ ਮਾਰਕੀਟ ਕਮੇਟੀ ਮਲੋਟ ਗੁਰਪ੍ਰੀਤ ਸਿੰਘ ਨੇ ਦੱਸਿਆ ਤਾਂ ਉਹਨਾਂ ਤੁਰੰਤ ਇਹਦਾ ਹੱਲ ਕਰ ਲਈ ਕਾਮੇ ਭੇਜ ਦਿੱਤੇ ਹਨ । ਹਰਪ੍ਰੀਤ ਸਿੰਘ ਨੇ ਕਿਹਾ ਕਿ ਨਰਮੇ ਦੀ ਖਰੀਦ ਵੀ ਪਹਿਲਾਂ ਨਿੱਜੀ ਵਪਾਰੀਆਂ ਵੱਲੋਂ ਐਮ.ਐਸ.ਪੀ ਤੋਂ ਬਹੁਤ ਘੱਟ ਕੀਤੀ ਜਾ ਰਹੀ ਸੀ ਪਰ ਹੁਣ ਕਾਟਨ ਕਾਰਪੋਰੇਸ਼ਨ ਵੱਲੋਂ ਸਰਕਾਰੀ ਖਰੀਦ ਸ਼ੁਰੂ ਕਰਨ ਤੇ ਇਹ ਐਮ.ਐਸ.ਪੀ ਤੇ ਕੀਤੀ ਜਾ ਰਹੀ ਹੈ । ਇਸ ਮੌਕੇ ਉਹਨਾਂ ਨਾਲ ਸੁਰਜੀਤ ਸਿੰਘ ਆਲਮਵਾਲਾ, ਜਸਕੌਰ ਸਿੰਘ ਲੱਕੜਵਾਲਾ, ਵਲਾਇਤ ਸਿੰਘ ਖਾਨੇ ਕੀ ਢਾਬ, ਗੁਰਸੇਵਕ ਸਿੰਘ ਅਬੁਲਖੁਰਾਣਾ ਅਤੇ ਤਰਸੇਮ ਸਿੰਘ ਲੰਬੀ ਆਦਿ ਜੀ.ਓ.ਜੀ ਹਾਜਰ ਸਨ।