ਕੱਟਿਆਂਵਾਲੀ ਦੇ ਕਿਸਾਨ ਗੁਰਮੀਤ ਸਿੰਘ ਨੇ ਪੂਸਾ ਕ੍ਰਿਸ਼ੀ ਵਿਗਿਆਨ ਮੇਲੇ ਵਿਚ ਜਿਤਿਆ ਨੈਸ਼ਨਲ ਪੱਧਰ ਦਾ ਐਵਾਰਡ
ਸ੍ਰੀ ਮੁਕਤਸਰ ਸਾਹਿਬ:- ਦਿੱਲੀ ਵਿਖੇ ਕਰਵਾਏ ਗਏ ਪੂਸਾ ਕ੍ਰਿਸ਼ੀ ਵਿਗਿਆਨ ਮੇਲੇ ਵਿਚ ਜ਼ਿਲਾ ਸ੍ਰੀ ਮੁਕਤਸਰ ਸਾਹਿਬ ਅਧੀਨ ਆਉਂਦੇ ਪਿੰਡ ਕੱਟਿਆਂਵਾਲੀ ਦੇ ਕਿਸਾਨ ਗੁਰਮੀਤ ਸਿੰਘ ਨੂੰ ਬੀਤੇ ਦਿਨੀਂ ਨੈਸ਼ਨਲ ਪੱਧਰ ਦਾ ਐਵਾਰਡ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਐਵਾਰਡ ਨਾਲ ਸਨਮਾਨਿਤ ਕਰਨ ਤੋਂ ਬਾਅਦ ਉਸ ਨੂੰ ਇਕ ਸਫ਼ਲ ਕਿਸਾਨ ਐਲਾਨਿਆ ਗਿਆ। ਇਸ ਮੇਲੇ ਵਿਚ ਦੇਸ਼ ਭਰ ਦੇ ਵੱਖ-ਵੱਖ ਸੂਬਿਆਂ ਤੋਂ ਆਏ 39 ਕਿਸਾਨਾਂ ਨੂੰ ਸਨਮਾਨਿਤ ਕੀਤਾ ਗਿਆ। ਵਿਸ਼ੇਸ਼ ਗੱਲ ਇਹ ਹੈ ਕਿ ਪੰਜਾਬ ਵਿਚੋਂ ਸਿਰਫ਼ ਗੁਰਮੀਤ ਸਿੰਘ ਨੂੰ ਹੀ ਇਸ ਐਵਾਰਡ ਵਾਸਤੇ ਚੁਣਿਆ ਗਿਆ ਸੀ। ਦਿੱਲੀ ਦੇ ਖੇਤੀਬਾੜੀ ਮੰਤਰੀ ਕੈਲਾਸ਼ ਚੌਧਰੀ, ਡਾਇਰੈਕਟਰ ਜਨਰਲ ਭਾਰਤ ਡਾਕਟਰ ਤਰਲੋਚਨ ਮਹਾਂਪਾਤਰਾ ਤੇ ਡਾਇਰੈਕਟਰ ਡਾਕਟਰ ਏ.ਕੇ. ਸਿੰਘ ਨੇ ਉਨ੍ਹਾਂ ਨੂੰ ਸਨਮਾਨਿਤ ਕੀਤਾ। ਪੰਜਾਬ ਦੇ ਹਿੱਸੇ 10 ਸਾਲਾ ਬਾਅਦ ਇਹ ਐਵਾਰਡ ਆਇਆ ਹੈ।
ਜ਼ਿਕਰਯੋਗ ਹੈ ਕਿ ਗੁਰਮੀਤ ਸਿੰਘ ਰੇਲਵੇ ਮਹਿਕਮੇ ਵਿਚ ਪਟਿਆਲਾ ਵਿਖੇ ਬਤੌਰ ਹੈਡ ਟੀ.ਟੀ. ਨਿਯੁਕਤ ਹੈ ਪਰ ਪਿੰਡ ਖੇਤੀਬਾੜੀ ਵਿਚ ਖੁਦ ਆਪ ਹੀ ਅਹਿਮ ਭੂਮਿਕਾ ਨਿਭਾ ਰਿਹਾ ਹੈ। ਕਿਸਾਨ ਨੇ ਪਿਤਾ ਮਹਿੰਦਰ ਸਿੰਘ ਅਧਿਆਪਕ ਹਨ ਅਤੇ ਉਸ ਦੀ ਪਤਨੀ ਪੂਨਮਦੀਪ ਕੌਰ ਘਰੇਲੂ ਔਰਤ ਹੈ। ਉਸ ਦੇ ਦੋ ਬੱਚੇ ਇਕ ਮੁੰਡਾ ਅਤੇ ਇਕ ਕੁੜੀ ਹੈ, ਜੋ ਛੋਟੇ ਹਨ ਅਤੇ ਸਕੂਲ ’ਚ ਪੜ੍ਹ ਰਹੇ ਹਨ। ਜਾਣਕਾਰੀ ਅਨੁਸਾਰ ਗੁਰਮੀਤ ਸਿੰਘ ਨੇ ਖੇਤਾਂ ਵਿਚ ਮਸ਼ੀਨੀਕਰਨ ਨੂੰ ਅਪਣਾਇਆ ਅਤੇ ਟਰੈਕਟਰ ਟਰਾਲੀ ਤੋਂ ਲੈ ਕੇ ਰੋਟਾਵੀਟਰ, ਸੀਡ ਡਰਿੱਲ, ਜ਼ੀਰੋ ਡਰਿਲ, ਸਪਰੇ ਪੰਪ, ਸੋਲਰ ਪੰਪ ਦੀ ਵਰਤੋਂ ਕੀਤੀ ਹੈ।ਉਨ੍ਹਾਂ ਨੇ ਪੂਸਾ ਬਾਸਮਤੀ ਦੀ ਵੈਰਾਇਟੀ ਪੀ.ਬੀ.-44, ਪੀ.ਬੀ.1121, ਪੀ.ਬੀ.-1509 ਅਤੇ ਕਣਕ ਦੀ ਐੱਚ.ਡੀ.-2967, ਐੱਚ.ਡੀ.-3086, ਐੱਚ.ਡੀ.3226 ਅਤੇ ਐੱਚ.ਡੀ. 3271 ਕਿਸਮ ਦੀ ਵਰਤੋਂ ਕੀਤੀ ਹੈ। ਬਾਗਬਾਨੀ ਫਸਲਾਂ ਵਿਚ ਕਿੰਨੂ ਅਤੇ ਪਿਆਜ ਦੀ ਖੇਤੀ ਕਰਕੇ ਚੰਗਾ ਮੁਨਾਫ਼ਾ ਕਮਾਇਆ। ਵਾਧੂ ਆਮਦਨ ਲਈ ਪਸ਼ੂਧਨ ਅਤੇ ਮੱਛੀ ਪਾਲਣ ਦਾ ਧੰਦਾ ਅਪਣਾਇਆ। ਹੋਰਨਾ ਕਿਸਾਨਾਂ ਲਈ ਗੁਰਮੀਤ ਸਿੰਘ ਇਕ ਪ੍ਰੇਰਨਾ ਸਰੋਤ ਬਣ ਰਹੇ ਹਨ। ਐਵਾਰਡ ਮਿਲਣ ਤੋਂ ਬਾਅਦ ਦਿੱਲੀ ਤੋਂ 'ਜਗ ਬਾਣੀ' ਨਾਲ ਟੈਲੀਫ਼ੋਨ ’ਤੇ ਗੱਲਬਾਤ ਕਰਦਿਆਂ ਉਨ੍ਹਾਂ ਨੇ ਬੇਹੱਦ ਖੁਸ਼ੀ ਮਨਾਈ ਅਤੇ ਕਿਹਾ ਕਿ ਉਹ ਅੱਗੇ ਤੋਂ ਵੀ ਇਸ ਕੰਮ ਲਈ ਜੁਟੇ ਰਹਿਣਗੇ