ਪੰਜਾਬ ਸਰਕਾਰ ਦੀ ਸਮਾਰਟ ਫੋਨ ਰਜਿਸਟਰੇਸ਼ਨ ਲਈ ਕੋਈ ਐਪ ਨਹੀ – ਜੀ.ਓ.ਜੀ ਹਰਪ੍ਰੀਤ ਸਿੰਘ

ਮਲੋਟ (ਆਰਤੀ ਕਮਲ):- ਸਾਈਬਰ ਕਰਾਈਮ ਦਿਨੋ ਦਿਨ ਵੱਧ ਰਿਹਾ ਹੈ ਜਿਸ ਕਰਕੇ ਸਰਕਾਰੀ ਸਕੀਮਾਂ ਦੇ ਨਾਮ ਤੇ ਲੋਕਾਂ ਨੂੰ ਅਕਸਰ ਗੁਮਰਾਹ ਕੀਤਾ ਜਾਂਦਾ ਹੈ । ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਜੀ.ਓ.ਜੀ ਤਹਿਸੀਲ ਮਲੋਟ ਦੇ ਇੰਚਾਰਜ ਸਾਬਕਾ ਵਰੰਟ ਅਫਸਰ ਹਰਪ੍ਰੀਤ ਸਿੰਘ ਨੇ ਕਰਦਿਆਂ ਦੱਸਿਆ ਕਿ ਸ਼ੋਸ਼ਲ ਮੀਡੀਆ ਤੇ ਪੰਜਾਬ ਸਰਕਾਰ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਾਮ ਤੇ ਇਕ ਲਿੰਕ ਘੁੰਮ ਰਿਹਾ ਹੈ ਜਿਸ ਵਿਚ ਸਰਕਾਰ ਤੋਂ ਸਮਾਰਟ ਫੋਨ ਲੈਣ ਲਈ ਰਜਿਸਟਰੇਸ਼ਨ ਕਰਵਾਉਣ ਲਈ ਕਿਹਾ ਜਾ ਰਿਹਾ ਹੈ ।

ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਅਜਿਹੀ ਕੋਈ ਐਪ ਨਹੀ ਬਣਾਈ ਗਈ ਅਤੇ ਨਾ ਹੀ ਕੋਈ ਲਿੰਕ ਦਿੱਤਾ ਗਿਆ । ਪੰਜਾਬ ਸਰਕਾਰ ਦੀ ਇਹ ਸਕੀਮ 12ਵੀਂ ਜਮਾਤ ਦੇ ਸਰਕਾਰੀ ਸਕੂਲ ਦੇ ਵਿਦਿਆਰਥੀਆਂ ਲਈ ਹੈ ਜਿਸ ਵਿਚ ਪਹਿਲਾਂ ਇਹ ਸਮਾਰਟ ਫੋਨ ਲੜਕੀਆਂ ਨੂੰ ਦਿੱਤੇ ਜਾ ਰਹੇ ਹਨ । ਹਰਪ੍ਰੀਤ ਸਿੰਘ ਨੇ ਕਿਹਾ ਕਿ ਲੋਕਾਂ ਨੂੰ ਅਜਿਹੇ ਗੁਮਰਾਹਕੁੰਨ ਮੈਸਜਾਂ ਤੋਂ ਜਾਗਰੂਕ ਹੋਣਾ ਚਾਹੀਦਾ ਹੈ ਅਤੇ ਇਸ ਕੰਮ ਲਈ ਪਿੰਡ ਪੱਧਰ ਤੇ ਉਹਨਾਂ ਆਪਣੇ ਜੀ.ਓ.ਜੀ ਦੀ ਡਿਊਟੀ ਲਾਈ ਹੈ ਕਿ ਉਹ ਪਿੰਡ ਦੇ ਨੌਜਵਾਨਾਂ ਨੂੰ ਜਾਗਰੂਕ ਕਰਨ ਤਾਂ ਜੋ ਉਹ ਕਿਸੇ ਪ੍ਰਕਾਰ ਦੇ ਘਪਲੇ ਦਾ ਸ਼ਿਕਾਰ ਨਾ ਹੋਣ । ਜੀ.ਓ.ਜੀ ਇੰਚਾਰਜ ਨੇ ਕਿਹਾ ਕਿ ਇਸ ਤਰਾਂ ਦੇ ਲਿੰਕ ਭੇਜ ਕੇ ਸਾਈਬਰ ਕਰਾਈਮ ਕਰਨ ਵਾਲੇ ਲੋਕਾਂ ਦੀਆਂ ਨਿੱਜੀ ਜਾਣਕਾਰੀਆਂ ਅਤੇ ਆਰਥਿਕ ਸ਼ੋਸ਼ਣ ਕਰਦੇ ਹਨ । ਇਸ ਮੌਕੇ ਸਾਬਕਾ ਵਰੰਟ ਅਫਸਰ ਹਰਪ੍ਰੀਤ ਸਿੰਘ ਨੇ ਸਮੁੱਚੇ ਦੇਸ਼ ਵਾਸੀਆਂ ਅਤੇ ਭਾਰਤੀ ਫੌਜੀਆਂ ਤੇ ਪਰਿਵਾਰਾਂ ਨੂੰ 74ਵੇਂ ਗਣਤੰਤਰ ਦਿਵਸ ਦੀ ਵਧਾਈ ਵੀ ਦਿੱਤੀ ।