ਮਲੋਟ ਦੇ ਵਿਧਾਇਕ ਅਜਾਇਬ ਸਿੰਘ ਭੱਟੀ ਨੇ ਹਲਕੇ ਦੀਆਂ ਪੰਚਾਇਤਾਂ ਨੂੰ 3.71 ਕਰੋੜ ਦੀਆਂ ਗ੍ਰਾਂਟਾਂ ਕੀਤੀਆਂ ਤਕਸੀਮ

ਮਲੋਟ:- ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਅਤੇ ਮਲੋਟ ਦੇ ਵਿਧਾਇਕ ਅਜਾਇਬ ਸਿੰਘ ਭੱਟੀ ਨੇ ਬਲਾਕ ਵਿਕਾਸ ਅਤੇ ਪੰਚਾਇਤ ਦਫ਼ਤਰ ਵਿਖੇ ਹੋਏ ਸਮਾਗਮ ਦੌਰਾਨ ਹਲਕੇ ਦੀਆਂ ਪੰਚਾਇਤਾਂ ਨੂੰ ਵੱਖ-ਵੱਖ ਸਕੀਮਾਂ ਤਹਿਤ 3.71 ਕਰੋੜ ਦੇ ਚੈੱਕ ਭੇਂਟ ਕੀਤੇ। ਇਸ ਮੌਕੇ ਹਲਕੇ ਦੇ ਸਰਪੰਚਾਂ ਨੂੰ ਸੰਬੋਧਨ ਕਰਦਿਆਂ ਡਿਪਟੀ ਸਪੀਕਰ ਅਜਾਇਬ ਸਿੰਘ ਭੱਟੀ ਨੇ ਸਰਪੰਚਾਂ ਨੂੰ ਸੱਦਾ ਦਿੱਤਾ ਕਿ ਉਹ ਪਿੰਡਾਂ ਦੇ ਸਰਵਪੱਖੀ ਵਿਕਾਸ ਦੀ ਯੋਜਨਾਬੰਦੀ ਕਰਨ , ਉਨ੍ਹਾਂ ਨੇ ਕਿਹਾ ਕਿ ਸਰਕਾਰ ਵਲੋਂ ਵਿਕਾਸ ਲਈ ਫੰਡਾਂ ਦੀ ਕੋਈ ਘਾਟ ਨਹੀਂ ਆਉਣ ਦਿੱਤੀ ਜਾਵੇਗੀ ।ਉਨ੍ਹਾਂ ਨੇ ਕਿਹਾ ਕਿ ਪੰਚਾਇਤ ਪਿੰਡ ਦੀ ਸਰਕਾਰ ਹੈ ਅਤੇ ਗ੍ਰਾਮ ਪੰਚਾਇਤ ਦਾ ਉਦੇਸ਼ ਪਿੰਡ ਦੇ ਹਰ ਇਕ ਗਰੀਬ , ਪਿਛੜੇ ਵਿਅਕਤੀ ਦੀ ਤਰੱਕੀ ਹੋਣਾ ਚਾਹੀਦਾ ਹੈ । ਉਨ੍ਹਾਂ ਨੇ ਕਿਹਾ ਕਿ ਲੋਕਤੰਤਰ ਵਿਚ ਪੰਚਾਇਤ ਦੀ ਭੂਮਿਕਾ ਬਹੁਤ ਮਹੱਤਵਪੂਰਨ ਹੈ ਅਤੇ ਸਰਪੰਚਾਂ ਨੂੰ ਪਿੰਡਾਂ ਦੇ ਵਿਕਾਸ ਵਿਚ ਆਪਣੀ ਭੂਮਿਕਾ ਤਨਦੇਹੀ ਨਾਲ ਨਿਭਾਉਣੀ ਚਾਹੀਦੀ ਹੈ , ਉਨ੍ਹਾਂ ਨੇ ਕਿਹਾ ਕਿ ਪਿੰਡਾਂ ਦੇ ਲੋਕਾਂ ਨੂੰ ਸਰਕਾਰੀ ਸਕੀਮਾਂ ਦਾ ਲਾਭ ਮਿਲੇ ਇਸ ਲਈ ਸਰਪੰਚ ਲੋਕਾਂ ਦੀ ਸਹਾਇਤਾ ਕਰਨ । ਵਿਕਾਸ ਕਾਰਜਾਂ ਦਾ ਮੰਤਰ ਦੱਸਦਿਆਂ ਡਿਪਟੀ ਸਪੀਕਰ ਅਜਾਇਬ ਸਿੰਘ ਭੱਟੀ ਨੇ ਕਿਹਾ ਕਿ ਸਭ ਤੋਂ ਪਹਿਲਾਂ ਯੋਜਨਾਬੰਦੀ ਕਰੋ , ਫਿਰ ਐਸਟੀਮੇਟ ਤਿਆਰ ਕਰੋ ਤੇ ਸਰਕਾਰ ਨੂੰ ਭੇਜੋ , ਟ ਆਉਣ ਤੇ ਕੰਮ ਮੁਕੰਮਲ ਕਰੋ ਅਤੇ ਫਿਰ ਗੁੱਟ ਦਾ ਵਰਤੋਂ ਸਰਟੀਫਿਕੇਟ ਭੇਜੋ ਤਾਂ ਜੋ ਸਰਕਾਰ ਤੋਂ ਨਾਲੋਂ ਨਾਲ ਹੋਰ ਗ੍ਰਾਂਟ ਜਾਰੀ ਹੋ ਸਕੇ ।ਇਸ ਤੋਂ ਬਿਨਾਂ ਉਨ੍ਹਾਂ ਨੇ ਆਪਣੇ ਅਖਤਿਆਰੀ ਕੋਟੇ ਵਿਚ ਹਲਕੇ ਦੇ ਸਕੂਲਾਂ ਵਿਚ ਛੋਟੇ ਬੱਚਿਆਂ ਲਈ ਬੈਂਚ ਦੇਣ ਲਈ ਵੀ ਗ੍ਰਾਂਟ ਜਾਰੀ ਕੀਤੀ ਹੈ । ਉਨ੍ਹਾਂ ਕਿਹਾ ਕਿ ਗਰਮੀ ਸਰਦੀ ਵਿਚ ਪਹਿਲਾਂ ਇਨ੍ਹਾਂ ਬੱਚਿਆਂ ਨੂੰ ਥੱਲੇ ਦਰੀਆਂ ਤੇ ਬੈਠਣਾ ਪੈਂਦਾ ਸੀ ਪਰ ਹੁਣ ਇਹ ਬੱਚੇ ਬੈਂਚਾਂ ਤੇ ਬੈਠਣਗੇ । ਇਸ ਮੌਕੇ ਉਨ੍ਹਾਂ ਨੇ ਪੰਜਾਬ ਸਰਕਾਰ ਵੱਲੋਂ ਕੀਤੇ ਨਿਵੇਕਲੇ ਕਾਰਜ ਜਿਵੇਂ ਓਟ ਕਲੀਨਿਕਾਂ ਦੀ ਸਥਾਪਨਾ, ਮਿਸ਼ਨ ਤੰਦਰੁਸਤ ਪੰਜਾਬ, ਸਰਬੱਤ ਸਿਹਤ ਬੀਮਾ ਯੋਜਨਾ, ਸਮਾਰਟ ਵਿਲੇਜ ਸਕੀਮ, ਪੈਨਸ਼ਨ ਸਕੀਮਾਂ ਆਦਿ ਸਬੰਧੀ ਵੀ ਵਿਸਥਾਰ ਨਾਲ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਦਾ ਇੱਕਮਾਤਰ ਉਦੇਸ਼ ਸਮਾਜ ਦੇ ਹਰ ਵਰਗ ਦੀ ਭਲਾਈ ਹੀ ਹੈ । ਇਸ ਮੌਕੇ ਅਮਨਪ੍ਰੀਤ ਸਿੰਘ ਭੱਟੀ, ਐਸ. ਡੀ. ਐਮ. ਗੋਪਾਲ ਸਿੰਘ, ਨਾਇਬ ਤਹਿਸੀਲਦਾਰ ਅਜਿੰਦਰ ਸਿੰਘ, ਬੀ. ਡੀ. ਪੀ. ਓ. ਜਸਵੰਤ ਸਿੰਘ, ਕੁਸਮ ਅਗਰਵਾਲ , ਜਤਿੰਦਰ ਸਿੰਘ , ਕਾਰਜ ਸਾਧਕ ਅਫ਼ਸਰ ਜਗਸੀਰ ਸਿੰਘ, ਨੱਥੂ ਰਾਮ ਗਾਂਧੀ, ਭੁਪਿੰਦਰ ਸਿੰਘ ਰਾਮਨਗਰ, ਮਾਸਟਰ ਜਸਪਾਲ ਸਿੰਘ, ਸਰਬਜੀਤ ਸਿੰਘ ਕਾਕਾ ਬਰਾੜ, ਸੁਭਦੀਪ ਸਿੰਘ ਬਿੱਟੂ, ਬਲਕਰਨ ਸਿੰਘ ਔਲਖ ਸਮੇਤ ਹਲਕੇ ਦੇ ਪੰਚ ਸਰਪੰਚ ਸਾਹਿਬਾਨ ਹਾਜ਼ਰ ਸਨ ।