ਐੱਸ.ਡੀ.ਐਮ ਸ਼੍ਰੀ ਮੁਕਤਸਰ ਸਾਹਿਬ ਵੱਲੋਂ ਸਕੂਲੀ ਬੱਸਾਂ ਦੀ ਚੈਕਿੰਗ ਮੁਹਿੰਮ ਦੇ ਨਿਰਦੇਸ਼

ਮਲੋਟ (ਸ਼੍ਰੀ ਮੁਕਤਸਰ ਸਾਹਿਬ): ਉਪ ਮੰਡਲ ਮੈਜਿਸਟ੍ਰੇਟ ਸ਼੍ਰੀ ਮੁਕਤਸਰ ਸਾਹਿਬ ਸ. ਕੰਵਰਜੀਤ ਸਿੰਘ ਵੱਲੋਂ ਆਪਣੇ ਦਫ਼ਤਰ ਵਿਖੇ ਸੇਫ ਸਕੂਲ ਵਾਹਨ ਪਾਲਿਸੀ ਤਹਿਤ ਟ੍ਰੈਫ਼ਿਕ ਪੁਲਿਸ ਅਤੇ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਨਾਲ ਮੀਟਿੰਗ ਕੀਤੀ ਗਈ। ਇਸ ਮੌਕੇ ਉਪ ਮੰਡਲ ਮੈਜਿਸਟ੍ਰੇਟ ਸ਼੍ਰੀ ਮੁਕਤਸਰ ਸਾਹਿਬ ਵੱਲੋਂ ਦੱਸਿਆ ਗਿਆ ਕਿ ਅਕਸਰ ਹੀ ਸਕੂਲੀ ਬੱਸਾਂ ਦੇ ਡਰਾਈਵਰਾਂ ਵੱਲੋਂ ਸੇਫ ਸਕੂਲ ਵਾਹਨ ਪਾਲਿਸੀ ਦੇ ਨਿਯਮਾਂ ਦੀਆਂ ਉਲੰਘਣਾ ਕਰਕੇ ਕਈ ਵਾਰ ਹਾਦਸੇ ਵਾਪਰ ਜਾਂਦੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਜਾਰੀ ਸੇਫ ਸਕੂਲ ਵਾਹਨ ਪਾਲਿਸੀ ਤਹਿਤ ਸਕੂਲੀ ਬੱਚਿਆਂ ਦੇ ਵਾਹਨਾਂ ਦੇ ਲੋੜੀਂਦੇ ਮਾਪਦੰਡ ਨੂੰ ਯਕੀਨੀ ਬਣਾਇਆ ਜਾਵੇ ਤਾਂ ਜੋ ਵਿਦਿਆਰਥੀਆਂ ਦੀ ਸੁਰੱਖਿਆ ਯਕੀਨੀ ਬਣਾਈ ਜਾ ਸਕੇ। ਸੇਫ ਸਕੂਲ ਵਾਹਨ ਪਾਲਿਸੀ ਤਹਿਤ ਸਕੂਲ ਮੁੱਖੀ ਹੀ ਬੱਚਿਆਂ ਦੇ ਸੁਰੱਖਿਅਤ ਟਰਾਂਸਪੋਰਟੇਸ਼ਨ ਲਈ ਜ਼ਿੰਮੇਵਾਰ ਹਨ। ਉਨ੍ਹਾਂ ਦੱਸਿਆ ਕਿ ਸੇਫ ਸਕੂਲ ਵਾਹਨ ਪਾਲਿਸੀ ਤਹਿਤ ਸਕੂਲੀ ਬੱਸਾਂ ਵਿੱਚ ਸੀ.ਸੀ.ਟੀ.ਵੀ ਕੈਮਰੇ ਅਤੇ ਸਪੀਡ ਗਵਰਨਰ ਲੱਗੇ ਹੋਣੇ ਚਾਹੀਦੇ ਹਨ। ਸਕੂਲੀ ਬੱਸ ਵਿੱਚ ਲੇਡੀ ਅਟੈਂਡੈਟ ਦਾ ਹੋਣਾ ਜਰੂਰੀ ਹੈ। ਸ਼ੀਸ਼ੇ ਪਾਰਦਰਸ਼ੀ ਹੋਣੇ ਚਾਹੀਦੇ ਹਨ, ਸਕੂਲੀ ਬੱਸਾਂ ਦੀਆਂ ਸੀਟਾਂ ਵੀ ਆਮ ਬੱਸ ਵਾਂਗ ਹੀ ਹੋਣੀਆਂ ਚਾਹੀਦੀਆਂ ਹਨ। ਸਕੂਲੀ ਬੱਸਾਂ ਵਿੱਚ ਫਸਟ ਏਡ ਕਿੱਟ ਅਤੇ ਅੱਗ ਬੁਝਾਊ ਯੰਤਰ ਹੋਣੇ ਚਾਹੀਦੇ ਹਨ। ਸਕੂਲੀ ਬੱਸਾਂ ਦੇ ਅੱਗੇ On School Duty ਲਿਖਿਆ ਹੋਣਾ ਅਤੇ ਪਿੱਛੇ ਸਕੂਲ ਅਥਾਰਟੀ ਅਤੇ ਟਰਾਂਸਪੋਰਟ ਅਥਾਰਟੀ ਦਾ ਫੋਨ ਨੰਬਰ ਲਿਖਿਆ ਹੋਣਾ ਚਾਹੀਦਾ ਹੈ ਅਤੇ ਸਕੂਲੀ ਬੱਸਾਂ ਦਾ ਰੰਗ ਪੀਲਾ ਹੋਣਾ ਚਾਹੀਦਾ ਹੈ। ਡਰਾਈਵਰ ਦੇ ਕੋਲ ਵੈਲਿਡ ਲਾਇਸੰਸ, ਸਕੂਲ ਵੱਲੋਂ ਨਿਰਧਾਰਿਤ ਵਰਦੀ (ਨੇਮ ਪਲੇਟ ਸਹਿਤ) ਹੋਣੀ ਚਾਹੀਦੀ ਹੈ। ਡਰਾਈਵਰ ਦੀ ਸਕੂਲ ਵੱਲੋਂ ਲਾਜਮੀ ਪੁਲਿਸ ਵੈਰੀਫਿਕੇਸ਼ਨ ਕਰਵਾਉਣੀ ਅਤੇ ਡਰਾਈਵਰ ਦੇ ਇੱਕ ਸਾਲ ਵਿੱਚ ਕੱਟੇ ਗਏ ਚਲਾਨਾਂ ਦੀ ਗਿਣਤੀ ਸਕੂਲ ਵੱਲੋਂ ਵਾਚਣੀ ਲਾਜਮੀ ਹੈ। ਉਪ-ਮੰਡਲ ਮੈਜਿਸਟ੍ਰੇਟ ਸ਼੍ਰੀ ਮੁਕਤਸਰ ਸਾਹਿਬ ਵੱਲੋਂ ਕਿਹਾ ਗਿਆ ਕਿ ਸਕੂਲ ਵਾਹਨਾਂ ਦੀ ਚੈਕਿੰਗ ਲਈ ਆਉਂਦੇ ਦਿਨੀਂ ਟ੍ਰੈਫ਼ਿਕ ਪੁਲਿਸ ਅਤੇ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਦੀ ਟੀਮ ਵੱਲੋਂ ਸਾਂਝੀ ਚੈਕਿੰਗ ਮੁਹਿੰਮ ਵਿੱਢੀ ਜਾਵੇ। ਜਿੰਨ੍ਹਾਂ ਸਕੂਲੀ ਬੱਸਾਂ ਵਿੱਚ ਉਨਤਾਈਆਂ ਪਾਈਆਂ ਜਾਣਗੀਆਂ ਉਹਨਾਂ ਤੇ ਨਿਯਮਾਂ ਅਨੁਸਾਰ ਸਖਤ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਡਾ. ਸ਼ਿਵਾਨੀ ਨਾਗਪਾਲ ਤੇ ਜ਼ਿਲ੍ਹਾ ਟ੍ਰੈਫਿਕ ਪੁਲਿਸ ਇੰਚਾਰਜ ਸਬ-ਇੰਸਪੈਕਟਰ ਸ. ਮਨਿੰਦਰ ਸਿੰਘ ਹਾਜ਼ਿਰ ਸਨ। Author: Malout Live