ਬੱਚਿਆਂ ਨੂੰ ਬਿਮਾਰੀਆਂ ਤੋ ਬਚਾਉਣ ਲਈ ਸੰਪੂਰਨ ਟੀਕਾਕਰਣ ਕਰਵਾਉਣਾਂ ਮਾਪਿਆਂ ਦਾ ਮੁੱਢਲਾ ਫ਼ਰਜ਼- ਡਾ ਤੇਜਵੰਤ ਸਿੰਘ ਢਿੱਲੋਂ
ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਵੱਲੋਂ ਛੋਟੇ ਬੱਚਿਆਂ ਨੂੰ ਬਿਮਾਰੀਆਂ ਤੋਂ ਬਚਾਉਣ ਲਈ ਟੀਕਾਕਰਣ ਮੁਹਿੰਮ ਚਲਾਈ ਜਾ ਰਹੀ ਹੈ, ਜਿਸ ਦਾ ਮੁੱਖ ਮਕਸਦ ਬੱਚਿਆਂ ਨੂੰ ਬਿਮਾਰੀਆਂ ਤੋਂ ਬਚਾ ਕੇ ਨਰੋਏ ਸਮਾਜ ਦੀ ਸਿਰਜਣਾ ਕਰਨਾ ਹੈ। ਇਸੇ ਲੜੀ ਤਹਿਤ ਵਿਸ਼ਵ ਟੀਕਾਕਰਨ ਦੀ 50ਵੀਂ ਵਰ੍ਹੇਗੰਢ ਮੌਕੇ ਵਿਸ਼ੇਸ਼ ਟੀਕਾਕਰਨ ਕੈਪਾਂ ਦਾ ਆਯੋਜਨ ਕੀਤਾ ਗਿਆ ਹੈ। ਇਸ ਮੁਹਿੰਮ ਤਹਿਤ ਬਠਿੰਡਾ ਜਿਲ੍ਹੇ ਦੇ ਸਮੂਹ ਪਿੰਡਾਂ ਅਤੇ ਸ਼ਹਿਰੀ ਖੇਤਰਾਂ ਦੇ ਬੱਚਿਆਂ ਨੂੰ ਟੀਕੇ ਲਗਾਏ ਗਏ। ਇਸ ਤੋਂ ਇਲਾਵਾ ਹਰ ਬੁੱਧਵਾਰ ਸਬ-ਸੈਂਟਰਾਂ ਤੇ ਟੀਕਾਕਰਨ ਕੀਤਾ ਜਾਂਦਾ ਹੈ। ਬੱਚਿਆਂ ਦਾ ਸੰਪੂਰਣ ਟੀਕਾਕਰਨ ਕਰਾਉਣ ਵਿੱਚ ਮਾਪਿਆਂ ਦੇ ਸਹਿਯੋਗ ਦੀ ਲੋੜ ਪੈਂਦੀ ਹੈ।
ਇਸੇ ਸੰਬੰਧੀ ਵੱਖ-ਵੱਖ ਜਾਗਰੂਕਤਾ ਸੈਮੀਨਾਰ ਅਤੇ ਰੈਲੀਆਂ ਦਾ ਵੀ ਆਯੋਜਨ ਕੀਤਾ ਜਾਂਦਾ ਹੈ। ਜਨਮ ਤੋਂ ਲੈ ਕੇ 16 ਸਾਲ ਤੱਕ ਦੇ ਉਮਰ ਦੇ ਬੱਚਿਆਂ ਦਾ ਟੀਕਾਕਰਨ ਸਰਕਾਰੀ ਸਿਹਤ ਸੰਸਥਾਵਾਂ ਵਿੱਚ ਮੁਫ਼ਤ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ ਗਰਭਵਤੀ ਔਰਤਾਂ ਨੂੰ ਵੀ ਟੀਕੇ ਲਗਾਏ ਜਾਂਦੇ ਹਨ। ਡਾ. ਮੀਨਾਕਸ਼ੀ ਸਿੰਗਲਾ ਜਿਲ੍ਹਾ ਟੀਕਾਕਰਨ ਅਫ਼ਸਰ ਨੇ ਦੱਸਿਆ ਕਿ ਹਰੇਕ ਬੱਚੇ ਨੂੰ ਵੱਖ-ਵੱਖ ਬਿਮਾਰੀਆਂ ਤੋਂ ਬਚਾਉਣ ਲਈ ਨਿਯਮਿਤ ਸੂਚੀ ਅਨੁਸਾਰ ਟੀਕੇ ਲਗਾਏ ਜਾਂਦੇ ਹਨ, ਜੋ ਕਿ ਜਨਮ ਤੋਂ ਹੀ ਸ਼ੁਰੂ ਹੋ ਜਾਂਦੇ ਹਨ। ਇਸ ਤੋਂ ਇਲਾਵਾ ਅੰਧਰਾਤੇ ਤੋਂ ਬਚਾਅ ਲਈ ਵਿਟਾਮਿਨ-ਏ ਦੀਆਂ ਖੁਰਾਕਾਂ ਵੀ ਪਿਲਾਈਆਂ ਜਾਦੀਆਂ ਹਨ। Author : Malout Live