ਰਿਸ਼ਤਿਆਂ ਦਾ ਕਤਲ
ਸਰਬਜੀਤ ਦੀ ਕੇਸ ਫਾਈਲ ਦਿੰਦਿਆਂ ਮੇਰੇ ਸੁਪਰਵਾਈਜ਼ਰ ਕਿਹਾ, ‘‘ਇਹ ਪੰਜਾਬੀ ਲੜਕੀ ਦਾ ਕੇਸ ਆ। 15 ਸਾਲਾ ਸਰਬਜੀਤ ਨੇ ਦੋਸ਼ ਲਾਇਆ ਕਿ ਉਹਦਾ ਮਤਰਇਆ ਬਾਪ ਉਹਦੇ ਨਾਲ ਪਿਛਲੇ ਇੱਕ ਸਾਲ ਤੋਂ ਬਦਮਾਸ਼ੀਆਂ ਕਰਦਾ ਆ ਰਿਹੈ ਅਤੇ ਉਹਦੀ ਹਵਸ ਹਰ ਰੋਜ਼ ਵਧਦੀ ਜਾਂਦੀ ਆ। ਇਸ ਕੇਸ ਦੀ ਸਰਬਜੀਤ ਦੇ ਸਕੂਲ ਵਾਲਿਆਂ ਆਪਾਂ ਨੂੰ ਇਤਲਾਹ ਦਿੱਤੀ ਆ। ਜਿਵੇਂ ਤੈਨੂੰ ਪਤਾ ਈ ਆ, ਇਹ ਬਹੁਤ ਜ਼ਰੂਰੀ ਕੰਮ ਆ ਅਤੇ ਇਹਦੇ ਤੇ ਕੰਮ ਅੱਜ ਈ ਸ਼ੁਰੂ ਕਰਦੇ। ਸਰਬਜੀਤ ਦੇ ਮਾਂ ਬਾਪ ਨੂੰ ਸਕੂਲ ਵਾਲਿਆਂ ਅਜੇ ਕੁੱਝ ਨਹੀਂ ਦੱਸਿਆ।’’
ਮੈਂ ਕੇਸ ਲੈਣ ਤੋਂ ਬਾਦ ਸਕੂਲ ਨਾਲ ਸੰਪਰਕ ਕੀਤਾ ਅਤੇ ਜਾ ਸਕੂਲ ਟੀਚਰ ਨੂੰ ਮਿਲਿਆ। ਸਕੂਲ ਟੀਚਰ ਨੇ ਦੱਸਿਆ, ‘‘ਸਰਬਜੀਤ ਪਿਛਲੇ ਸਾਲ ਤੋਂ ਕੁੱਝ ਜਿ਼ਆਦਾ ਈ ਘੁੱਟੀ ਵੱਟੀ ਰਹਿਣ ਲੱਗ ਪਈ ਆ। ਮੈਂ ਇਕ ਦੋ ਵਾਰ ਇਹਦੇ ਨਾਲ ਗੱਲਬਾਤ ਵੀ ਕੀਤੀ ਸੀ ਪਰ ਇਹਨੇ ਇਹ ਕਹਿ ਗੱਲ ਟਾਲ ਦਿੱਤੀ ਕਿ ਉਹ ਠੀਕ ਨਹੀਂ, ਘਰ ਜਾ ਕੇ ਉਹਨੂੰ ਘਰ ਦਾ ਕਾਫੀ ਕੰਮ ਕਰਨਾ ਪੈਂਦਾ।’’ ਪਰ ਪਿਛਲੇ ਕੁੱਝ ਮਹੀਨਿਆਂ ਤੋਂ ਸਰਬਜੀਤ ਸਕੂਲ ਤੋਂ ਮਿਲਿਆ ਹੋਮ ਵਰਕ ਵੀ ਨਹੀਂ ਸੀ ਕਰਕੇ ਲਿਆ ਰਹੀ। ਉਹਨੂੰ ਪੁੱਛਣ ਤੇ ਉਹ ਕੋਈ ਨਾਂ ਕੋਈ ਬਹਾਨਾ ਬਣਾ ਗੱਲ ਅਗਾਂਹ ਤੋਰ ਦਿੰਦੀ। ਪਰ ਅੱਜ ਸਵੇਰੇ ਤਾਂ ਉਹ ਆਪ ਈ ਮੇਰੇ ਕਮਰੇ ‘ਚ ਮੈਨੂੰ ਮਿਲਣ ਆ ਗਈ ਅਤੇ ਕਹਿਣ ਲੱਗੀ, ‘‘ਮੈਨੂੰ ਮੇਰਾ ਮਤਰਇਆ ਬਾਪ ਪਿਛਲੇ ਇਕ ਸਾਲ ਤੋਂ ਰੇਪ ਕਰਦਾ ਆ ਰਿਹਾ ਅਤੇ ਮੇਰੇ ਤੋਂ ਹੁਣ ਇਹ ਬਰਦਾਸ਼ਤ ਨਹੀਂ ਹੋ ਰਿਹੈ। ਇਸੇ ਕਰਕੇ ਮੈਂ ਤੁਹਾਡੇ ਦਫਤਰ ਨਾਲ ਸੰਪਰਕ ਕੀਤਾ ਸੀ। ਪੁਲੀਸ ਨੂੰ ਮੈਂ ਅਜੇ ਦੱਸਿਆ ਨਹੀਂ।’’
ਮੈਂ ਸਕੂਲ ਟੀਚਰ ਨੂੰ ਬੇਨਤੀ ਕੀਤੀ ਕਿ ਉਹ ਸਰਬਜੀਤ ਨੂੰ ਮੈਨੂੰ ਮਿਲਣ ਵਾਸਤੇ ਭੇਜ ਦੇਵੇ।ਹੁਣ ਸਰਬਜੀਤ ਨਾਲ ਮੈਂ ਇਕ ਕਮਰੇ ਵਿਚ ਗੱਲਬਾਤ ਕਰਨ ਲਈ ਬੈਠ ਗਿਆ। ਸਰਬਜੀਤ ਦੇਖਣ ਨੂੰ ਭੋਲੀ ਭਾਲੀ ਸੀ। ਉਹ ਇੱਕ ਘਰੇਲੂ ਕਿਸਮ ਦੀ ਲੜਕੀ ਸੀ। ਉਹਦਾ ਉਦਾਸ ਚੇਹਰਾ ਬੇਬਸੀ ਜ਼ਾਹਿਰ ਕਰ ਰਿਹਾ ਸੀ। ਉਹਦੀ ਮਾਸੂਮੀਅਤ ਮੈਨੂੰ ਦੱਸ ਰਹੀ ਸੀ ਕਿ ਇਸ ਬੱਚੀ ਨਾਲ ਧੱਕਾ ਹੋ ਰਿਹੈ। ਮੈਂ ਸਰਬਜੀਤ ਨੂੰ ਆਪਣੇ ਬਾਰੇ ਅਤੇ ਮਿਲਣ ਬਾਰੇ ਦੱਸਿਆ। ਇਸ ਤੋਂ ਬਾਦ ਮੈਂ ਸਰਬਜੀਤ ਨੂੰ ਕਿਹਾ, ‘‘ਬੇਟਾ, ਮੈਨੂੰ ਸਭ ਸੱਚ ਦੱਸ ਕਿ ਤੇਰੇ ਨਾਲ ਕੀ ਹੁੰਦਾ ਰਿਹੈ? ਤੇਰੇ ਸੱਚ ਦੱਸਣ ਤੇ ਈ ਮੈਂ ਤੇਰੀ ਮੱਦਦ ਕਰ ਸਕਦਾਂ।’’ ਸਰਬਜੀਤ ਨੇ ਦੱਸਣਾ ਸ਼ੁਰੂ ਕੀਤਾ, ‘‘ਮੇਰਾ ਮਤਰਇਆ ਬਾਪ ਇੰਡਿਆ ਤੋਂ ਦੋ ਕੁ ਸਾਲ ਹੋਏ ਆਇਆ ਸੀ। ਪਹਿਲਾਂ ਤਾਂ ਠੀਕ-ਠਾਕ ਸੀ। ਪਰ ਹੁਣ ਇੱਥੇ ਪੱਕਾ ਹੋ ਗਿਆ ਅਤੇ ਇੱਕ ਫੈਕਟਰੀ ਵਿਚ ਕੰਮ ਕਰਦਾ। ਉਹਦਾ ਸ਼ਿਫਟ ਵਰਕ ਆ। ਜਿਸ ਦਿਨ ਉਹਦੀ ਸਵੇਰੇ ਛੇ ਵਜੇ ਤੋਂ ਦੁਪਹਿਰੇ ਦੋ ਵਜੇ ਤਕ ਸਿ਼ਫਟ ਹੁੰਦੀ ਆ ਉਸ ਹਫਤੇ ਈ ਉਹ ਮੇਰੇ ਨਾਲ ਬਦਮਾਸ਼ੀਆਂ ਕਰਦੈ। ਮੇਰੀ ਮੰਮ ਵੀ ਕੰਮ ਕਰਦੀ ਆ ਅਤੇ ਇਸੇ ਕਰਕੇ ਘਰ ਵਿਚ ਸਕੂਲੋਂ ਬਾਦ ਮੈਂ ਅਤੇ ਮੇਰਾ ਮਤਰਇਆ ਬਾਪ ਈ ਹੁੰਦੈ ਆ।’’ ਮੈਂ ਪੁੱਛਿਆ, ‘‘ਕਿ ਇਹ ਗੱਲ ਤੂੰ ਆਪਣੀ ਮੰਮ ਨੂੰ ਦੱਸੀ ਆ?’’। ‘‘ਨਹੀਂ, ਮੈਂ ਮੰਮ ਨੂੰ ਇਸ ਬਾਰੇ ਕੁੱਝ ਨਹੀਂ ਦੱਸਿਆ।’’ ‘‘ਕਿਉਂ?’’ ਮੈਂ ਸੁਆਲ ਕੀਤਾ। ‘‘ਮੇਰੀ ਮੰਮ ਨੇ ਪਹਿਲਾਂ ਈ ਬਥੇਰਾ ਦੁੱਖ ਭੋਗਿਆ। ਮੇਰਾ ਅਸਲੀ ਡੈਡ ਮੰਮ ਨੂੰ ਕੁੱਟਦਾ ਮਾਰਦਾ ਰਹਿੰਦਾ ਸੀ। ਸ਼ਰਾਬ ਬਹੁਤ ਪੀਂਦਾ ਸੀ। ਮੈਂ ਉਦੋਂ ਹੈ ਤਾਂ ਛੋਟੀ ਈ ਸੀ ਪਰ ਮੈਨੂੰ ਚੇਤਾ ਮੇਰੀ ਮੰਮ ਸਦਾ ਰੋਂਦੀ ਈ ਰਹਿੰਦੀ ਸੀ। ਮੇਰੀ ਮੰਮ ਨੇ ਇਸੇ ਕਰਕੇ ਤਲਾਕ ਲੈ ਲਿਆ ਸੀ। ਉਹਦੇ ਤੋਂ ਰੋਜ਼ ਦੀ ਕੁੱਟਮਾਰ ਨਹੀਂ ਸੀ ਸਹਾਰ ਹੁੰਦੀ। ਇੱਕ ਦੋ ਵਾਰ ਤਾਂ ਮੈਨੂੰ ਵੀ ਮੇਰੇ ਡੈਡ ਨੇ ਮਾਰਿਆ ਸੀ। ਤਲਾਕ ਤੋਂ ਬਾਦ ਡੈਡ ਨੂੰ ਕੈਂਸਰ ਹੋ ਗਿਆ ਅਤੇ ਉਹ ਮਰ ਗਿਆ। ਮੇਰੀ ਮੰਮ ਨੇ ਬਹੁਤ ਦੁੱਖ ਝੱਲਿਆ। ਮੈਂ ਮੰਮ ਨੂੰ ਹੋਰ ਦੁੱਖੀ ਨਹੀਂ ਕਰਨਾ ਚਾਹੁੰਦੀ।’’ ‘‘ਪਰ ਬੇਟਾ ਤੂੰ ਵੀ ਤਾਂ ਹੁਣ ਦੁੱਖ ਝੱਲ ਰਹੀ ਆਂ। ਜੇਕਰ ਇਹ ਗੱਲ ਤੂੰ ਆਪਣੀ ਮੰਮ ਨੂੰ ਨਹੀਂ ਦੱਸੇਂਗੀ ਤਾਂ ਹੋਰ ਤੇਰਾ ਕੌਣ ਆ?’’ ਮੇਰੀ ਇਸ ਗੱਲ ਦਾ ਉਹਨੇ ਕੋਈ ਜੁਆਬ ਨਾਂ ਦਿੱਤਾ ਅਤੇ ਨੀਵੀਂ ਪਾ ਕੇ ਡੁਸਕਣ ਲੱਗ ਪਈ। ਮੈਂ ਕੁੱਝ ਮਿੰਟ ਚੁੱਪ ਰਿਹਾ ਅਤੇ ਉਹਨੂੰ ਅੱਖਾਂ ਪੂੰਝਣ ਲਈ ਟਿਸ਼ੂ ਦਿੱਤੇ। ਜਦ ਸਰਬਜੀਤ ਥੋੜ੍ਹਾ ਜਿਹਾ ਸੰਭਲੀ ਤਾਂ ਮੈਂ ਕਿਹਾ, ‘‘ਤੈਨੂੰ ਪਤਾ ਇਹ ਬਹੁਤ ਗੰਭੀਰ ਦੋਸ਼ ਆ। ਇਸ ਕੇਸ ਵਿਚ ਪੁਲੀਸ ਵੀ ਇਨਕੁਆਰੀ ਕਰੇਗੀ ਅਤੇ ਤੇਰਾ ਡੈਡ ਜੇਲ੍ਹ ਜਾ ਸਕਦਾ। ਤੇਰੀ ਮੰਮ ਨੂੰ ਵੀ ਸਾਰਾ ਕੁੱਝ ਦੱਸਣਾ ਪਵੇਗਾ।’’ ‘‘ਹੁਣ ਤੁਸੀਂ ਦੱਸੋ ਮੈਂ ਕੀ ਕਰਾਂ? ਕੀ ਮੈਂ ਆਪਣੇ ਡੈਡ ਦੀਆਂ ਬਦਮਾਸ਼ੀਆਂ ਸਹਾਰਦੀ ਰਹਾਂ?’’ ‘‘ਬਿਲਕੁਲ ਨਹੀਂ। ਮੈਂ ਤਾਂ ਬੇਟਾ ਇਹ ਗੱਲ ਕਰ ਰਿਹਾ ਹਾਂ ਕਿ ਜਦ ਪੁਲੀਸ ਨਾਲ ਸਾਰੀ ਇਨਕੁਆਰੀ ਹੋਣੀ ਆ ਤਾਂ ਆਪਣੇ ਬਿਆਨਾਂ ਤੇ ਕਾਇਮ ਰਹੀਂ। ਤੂੰ ਕਿਤੇ ਕਿਸੇ ਦਬਾਅ ਹੇਠ ਆ ਕੇ ਬਿਆਨ ਬਦਲ ਨਾਂ ਲਵੀਂ।’’ ‘‘ਨਹੀਂ -ਇਹ ਕਿਵੇਂ ਹੋ ਸਕਦੈ? ਮੈਂ ਉਸ ਘਰ ਵਿਚ ਡੈਡ ਨਾਲ ਨਹੀਂ ਰਹਿ ਸਕਦੀ।’’ ‘‘ਠੀਕ ਆ। ਮੈਂ ਅੱਜ ਈ ਪੁਲੀਸ ਅਤੇ ਤੇਰੇ ਡੈਡ ਨੂੰ ਮਿਲ ਕੇ ਉਹਦੀ ਪੁੱਛ ਗਿੱਛ ਕਰਾਂਗਾ। ਤੇਰੀ ਮੰਮ ਨੂੰ ਵੀ ਮਿਲ ਕੇ ਸਭ ਕੁੱਝ ਦੱਸ ਦੇਵਾਂਗਾ। ਜੇਕਰ ਤੂੰ ਚਾਹੁੰਦੀ ਆਂ ਤਾਂ ਮੈਂ ਤੇਰਾ ਕਿਤੇ ਹੋਰ ਰਹਿਣ ਦਾ ਪ੍ਰਬੰਧ ਕਰ ਸਕਦਾਂ।’’ ‘‘ਮੈਂ ਆਪਣੀ ਮੰਮ ਨੂੰ ਤਾਂ ਮਿਲਣਾ ਚਾਹੁੰਦੀ ਆਂ ਪਰ ਜੇਕਰ ਡੈਡ ਉਸ ਘਰ ‘ਚ ਰਹਿੰਦਾ ਤਾਂ ਮੈਂ ਘਰ ਨਹੀਂ ਰਹਿਣਾ ਚਾਹੁੰਦੀ। ਨਾਲੇ ਮੈਨੂੰ ਇੱਕ ਹੋਰ ਡਰ ਵੀ ਆ ਕਿ ਜੇਕਰ ਮੈਂ ਘਰ ਰਹੀ ਤਾਂ ਸਾਡੇ ਰਿਸ਼ਤੇਦਾਰਾਂ ਅਤੇ ਮੇਰੀ ਮੰਮ ਨੇ ਮੇਰੇ ਤੇ ਪ੍ਰੈਸ਼ਰ ਪਾਈ ਜਾਣਾ।’’ ਮੈਂ ਕਿਹਾ, ‘‘ਸਰਬਜੀਤ ਤੂੰ ਫਿਕਰ ਨਾਂ ਕਰ। ਮੈਂ ਤੇਰਾ ਕਿਤੇ ਹੋਰ ਰਹਿਣ ਦਾ ਪ੍ਰਬੰਧ ਅੱਜ ਈ ਕਰ ਦਿੰਦਾਂ ਅਤੇ ਸਕੂਲ ਤੋਂ ਬਾਦ ਤੈਨੂੰ ਇੱਕ ਫੋਸਟਰ ਪੈਰੇਂਟਸ ਕੋਲ ਲੈ ਜਾਵਾਂਗਾ। ਤੇਰੀ ਮੰਮ ਤੋਂ ਮੈਂ ਤੇਰੇ ਕੱਪੜੇ ਅਤੇ ਬਾਕੀ ਸਮਾਨ ਲੈ ਆਵਾਂਗਾ।ਦਫਤਰ ਆ ਕੇ ਮੈਂ ਫੋਸਟਰ ਪੈਰੇਂਟਸ ਦਾ ਪ੍ਰਬੰਧ ਕਰ ਲਿਆ ਅਤੇ ਪੁਲੀਸ ਨਾਲ ਸੰਪਰਕ ਕਰਕੇ ਸਾਰੇ ਕੇਸ ਬਾਰੇ ਦੱਸ ਦਿਤਾ। ਪੁਲੀਸ ਵਾਲਿਆਂ ਮੈਨੂੰ ਪੁਲੀਸ ਸਟੇਸ਼ਨ ਮਿਲਣ ਦਾ ਸਮਾਂ ਦੇ ਦਿੱਤਾ ਅਤੇ ਕਿਹਾ ਕਿ, ‘‘ਉਹ ਮਿਸਟਰ ਸਿੰਘ ਨੂੰ ਉਦੋਂ ਤਕ ਫੜ ਕੇ ਪੁਲੀਸ ਸਟੇਸ਼ਨ ਲੈ ਆਉਣਗੇ। ਮੈਂ ਸਰਬਜੀਤ ਦੇ ਘਰ ਜਾ ਕੇ ਉਹਦੀ ਮੰਮ ਨੂੰ ਮਿਲਿਆ ਅਤੇ ਸਾਰੀ ਗੱਲ ਦੱਸੀ। ਉਹ ਸੁਣ ਕੇ ਸੁੰਨ ਹੋ ਗਈ। ਕੁੱਝ ਦੇਰ ਉਹ ਕੁੱਝ ਨਾ ਬੋਲ ਸਕੀ ਅਤੇ ਫਿਰ ਪੁੱਛਿਆ, ‘‘ਸਰਬਜੀਤ ਕਿੱਥੇ ਆ?’’ ਮੈਂ ਕਿਹਾ, ‘‘ਸਰਬਜੀਤ ਅਜੇ ਤਾਂ ਸਕੂਲੇ ਆ। ਪਰ ਉਹ ਘਰ ਨਹੀਂ ਆਉਣਾ ਚਾਹੁੰਦੀ। ਇਸੇ ਕਰਕੇ ਮੈਂ ਉਹਦਾ ਕਿਤੇ ਹੋਰ ਰਹਿਣ ਦਾ ਪ੍ਰਬੰਧ ਕਰ ਦਿੱਤਾ ਆ ਅਤੇ ਮੈਨੂੰ ਉਹਦੇ ਸਾਰੇ ਕੱਪੜੇ ਅਤੇ ਹੋਰ ਚੀਜ਼ਾਂ ਵੀ ਦੇ ਦਿਉ।’’ ‘‘ਕੱਪੜੇ ਤੇ ਹੋਰ ਸਮਾਨ ਤਾਂ ਤੁਸੀਂ ਲੈ ਜਾਓ ਪਰ ਮੈਂ ਸਰਬਜੀਤ ਨੂੰ ਇਕ ਵਾਰ ਮਿਲ ਸਕਦੀ ਆਂ?’’ ‘‘ਮੈਨੂੰ ਤਾਂ ਕੋਈ ਇਤਰਾਜ਼ ਨਹੀਂ ਪਰ ਮੈਂ ਸਰਬਜੀਤ ਨੂੰ ਪੁੱਛ ਕੇ ਹੀ ਦੱਸ ਸਕਦਾਂ ਕਿ ਉਹ ਤੁਹਾਨੂੰ ਮਿਲਣਾ ਚਾਹੁੰਦੀ ਆ ਜਾ ਨਹੀਂ। ਨਾਲੇ ਮੈਂ ਤੁਹਾਨੂੰ ਇਹ ਵੀ ਦੱਸ ਦੇਵਾਂ ਕਿ ਮੈਂ ਪੁਲੀਸ ਨੂੰ ਇਸ ਬਾਰੇ ਦੱਸ ਦਿੱਤਾ ਆ ਅਤੇ ਉਹ ਸਰਬਜੀਤ ਦੇ ਡੈਡੀ ਦੀ ਪੁਲੀਸ ਸਟੇਸ਼ਨ ਪੁੱਛ ਗਿੱਛ ਕਰਨਗੇ।’’ ਸਰਬਜੀਤ ਦੀ ਮਾਂ ਇਹ ਸਭ ਸੁਣ ਰੋਣ ਲੱਗ ਪਈ। ਮੈਨੂੰ ਸਮਝ ਨਹੀਂ ਸੀ ਲੱਗ ਰਹੀ ਕਿ ਮੈਂ ਉਹਨੂੰ ਕਿਵੇਂ ਦਿਲਾਸਾ ਦੇਵਾਂ। ਮੈਂ ਚੁੱਪ ਚਾਪ ਬੈਠਾ ਰਿਹਾ। ਕੁੱਝ ਦੇਰ ਬਾਦ ਉਹ ਥੋੜ੍ਹਾ ਸੰਭਲੀ ਅਤੇ ਬੋਲੀ, ‘‘ਭਾਅ ਜੀ, ਮੈਨੂੰ ਇਹ ਵੀ ਦਿਨ ਦੇਖਣੇ ਪੈਣੇਂ ਸੀ। ਪਹਿਲਾਂ ਸਾਰੀ ਉਮਰ ਆਪਣੇ ਪਹਿਲੇ ਆਦਮੀ ਤੋਂ ਦੁਖੀ ਰਹੀ। ਇੱਕ ਦਿਨ ਵੀ ਸੁੱਖ ਦਾ ਨਾ ਦੇਖ ਸਕੀ। ਰੋਜ਼ ਮਾਰ ਕੁਟਾਈ ਹੁੰਦੀ ਰਹੀ। ਮੈਂ ਤਾਂ ਦੁਵਾਰਾ ਵਿਆਹ ਲਈ ਮੰਨਦੀ ਈ ਨਹੀਂ ਸੀ। ਇਹ ਤਾਂ ਮੇਰੀ ਮੰਮ ਨੇ ਮੇਰੇ ਤੇ ਪ੍ਰੈਸ਼ਰ ਪਾਇਆ ਤਾਂ ਮੈਂ ਰਾਜ਼ੀ ਹੋ ਗਈ ਸੀ। ਭਾਅ ਜੀ, ਮੈਂ ਤਾਂ ਆਪਣੇ ਘਰ ‘ਚ ਈ ਲੁੱਟੀ ਗਈ ਆਂ।’’
ਇਸ ਤੋਂ ਬਾਦ ਸਰਬਜੀਤ ਦੀ ਮਾਂ ਕੁੱਝ ਨਾ ਬੋਲ ਸਕੀ। ਉਹਨੇ ਫਿਰ ਰੋਣਾ ਸ਼ੁਰੂ ਕਰ ਦਿੱਤਾ ਅਤੇ ਉਹ 15-20 ਮਿੰਟ ਤਕ ਸੰਭਲ ਨਾਂ ਸਕੀ। ਮੈਂ ਕਿਹਾ, ‘‘ਮੈਨੂੰ ਹੁਣ ਜਾਣਾ ਪੈਣਾਂ। ਪੁਲੀਸ ਮੇਰਾ ਇੰਤਜ਼ਾਰ ਕਰ ਰਹੀ ਆ ਅਤੇ ਨਾਲੇ ਮੈਂ ਸਰਬਜੀਤ ਨੂੰ ਵੀ ਉਹਦੇ ਨਵੇਂ ਘਰ ਲੈ ਕੇ ਜਾਣੈ। ਤੁਸੀਂ ਮੈਨੂੰ ਉਹਦੇ ਕੱਪੜੇ ਦੇ ਦਿਉ।’’ ਸਰਬਜੀਤ ਦੀ ਮੰਮ ਨੇ ਅਣਮੰਨੇ ਮਨ ਨਾਲ ਮੈਨੂੰ ਸਰਬਜੀਤ ਦੇ ਕੱਪੜੇ ਅਤੇ ਬਾਕੀ ਚੀਜ਼ਾਂ ਦੇ ਦਿੱਤੀਆਂ ਅਤੇ ਜਾਣ ਤੋਂ ਪਹਿਲਾਂ ਫਿਰ ਤਰਲਾ ਕੀਤਾ, ‘‘ਭਾਅ ਜੀ, ਮੈਨੂੰ ਇੱਕ ਵਾਰ ਸਰਬਜੀਤ ਨਾਲ ਜ਼ਰੂਰ ਮਿਲਾਓ।’’ ‘‘ਮੈਂ ਪੂਰੀ ਕੋਸਿ਼ਸ਼ ਕਰਾਂਗਾ।’’ ਕਹਿ ਉਥੋਂ ਆ ਗਿਆ।ਸਕੂਲ ਜਾ ਕੇ ਮੈਂ ਸਰਬਜੀਤ ਨੂੰ ਮਿਲਿਆ ਅਤੇ ਕਿਹਾ, ‘‘ਸਰਬਜੀਤ ਤੇਰੀ ਮੰਮ ਤੇਰੇ ਦੱਸਣ ਮੁਤਾਬਕ ਅੱਜ ਘਰ ਈ ਸੀ। ਮੇਰਾ ਖਿਆਲ ਆ ਉਹਨੂੰ ਠੰਡ ਲੱਗੀ ਹੋਈ ਆ ਅਤੇ ਉਹਨੇ ਅੱਜ ਵੀ ਮੂੰਹ ਸਿਰ ਲਪੇਟਿਆ ਹੋਇਆ ਸੀ। ਉਹਨੇ ਤੇਰੇ ਕੱਪੜੇ ਅਤੇ ਬਾਕੀ ਸਮਾਨ ਤਾਂ ਮੈਨੂੰ ਦੇ ਦਿੱਤਾ ਆ। ਪਰ ਉਹ ਤੈਨੂੰ ਇੱਕ ਵਾਰ ਮਿਲਣਾ ਜ਼ਰੂਰ ਚਾਹੁੰਦੀ ਆ।’’ ‘‘ਮੈਨੂੰ ਕੋਈ ਇਤਰਾਜ਼ ਨਹੀਂ। ਮੈਂ ਮੰਮ ਨਾਲ ਕੌਨਟੈਕਟ ਬਣਾਈ ਰੱਖਣਾ ਚਾਹੁੰਦੀ ਆਂ।’’ ਸਰਬਜੀਤ ਕਿਹਾ। ਮੈਂ ਸਰਬਜੀਤ ਨੂੰ ਕਾਰ ‘ਚ ਬਿਠਾ ਫੋਸਟਰ ਪੈਰੇਂਟਸ ਕੋਲ ਛੱਡ ਆਇਆ ਅਤੇ ਫਿਰ ਪੁਲੀਸ ਸਟੇਸ਼ਨ ਚਲਾ ਗਿਆ।ਪੁਲੀਸ ਸਟੇਸ਼ਨ ਪਹੁੰਚ ਕੇ ਪਤਾ ਲੱਗਾ ਕਿ ਸਰਬਜੀਤ ਦੇ ਡੈਡੀ ਨੂੰ ਪੁਲੀਸ ਨੇ ਫੜ੍ਹਕੇ ਲੈ ਆਂਦਾ ਸੀ ਅਤੇ ਉਹ ਮੇਰੀ ਇੰਤਜ਼ਾਰ ਕਰ ਰਹੇ ਸੀ। ਥੋੜ੍ਹੀ ਦੇਰ ਬਾਦ ਸਰਬਜੀਤ ਦੇ ਮਤਰਏ ਬਾਪ ਦੀ ਪੁੱਛ ਗਿੱਛ ਸ਼ੁਰੂ ਹੋ ਗਈ। ਉਹਨੇ ਸਾਫ ਇਨਕਾਰ ਕਰ ਦਿੱਤਾ ਕਿ ਉਹਨੇ ਕਦੇ ਸਰਬਜੀਤ ਨਾਲ ਬਦਮਾਸ਼ੀਆਂ ਕੀਤੀਆਂ ਸਨ। ਉਹਨੇ ਕਿਹਾ, ‘‘ਮੈਂ ਤਾਂ ਜੀ ਉਹਨੂੰ ਆਪਣੀ ਕੁੜੀ ਸਮਝਦੈਂ ਅਤੇ ਉਹਨੂੰ ਫੈਸ਼ਨ ਕਰਨ ਤੋਂ ਰੋਕਦਾ ਰਹਿੰਦਾ ਸੀ। ਹੋਰ ਕਦੇ ਮੈਂ ਕੁੱਝ ਨਹੀਂ ਕੀਤੈ।’’ ਪੁਲੀਸ ਨੇ ਸਰਬਜੀਤ ਦੇ ਡੈਡੀ ਨੂੰ ਪੁਲੀਸ ਸਟੇਸ਼ਨ ਈ ਡੱਕੀ ਰੱਖਿਆ ਅਤੇ ਮੈਂ ਸਰਬਜੀਤ ਨੂੰ ਮਿਲ ਕੇ ਉਹਦਾ ਮੈਡੀਕਲ ਚੈੱਕਅੱਪ ਕਰਾਉਣ ਚਲਾ ਗਿਆ। ਮੈਡੀਕਲ ਚੈੱਕਅਪ ਵਿਚ ਇਹ ਸਾਫ ਪਤਾ ਲੱਗ ਗਿਆ ਸੀ ਕਿ ਸਰਬਜੀਤ ਨਾਲ ਖਰਾਬੀਆਂ ਹੁੰਦੀਆਂ ਰਹੀਆਂ ਸਨ। ਸਰਬਜੀਤ ਅਜੇ ਵੀ ਆਪਣੇ ਬਿਆਨਾਂ ਤੇ ਕਾਇਮ ਸੀ। ਮੈਂ ਸਰਬਜੀਤ ਨੂੰ ਪੁੱਛਿਆ, ‘‘ਕੀ ਤੇਰਾ ਕੋਈ ਬੁਆਏ ਫਰੈਂਡ ਨਹੀਂ? ਤਾਂ ਸਰਬਜੀਤ ਕਿਹਾ, ‘‘ਮੈਂ ਤਾਂ ਸਕੂਲ ਤੋਂ ਸਿੱਧੀ ਘਰ ਆਉਂਦੀ ਰਹੀ ਆਂ ਅਤੇ ਘਰੋਂ ਬਾਹਰ ਕਦੇ ਮੈਂ ਇੱਕਲੀ ਗਈ ਨਹੀਂ।’’
ਬਾਦ ਵਿਚ ਮੈਂ ਸਕੂਲ ਟੀਚਰ ਨੂੰ ਵੀ ਪੁੱਛਿਆ ਸੀ ਕਿ, ‘‘ਕੀ ਕਦੇ ਸਰਬਜੀਤ ਨੇ ਸਕੂਲ ਵੀ ਮਿਸ ਕੀਤਾ ਸੀ?’’ ਸਕੂਲ ਟੀਚਰ ਦੱਸਿਆ, ‘‘ਸਰਬਜੀਤ ਦੀ ਸਕੂਲ ਵਿਚ ਹਾਜ਼ਰੀ 100 ਪ੍ਰਤੀਸ਼ਤ ਆ ਅਤੇ ਮੇਰਾ ਨਹੀਂ ਖਿਆਲ ਕਿ ਉਹਦਾ ਕੋਈ ਬੁਆਏਫਰੈਂਡ ਵੀ ਆ।’’
ਇਸ ਤੋਂ ਬਾਦ ਮੈਂ ਸਰਬਜੀਤ ਨੂੰ ਉਹਦੀ ਮਾਂ ਕੋਲ ਮਿਲਣ ਵਾਸਤੇ ਲੈ ਗਿਆ। ਮੈਂ ਉਹਨਾਂ ਨੂੰ ਕਿਹਾ ਕਿ, ‘‘ਉਹ ਦੋਵੇਂ ਅੱਧਾ ਪੌਣਾ ਘੰਟਾ ਮਿਲ ਲੈਣ ਅਤੇ ਮੈਂ ਬਾਹਰ ਕਾਰ ਵਿਚ ਇੰਤਜ਼ਾਰ ਕਰਾਂਗਾ।’’ ਸਰਬਜੀਤ ਦੀ ਮਾਂ ਨੂੰ ਮੈਂ ਉਹਦੇ ਘਰਵਾਲੇ ਬਾਰੇ ਦੱਸ ਦਿੱਤਾ ਸੀ ਕਿ ਉਹ ਪੁਲੀਸ ਸਟੇਸ਼ਨ ਆ ਅਤੇ ਸਰਬਜੀਤ ਦਾ ਡਾਕਟਰੀ ਮੁਆਇਨਾ ਹੋ ਚੁੱਕੈ ਜਿਸ ਤੋਂ ਸਾਫ਼ ਜ਼ਾਹਿਰ ਹੁੰਦੈ ਕਿ ਉਹਦੇ ਨਾਲ ਧੱਕਾ ਹੁੰਦਾ ਰਿਹੈ। ਪੌਣੇ ਕੁ ਘੰਟੇ ਬਾਦ ਮੈਂ ਸਰਬਜੀਤ ਨੂੰ ਲੈ ਕੇ ਉਹਦੇ ਫੋਸਟਰ ਪੈਰੇਂਟਸ ਕੋਲ ਛੱਡ ਆਇਆ। ਸਰਬਜੀਤ ਬਹੁਤ ਉਦਾਸ ਸੀ ਅਤੇ ਉਹਨੇ ਮੇਰੇ ਨਾਲ ਕੋਈ ਗੱਲ ਨਾਂ ਕੀਤੀ।ਪੁਲੀਸ ਨੂੰ ਮੈਂ ਡਾਕਟਰੀ ਮੁਆਇਨੇ ਦੀ ਰਿਪੋਰਟ ਦੇ ਦਿੱਤੀ ਸੀ। ਉਹਨਾਂ ਆਪਣੀ ਪੁੱਛ ਗਿੱਛ ਜ਼ਾਰੀ ਰੱਖੀ ਅਤੇ ਸਰਬਜੀਤ ਦੇ ਡੈਡੀ ਨੂੰ ਜ਼ਮਾਨਤ ਤੇ ਨਾਂ ਛੱਡਿਆ।ਹੁਣ ਸਰਬਜੀਤ ਤਕਰੀਬਨ ਰੋਜ਼ ਈ ਆਪਣੀ ਮਾਂ ਨਾਲ ਫ਼ੋਨ ਤੇ ਕਾਫੀ ਦੇਰ ਗੱਲਾਂ ਕਰਦੀ ਰਹਿੰਦੀ ਸੀ। ਮੈਂ ਅਤੇ ਫੋਸਟਰ ਪੈਰੇਂਟਸ ਉਹਨੂੰ ਉਹਦੇ ਇਸ ਹੱਕ ਤੋਂ ਵੰਚਿਤ ਨਹੀਂ ਸੀ ਕਰ ਸਕਦੇ। ਮੈਂ ਅਤੇ ਪੁਲੀਸ ਰਲ ਕੇ ਸਰਬਜੀਤ ਦੇ ਡੈਡੀ ਖਿਲਾਫ ਕੇਸ ਤਿਆਰ ਕਰ ਰਹੇ ਸੀ ਤਾਂ ਕਿ ਕੋਰਟ ਵਿਚ ਲਿਜਾ ਕੇ ਉਹਨੂੰ ਸਜ਼ਾ ਦਿਵਾਈ ਜਾ ਸਕੇ। ਮੈਨੂੰ ਸਰਬਜੀਤ ਦੇ ਡੈਡੀ ਦੇ ਕੁੱਝ ਰਿਸ਼ਤੇਦਾਰਾਂ ਮਿਲ ਕੇ ਬੇਨਤੀ ਕੀਤੀ ਕਿ ‘ਮੈਂ ਇਹ ਕੇਸ ਕਿਸੇ ਤਰ੍ਹਾਂ ਖਾਰਜ਼ ਕਰਾ ਦੇਵਾਂ।’ ਮੈਂ ਉਹਨਾਂ ਨੂੰ ਕਿਹਾ ਕਿ, ‘‘ਮੈਂ ਤੁਹਾਡੀ ਕੋਈ ਮੱਦਦ ਨਹੀਂ ਕਰ ਸਕਦਾ। ਇਹ ਬਹੁਤ ਗੰਭੀਰ ਕੇਸ ਆ ਅਤੇ ਇਥੇ ਇੰਡਿਆ ਵਾਲੀਆਂ ਗੱਲਾਂ ਨਹੀਂ ਚਲਦੀਆਂ। ਜੇਕਰ ਤੁਸੀਂ ਮੈਨੂੰ ਦੁਆਰਾ ਮਿਲਣ ਦੀ ਕੋਸਿ਼ਸ਼ ਕੀਤੀ ਤਾਂ ਮੈਂ ਪੁਲੀਸ ਨੂੰ ਇਤਲਾਹ ਦੇ ਦੇਵਾਂਗਾ ਕਿ ਤੁਸੀਂ ਮੇਰੇ ਤੇ ਦਬਾਅ ਪਾ ਰਹੇ ਹੋ।’’ ਉਹਨਾਂ ਮੁੜ ਮੇਰੇ ਨਾਲ ਫਿਰ ਸੰਪਰਕ ਨਾਂ ਕੀਤਾ।ਹੁਣ ਉਹਨਾਂ ਹੋਰ ਚਾਲ ਚੱਲੀ। ਉਹਨਾਂ ਨੂੰ ਮੇਰੇ ਵਿਚਾਰਾਂ ਦਾ ਪਤਾ ਸੀ ਅਤੇ ਇਸੇ ਕਰਕੇ ਇਕ ਖੱਬੇ ਪੱਖੀ ਪਾਰਟੀ ਦੇ ਲੀਡਰ ਨਾਲ ਜਾ ਸੰਪਰਕ ਕੀਤਾ। ਇਹ ਕੱਚਾ ਲੀਡਰ ਉਹਨਾਂ ਭੁਚਲਾ ਲਿਆ। ਅਤੇ ਫਿਰ ਇੱਕ ਦਿਨ ਇਸ ਲੀਡਰ ਦਾ ਮੈਨੂੰ ਫੋਨ ਆਇਆ ਕਿ ਮੈਂ ਇਸ ਕੇਸ ਨੂੰ ਕਚਹਿਰੀ ਵਿਚ ਜਾਣ ਤੋਂ ਰੋਕ ਦੇਵਾਂ। ਮੈਂ ਲੀਡਰ ਨੂੰ ਕਿਹਾ, ‘‘ਮੈਂ ਜੁੰਮੇਵਾਰ ਸਰਕਾਰੀ ਅਫਸਰ ਆਂ। ਇਹ ਤੁਹਾਨੂੰ ਵੀ ਪਤੈ ਕਿ ਇੰਗਲੈਂਡ ਦੇ ਕਾਨੂੰਨ ਇੰਡੀਆ ਵਾਂਗ ਨਹੀਂ। ਕੀ ਤੁਸੀਂ ਮੈਨੂੰ ਮੇਰੀ ਨੌਕਰੀ ਤੋਂ ਬਾਹਰ ਕਰਨਾ ਚਾਹੁੰਦੇ ਹੋ? ਤੁਹਾਨੂੰ ਤਾਂ ਸਗੋਂ ਗਰੀਬ ਮਜ਼ਲੂਮ ਦੀ ਮੱਦਦ ਕਰਨੀ ਚਾਹੀਦੀ ਆ ਅਤੇ ਇਹ ਈ ਤੁਹਾਡੀ ਸਿਆਸਤ ਤੁਹਾਨੂੰ ਸਿਖਾਉਂਦੀ ਆ। ਮੈਨੂੰ ਹੈਰਾਨਗੀ ਆ ਕਿ ਤੁਸੀਂ ਮੈਨੂੰ ਇਸ ਕੰਮ ਲਈ ਸੰਪਰਕ ਕੀਤੈ ਅਤੇ ਤੁਹਾਨੂੰ ਇਹ ਵੀ ਪਤੈ ਕਿ ਇਹ ਗੱਲ ਇਥੇ ਦੇ ਕਾਨੂੰਨ ਦੇ ਖਿਲਾਫ ਆ। ਅਗਰ ਇਹ ਕੰਮ ਤੁਹਾਡੀ ਆਪਣੀ ਕੁੜੀ ਨਾਲ ਹੋਇਆ ਹੋਵੇ ਤਾਂ ਤੁਸੀਂ ਕੀ ਕਰੋਗੇ?’’ ਲੀਡਰ ਨੇ ਮੇਰੀਆਂ ਗੱਲਾਂ ਦਾ ਕੋਈ ਜੁਆਬ ਨਾਂ ਦਿੱਤਾ ਅਤੇ ਫੋਨ ਰੱਖ ਦਿੱਤਾ। ਇਸ ਤੋਂ ਬਾਦ ਲੀਡਰ ਕਦੇ ਸਿੱਧੇ ਮੂੰਹ ਮੇਰੇ ਨਾਲ ਨਾ ਬੋਲਿਆ ਅਤੇ ਇੱਕ ਦੋ ਥਾਂਈਂ ਉਹਨੇ ਮੇਰਾ ਨੁਕਸਾਨ ਵੀ ਕੀਤਾ।ਜਿੰਨੀ ਦੇਰ ਕੇਸ ਤਿਆਰ ਹੋਣ ਨੂੰ ਲੱਗੀ ਸਰਬਜੀਤ ਆਪਣੀ ਮਾਂ ਨੂੰ ਘਰ ਜਾ ਕੇ ਮਿਲਦੀ ਰਹੀ ਅਤੇ ਫੋਨ ਵੀ ਕਰਦੀ ਰਹੀ। ਮਾਂ ਤੋਂ ਬਿਨਾਂ ਉਹਦਾ ਇਥੇ ਹੈ ਵੀ ਕੌਣ ਸੀ। ਇਸ ਬਾਲੜੀ ਉਮਰ ਵਿਚ ਉਹ ਸਹਾਰੇ ਲਈ ਹੋਰ ਜਾਂਦੀ ਵੀ ਕਿੱਥੇ। ਅੰਦਰੋਂ ਖੇਰੂੰ-ਖੇਰੂੰ ਹੋਇਆ ਇਨਸਾਨ ਤਿਨਕੇ ਦਾ ਸਹਾਰਾ ਲੱਭਦਾ। ਆਪਣੀ ਮਾਂ ਨਾਲ ਉਹਦਾ ਬੜਾ ਤਿਹੁ ਸੀ। ਸਰਬਜੀਤ ਦੀ ਮਾਂ ਨੇ ਉਹਦੇ ਤਰਲੇ ਕੀਤੇ ਕਿ ਉਹਦੀ ਰੁੜ੍ਹੀ ਜਾਂਦੀ ਦੁਨੀਆਂ ਨੂੰ ਉਹ ਬਚਾ ਲਵੇ। ਉਹਦੇ ਕੋਲੋਂ ਇਹ ਬੇਇੱਜ਼ਤੀ ਅਤੇ ਰਿਸ਼ਤੇਦਾਰਾਂ ਦੇ ਤਾਹਣੇ-ਮਿਹਣੇ ਨਹੀਂ ਸਹਾਰ ਹੋਣੈਂ ਉਹ ਤਾਂ ਜੀਊਂਦੀ ਈ ਮਰ ਜਾਵੇਗੀ। ਕੱਚੀ ਉਮਰ ਦੀ ਨਬਾਲਗ ਸਰਬਜੀਤ ਤੋਂ ਮਾਂ ਦਾ ਦੁੱਖ ਬਰਦਾਸ਼ਤ ਨਾ ਹੋਇਆ ਅਤੇ ਕਚਹਿਰੀ ਵਿਚ ਕੇਸ ਲੱਗਣ ਤੇ ਸਰਬਜੀਤ ਬਿਆਨ ਬਦਲ ਲਏ। ਉਹਦਾ ਮਤਰਇਆ ਬਲਾਤਕਾਰੀ ਬਾਪ ਜੇਲ੍ਹੋਂ ਜਾਣ ਬਚ ਗਿਆ। ਸਰਬਜੀਤ ਮੁੜ ਕਦੇ ਆਪਣੇ ਘਰ ਨਾ ਗਈ ਅਤੇ ਉਹਦੀ ਮਾਂ ਇਸ ਗੁਨਾਹ ਨੂੰ ਪਚਾ ਨਾ ਸਕੀ। ਉਹ ਕੁੱਝ ਦੇਰ ਘੋਰ ਉਦਾਸੀ ਦੀ ਸਿ਼ਕਾਰ ਰਹੀ ਅਤੇ ਫਿਰ ਐਸੀ ਬੀਮਾਰ ਹੋਈ ਕਿ ਉੱਠ ਨਾ ਸਕੀ। ਸਰਬਜੀਤ ਇਸ ਝੱਖੜ ਵਿਚ ਟੁੱਟੇ ਪੱਤੇ ਵਾਂਗ ਝੰਬੀ ਗਈ।
ਡਾ. ਹਰੀਸ਼ ਮਲਹੋਤਰਾ ਬ੍ਰਮਿੰਘਮ