ਹੀਣਭਾਵਨਾ

ਬਹੁਤ ਲੰਬੇ ਸਮੇਂ ਤੋਂ ਬਾਅਦ, ਜਦੋਂ ਉਸ ਦਾ ਪੈਗਾਮ ਆਇਆ ਤਾਂ ਮੇਰੀਆਂ ਭਾਵਨਾਵਾ ਨੇ ਤਾਂ ਉਛਲਨਾ ਕੁਦਣਾ ਹੀ ਸੀ, ਨਾਲ ਮਨ ਵੀ ਅਚੰਬੇ ਵਿਚ ਪੈ ਗਿਆ ਕਿ ਉਸ ਨੂੰ ਮੇਰਾ ਈ:ਮੇਲ ਅਡਰੈਸ ਕਿਥੋਂ ਮਿਲਿਆ? ਦਿਲ ਨੂੰ ਹਲੂਣਾ ਜਿਹਾ ਆਇਆ ਅਤੇ ਮੇਰਾ ਤਨ ਮਨ ਸਭ ਕਾਲਜ ਦੇ ਦਿਨਾਂ ਵੱਲ ਪਰਤ ਗਿਆ। ਉਦੋਂ ਉਹ ਇਕ ਪ੍ਰਾਈਵੇਟ ਕਾਲਜ ਤੋਂ ਬੀ:ਏ ਕਰਕੇ ਆਈ ਸੀ। ਮੇਰੇ ਨਾਲ ਹੀ ਗੋਰਮਿੰਟ ਕਾਲਜ ਵਿਚ ਐਮ:ਏ ਲਈ ਦਾਖਲਾ ਲਿਆ। ਕਲਾਸ ਵਿਚ ਬੈਠੀ ਬੈਠੀ ਕਈ ਵਾਰੀ ਮੈਨੂੰ ਦੇਖਦੀ ਅਤੇ ਮੈ ਵੀ ਉਸ ਨਾਲ ਨਜ਼ਰਾਂ ਮਿਲਾ ਕੇ ਮੁਸਕ੍ਰਾ ਪੈਂਦਾ। ਕਿੰਨੀ ਦੇਰ ਇਹ ਹੀ ਸਿਲਸਲਾ ਚਲਦਾ ਰਿਹਾ ਅਤੇ ਬੋਲ –ਚਾਲ ਦਾ ਮੌਕਾ ਹੀ ਨਾ ਮਿਲਿਆ। ਬਹੁਤ ਵਾਰੀ ਦਿਲ ਕਰਦਾ ਕਿ ਮੈ ਉਸ ਬਾਰੇ ਪਤਾ ਕਰਾਂ ਤਾਂ ਜੋ ਜਾਣ ਸਕਾਂ ਉਸ ਦੇ ਮਨ ਵਿਚ ਕੀ ਹੈ। ਨਾਲ ਹੀ ਇਹ ਵਿਚਾਰ ਵੀ ਆ ਜਾਂਦਾ ਕਿ ਇਸ ਤਰਾਂ ਕਰਨ ਨਾਲ ਉਹ ਕੋਈ ਗਲਤ ਮਤਲਵ ਨਾ ਸਮਝੇ। ਪਰ ਉਸ ਦੀ ਦੇਖਣ ਵਾਲੀ ਅਦਾ ਨੇ ਹੀ ਮੇਰੇ ਉੱਪਰ ਐਸਾ ਜਾਦੂ ਕੀਤਾ ਕਿ ਮੇਰਾ ਦਿਮਾਗ ਉਸ ਬਾਰੇ ਹੀ ਸੋਚਦਾ ਰਹਿੰਦਾ। ਉਹ ਬਾਕੀ ਕੁੜੀਆ ਨਾਲ ਮਿਲਦੀ ਹੋਈ ਵੀ ਕੁੱਝ ਵੱਖਰੀ ਲਗੱਦੀ। ਭਾਂਵੇ ਉਹ ਆਈ ਮੇਰੇ ਨਾਲ ਹੀ ਸੀ, ਪਰ ਉਸ ਨੇ ਕਾਲਜ ਵਿਚ ਜਾਣ-ਪਹਿਚਾਣ ਮੇਰੇ ਨਾਲੋ ਕਿਤੇ ਜ਼ਿਆਦਾ ਬਣਾ ਲਈ। ਪਰੋਫੈਸਰਾਂ ਨਾਲ ਗੱਲਾਂ ਇੰਝ ਕਰਦੀ ਜਿਵੇਂ ਨਾਲ ਹੀ ਪੜ੍ਹਾਉਂਦੀ ਹੋਵੇ। ਇਕ ਮੈ ਸੀ, ਜਿਸ ਵਿਚ ਇੰਨੀ ਹਿੰਮਤ ਵੀ ਨਹੀ ਸੀ ਕਿ ਉਸ ਨਾਲ ਗੱਲ ਕਰ ਸਕਾਂ। ਪਰ ਮੈ ਇਹ ਜ਼ਰੂਰ ਮਹਿਸੂਸ ਕਰ ਲਿਆ ਕਿ ਉਹ ਮੇਰੀ ਅਦੰਰੂਨੀ ਹੱਲ ਚੱਲ ਜਾਣਦੀ ਹੋਈ ਵੀ, ਇਹ ਹੀ ਕੋਸ਼ਿਸ਼ ਕਰਦੀ ਹੈ ਕਿ ਪਹਿਲ ਮੈ ਹੀ ਕਰਾਂ। ਸਾਰਿਆਂ ਦੇ ਸਾਹਮਣੇ ਬਲਾਉਣ ਦਾ ਮੇਰਾ ਹੌਸਲਾ ਉਸ ਦੇ ਆਤਮਵਿਸ਼ਵਾਸ ਅੱਗੇ ਡਿਗ ਪੈਂਦਾ ਅਤੇ ਇਕੱਲੇ ਕਿਤੇ ਮਿਲਣ ਦਾ ਸਬੱਬ ਹੀ ਨਾ ਬਣਿਆ।
ਉਹਨਾਂ ਦਿਨਾਂ ਵਿਚ ਹੀ ਸਾਡਾ ਕਾਲਜ ਸਲਾਨਾ ‘ਯੂਥ ਫੈਸਟੀਵਲ’ ਲਈ ਚੁਣਿਆ ਗਿਆ ਅਤੇ ਜ਼ੋਰ ਸ਼ੋਰ ਨਾਲ ਤਿਆਰੀਆਂ ਹੋਣ ਲੱਗ ਪਈਆਂ। ਬਹੁਤੇ ਵਿਦਿਆਰਥੀ ਆਪਣਾ ਹਿੱਸਾ ਇਸ ਵਿਚ ਪਾਉਣ ਲੱਗੇ। ਮੈ ਉਸ ਨੂੰ ਗਿੱਧੇ ਦੀ ‘ਪੈਰਕਟਿਸ’ ਕਰਦਿਆਂ ਦੇਖਿਆ ਤਾਂ ਪਤਾ ਲੱਗਾ ਕਿ ਇਹ ਗਿੱਧਾ ਪਾਉਣ ਵਿਚ ਵੀ ਕਾਫ਼ੀ ਮਾਹਿਰ ਹੈ। ਮੇਰੇ ਗੰਭੀਰ ਸੁਭਾਅ ਕਰਕੇ ਦੌਸਤ ਵੀ ਘੱਟ ਹੀ ਬਣੇ। ਮਨਜੀਤ ਜੋ ਵਿਦਿਆਰਥੀ ਤਾਂ ਦੂਸਰੇ ਵਿਭਾਗ ਦਾ ਸੀ, ਫਿਰ ਵੀ ਉਸ ਨੂੰ ਹੀ ਮੈ ਆਪਣਾ ਕਰੀਬੀ ਮਿਤੱਰ ਸਮਝਦਾ। ਕੱਲ ਹੀ ਉਸ ਨੇ ਮੈਨੂੰ ਦੱਸਿਆ, 
“ ਤੇਰੀ ਕਲਾਸ ਦੀ ਨਿੰਮੀ ਮੇਰੇ ਨਾਲ ਡਰਾਮੇ ਵਿਚ ‘ਹੀਰੋਇਨ’ ਹੈ।”
“ ਅੱਛਾ, ਮੈ ਤਾਂ ਉਸ ਨੂੰ ਗਿੱਧੇ ਦੀ ਹੀ ‘ਪਰੈਕਟਿਸ’ ਕਰਦੇ ਦੇਖਿਆ।”
“ ਬਾਬਾ, ਉਹ ਹਰ ‘ਆਈਟਮ’ ਵਿਚ ਹੀ ਅੱਗੇ ਹੈ।”
“ ਕਲਾਸ ਵਿਚ ‘ਨੋਟਿਸ’ ਵੀ ਸਭ ਤੋਂ ਪਹਿਲਾ ਹੀ ਤਿਆਰ ਕਰ ਲੈਂਦੀ ਹੈ।”
“ਹਾਂ, ਸੱਚ ਤੂੰ ਕਿਉਂ ਨਹੀ ‘ਯੂਥ ਫੈਸਟੀਵਲ’ ਵਿਚ ਭਾਗ ਲੈ ਰਿਹਾ।”
“ ਮੈ ਕੀ ਕਰਾਂਗਾ?”
“ ਯਾਰ, ਤੂੰ ਕਮਾਲ ਦਾ ਗਾਉਂਦਾ ਏ, ਫਿਰ ਵੀ ਪੁੱਛਦਾ, ਕੀ ਕਰਾਂਗਾ।”
“ ਜੇ ਤੂੰ ਕਹਿੰਦਾ ਏ ਤਾਂ ਕੋਸਿਸ਼ ਕਰਕੇ ਦੇਖ ਲਈਏ।”
“ ਕੋਸ਼ਿਸ਼ ਕਾਹਦੀ, ਪੱਕਾ ਸਮਝ, ਮੈ ਹੁਣੇ ਹੀ ‘ਪਰੌਗਰਾਮ ਇੰਨਚਾਰਜ’ ਨਾਲ ਗੱਲ ਕਰਕੇ ਆਉਂਦਾ।”
ਦਸੂਰੇ ਦਿਨ ਮੈ ਮਨਜੀਤ ਨਾਲ ‘ਪਰੈਕਟਿਸ ਲਈ ‘ ਕਮਰੇ ਵਿਚ ਦਾਖਲ ਹੋਇਆ ਤਾਂ ਉਹ ਮੈਨੂੰ ਸਾਹਮਣੇ ਹੀ ਖਲੋਤੀ ਨਜ਼ਰ ਆਈ। ਦੇਖ ਕੇ ਸਿੱਧੀ ਸਾਡੇ ਵੱਲ ਆ ਗਈ।
“ ਇਹ ਮੇਰਾ ਦੋਸਤ ਤੁਹਾਡੀ ਹੀ ਕਲਾਸ ਦਾ ਵਿਦਿਆਰਥੀ ਹੈ, ਤੁਸੀ ਜਾਣਦੇ ਹੀ ਹਵੋਗੇ।”  ਮਨਜੀਤ ਨੇ ਉਸ ਨਾਲ ਗੱਲ ਕਰਨ ਦੇ ਬਹਾਨੇ ਨਾਲ ਕਿਹਾ।
“ ਹਾਂ ਜੀ, ਬਹੁਤ ਚੰਗੀ ਤਰਾਂ।” ਨਾਲ ਹੀ ਉਸ ਨੇ ਆਪਣੀਆਂ ਸ਼ਰਬਤੀ ਅੱਖਾ ਦੇ ਡੂੰਘੇ ਤੀਰ ਮੇਰੇ ਸੀਨੇ ਵਿਚ ਖੋਭ ਦਿੱਤੇ, ਜਿਹਨਾਂ ਦੀਆ ਨੋਕਾ ਹੁਣ ਵੀ ਕਈ ਵਾਰੀ ਦਿਲ ਵਿਚ ਰੜਕਨ ਲੱਗ ਪੈਂਦੀਆਂ ਹਨ॥
“ਪਰ, ਇਹ ਇੱਥੇ ਕਿਵੇ?”
“ ‘ਯੂਥ ਫੈਸਟੀਵਲ’ ਵਿਚ ਗਾਣਾ ਗਾਉਂਣ ਲਈ।”
“ ਅੱਛਾ, ਇਹ ਗਾ ਵੀ ਲੈਂਦੇ ਨੇ।” ਅੱਖਾਂ ਵਿਚ ਹੱਸਦੀ ਨੇ ਕਿਹਾ, “ਮੈ ਤਾਂ ਸੋਚਦੀ ਸਾ ਕਿ ਸ਼ਾਈਦ ਬੋਲ ਵੀ ਨਹੀ ਸਕਦੇ।”
“ ਤੁਸੀ ਬੋਲਣ ਦਾ ਮੌਕਾ ਵੀ ਕਦੋਂ ਦਿੱਤਾ?” ਇਹ ਕਹਿ ਕੇ ਮੈ ਵੀ ਉਸ ਨੂੰ ਉਹਦੇ ਵਾਲੀਆ ਨਜ਼ਰਾ ਨਾਲ ਹੀ ਦੇਖਿਆ।
“ ਮੌਕੇ ਦਿੱਤੇ ਨਹੀ ਜਾਂਦੇ, ਬਣਾਉਣੇ ਪੈਂਦੇ ਹਨ।” ਉਸ ਨੇ ਫਿਰ ਵਿਨਿੰਆ।
“ ਤੁਸੀ ਆਪਣੇ ਗਿਲੇ ਸ਼ਿਕਵੇ ਇਸ ਮੌਕੇ ਵਿਚ ਹੁਣ ਪੂਰੇ ਕਰ ਲਉ, ਮੈ ਪਰੋਫੈਸਰ ਜੋਸ਼ੀ ਨੂੰ ਮਿਲ ਕੇ ਆਇਆ।”ਮਨਜੀਤ ਦੇ ਚਲੇ ਜਾਣ ਤੋਂ ਬਾਅਦ ਮੈਨੂੰ ਫਿਰ ਕੁੱਝ ਨਾ ਸੁੱਝੇ ਕੀ ਗੱਲ ਕਰਾਂ।
“ ਤਹਾਡੇ ਪਿੰਡ ਦਾ ਕੀ ਨਾਮ ਹੈ?” ਉਸ ਨੇ ਹੀ ਗੱਲ ਦੁਬਾਰਾ ਸ਼ੁਰੂ ਕੀਤੀ।
“ ਮਨਸਾ ਪੁਰ।”
“ ਸਾਡੇ ਪਿੰਡ ਦੇ ‘ਉਪੋਜਿਟ’ ਪੈਂਦੇ ਹੋ।”
“ ਪਰ ਮੈ, ਤੁਹਾਡੇ ‘ੳਪੋਜ਼ਿਟ’ ਨਹੀ ਹਾਂ।” ਮੈ ਉਸ ਨੂੰ ਹਸਾਉਣ ਨਾਲ ਕਿਹਾ।
“ ਇਹ ਤਾਂ ਮੈਨੂੰ ਪਤਾ ਹੈ।”
“ ਅੱਜ ਪਹਿਲੀ ਵਾਰ ਮਿਲੇ ਹਾਂ, ਚਲੋ ਕੰਟੀਨ ‘ਤੇ ਚਾਹ ਪੀਂਦੇ ਹਾਂ।”
“ ਅੱਜ ਤਾਂ ਨਹੀ ਪੀ ਸਕਦੀ, ਮੇਰੀ ‘ਰੀਹਰਸਲ’ ਦਾ ਟਾਈਮ ਹੋਣ ਵਾਲਾ ਹੈ, ਕੱਲ ਨੂੰ ਕਿਸੇ ਟਾਈਮ ਵੀ ਹਾਜ਼ਰ ਹੋ ਜਾਵਾਗੀ।”
“ਕੱਲ ਨੂੰ ਗਿਆਰਾ ਵਜੇ ਆਪਾ ਦੋਨੋਂ ਵਿਹਲੇ ਹਾਂ ਕਿਉਕਿ ਪਰੋਫੈਸਰ ਗਿੱਲ ਛੁੱਟੀ ਉੱਪਰ ਨੇ।”
“ ਠੀਕ ਹੈ।”
ਮੈ ਉਸ ਵੱਲ ਦੇਖ ਕੇ ਮੁਸਕ੍ਰਾਇਆ ਅਤੇ ਉਸ ਨੇ ਵੀ ਮੁਸਕਰਾਹਟ ਬਿਖੇਰ ਦਿੱਤੀ। ਫਿਰ ਉਹ ਤਾਂ ਰੀਹਰਸਲ ਵਿਚ ਆਮ ਵਾਂਗ ਸ਼ਾਮਲ ਹੋ ਗਈ। ਪਰ ਮੇਰਾ ਵਜੂਦ ਉਸ ਨਾਲ ਗੱਲਾਂ ਕਰਕੇ ਖੁਸ਼ੀ ਵਿਚ ਖਿੜ ਗਿਆ। ਦੂਸਰੇ ਦਿਨ ਦੀ ਉਡੀਕ ਉਸ ਪਲ ਹੀ ਸ਼ੁਰੂ ਹੋ ਗਈ।ਉਸ ਦਿਨ ਉਹ ਅੱਗੇ ਨਾਲੋ ਮੈਨੂੰ ਜ਼ਿਆਦਾ ਸਜੀ ਨਜ਼ਰ ਆਈ। ਉਸ ਨੇ ‘ ਵੇਵੀ ਬਿਲੂ ਕਲਰ’ ਦਾ ਸੂਟ ਅਤੇ ਨਾਲ ਦੇ ਹੀ ਹਲਕੇ ਜਿਹੇ ਕੰਨਾ ਵਿਚ ‘ਟਾਪਸ’ ਪਹਿਨੇ ਹੋਏ ਸਨ। ਪਰ ਅੱਜ ਉਸ ਨੇ ਕਲਾਸ ਵਿਚ ਮੇਰੇ ਵੱਲ ਨਹੀ ਦੇਖਿਆ। ਇਕ ਦੋ ਵਾਰ ਜਤਨ ਕਰਨ ਤੋਂ ਬਾਅਦ ਮੈ ਵੀ ਹੱਟ ਗਿਆ। ਪੋਣੇ ਕੁ ਗਿਆਰਾ ਵਜੇ ਮੈ ਕੰਟੀਨ ਦੇ ਅੱਗੇ ਜਾ ਖਲੋਤਾ ਅਤੇ ਉਸ ਦੀ ਉਡੀਕ ਵਿਚ ਇਧੱਰ ਉੱਧਰ ਝਾਕਣ ਲੱਗਾ। ਥੋੜੀ ਦੇਰ ਬਾਅਦ ਹੀ ਉਹ ਆਪਣੀਆਂ ਕਿਤਾਬਾਂ ਸੀਨੇ ਨਾਲ ਲਾਈ ਤੁਰੀ ਆਉਂਦੀ ਦਿਸੀ।
“ਚਾਰ ਸਮੋਸੇ ਅਤੇ ਦੋ ਕੱਪ ਚਾਅ ਦੇ ਤਿਆਰ ਕਰ ਦੇ।”  ਕੰਟੀਨ ਵਾਲੇ ਨੂੰ ਉਸ ਦੇ ਪਹੁੰਚਣ ਤੋਂ ਪਹਿਲਾਂ ਹੀ ਕਹਿ ਦਿੱਤਾ।
“ ਲਉ ਜੀ, ਹੁਣੇ ਆਏ।” ਉਸ ਨੂੰ ਆਉਂਦੀ ਦੇਖ ਕੇ ਕੰਟੀਨ ਵਾਲੇ ਨੇ ਵੱਖਰੇ ਜਿਹੇ ਅੰਦਾਜ਼ ਵਿਚ ਕਿਹਾ।
ਉਹ ਕੰਟੀਨ ਵਿਚ ਪਿੱਛੇ ਜਿਹੇ ‘ਕੋਰਨਰ’ ਵਾਲੇ ‘ਟੇਬਲ’ ਉੱਪਰ ਜਾ ਬੈਠੀ, ਮੈ ਵੀ ਧੀਮੇ ਧੀਮੇ ਕਦਮ ਚਲਦਾ ਹੋਇਆ ਉਸ ਦੇ ਸਾਹਮਣੇ ਪਈ ਕੁਰਸੀ ਉੱਪਰ ਜਾ ਬੈਠਾ। ਐਤਕੀ ਗੱਲ ਸ਼ੁਰੂ ਮੈ ਹੀ ਕੀਤੀ, “ ਅੱਜ ਤੁਸੀ ਕਲਾਸ ਵਿਚ ਮੇਰੇ ਨਾਲ ਨਜ਼ਰ ਹੀ ਨਹੀ ਮਿਲਾਈ।”
“ ਹੁਣ ਆਪਣੀਆ ਨਜ਼ਰਾ ਸਪੱਸ਼ਟ ਰੂਪ ਵਿਚ ਆਮਣੇ-ਸਾਹਮਣੇ ਹੋ ਗਈਆਂ ਨੇ , ਫਿਰ ਉਸ ਤਰਾਂ ਦੇਖਣ ਦਾ ਕੀ ਫਾਇਦਾ।”
“ ਇਸ ਦਾ ਮਤਲਵ ਤੁਸੀ ਆਪਣੀ ਨਜ਼ਰਾਂ ਨਾਲ ਮੈਨੂੰ ਸਾਹਮਣੇ ਹੋਣ ਲਈ ਹੀ ਆਖਦੇ …।”
“ ਜੋ ਮਰਜ਼ੀ ਸਮਝ ਲਉ, ਉਹ ਵਿਚੋਂ ਹੀ ਬੋਲੀ, “ ਨਾਲੇ ਆਪਣੇ ‘ਇਗਜ਼ਾਮ’ ਵੀ ਤਾਂ ਨੇੜੇ ਆ ਰਹੇ ਹਨ, ਪੜ੍ਹਾਈ ਵੱਲ ਵੀ ਧਿਆਨ ਦੇਈਏ ।”ਦਿਲ ਤਾਂ ਕਰੇ ਕਿ ਪੁੱਛਾਂ ਪੜ੍ਹਾਈ ਲਈ ਏਨੀ ਗੰਭੀਰ ਕਦੋਂ ਤੋਂ ਹੋ ਗਈ, ਪਰ ਪਹਿਲੀ ਮੁਲਾਕਾਤ ਕਰਕੇ ਹਰ ਗੱਲ ਦਾਈਰੇ ਵਿਚ ਹੀ ਰੱਖਣ ਦੀ ਕੌਸ਼ਿਸ਼ ਕੀਤੀ।ਇਸ ਦਿਨ ਤੋਂ ਬਾਅਦ ਅਸੀ ਆਮ ਹੀ ਮਿਲਣ ਲੱਗ ਪਏ। ਕਾਲਜ ਵਿਚ ਸਾਡੇ ਬਾਰੇ ਥੋੜੇ ਬਹੁਤੇ ਚਰਚੇ ਵੀ ਛਿੜੇ। ਪਰ ਅਸੀ ਅਜਿਹੀਆਂ ਗੱਲਾਂ ਤੋਂ ਬੇਖਬਰ ਆਪਣੀ ਦੌਸਤੀ ਜਾਂ ਮੁਹੱਬਤ ਜਾਰੀ ਰੱਖੀ। ਦੋਸਤੀ ਇਸ ਕਰਕੇ ਕਿ ਅਸੀ ਜਦੋਂ ਵੀ ਮਿਲਦੇ ਇਕ ਹੱਦ ਅੰਦਰ ਰਹਿ ਕੇ ਹੀ ਗੱਲ-ਬਾਤ ਕਰਦੇ। ਉਸ ਨੇ ਤਾਂ ਕੀ ਅੱਗੇ ਵਧੱਨਾ ਸੀ, ਮੈ ਵੀ ਸ਼੍ਰਿਚਟਾਚਾਰ ਹੀ ਅਪਨਾਈ ਰੱਖਿਆ। ਇਸ ਤਰਾਂ ਐਮ.ਏ ਦਾ ਪਹਿਲਾ ਸਾਲ ਖਤਮ ਹੋ ਗਿਆ। ਉਸ ਦੇ ਨੰਬਰ ਮੇਰੇ ਨਾਲੋ ਜ਼ਿਆਦਾ ਸਨ, ਪਰ ਮੈਨੂੰ ਇਸ ਦਾ ਕੋਈ ਫਰਕ ਨਹੀ ਸੀ। ਕਿਉਕਿ ਹੁਣ ਮੈਨੂੰ ਉਸ ਵਿਚ ਅਤੇ ਆਪਣੇ ਆਪ ਵਿਚ ਕੋਈ ਅੰਤਰ ਨਹੀ ਸੀ ਦਿਸਦਾ। ਮੈ ਤਾਂ ਉਸ ਨੂੰ ਹੁਣ 'ਤੁਸੀ' ਦੀ ਥਾਂ ‘ਤੇ 'ਤੂੰ' ਕਹਿ ਕੇ ਬਲਾਉਂਦਾ ਸਾਂ। ਜਦੋਂ ਮੈ ਉਸ ਨੂੰ ਪਹਿਲੇ ਦਿਨ ਤੂੰ ਕਿਹਾ ਸੀ, ਉਸ ਨੂੰ ਵੀ ਜਿਵੇ ਚੰਗਾ ਲੱਗਾ, ਕਿਉਕਿ ਉਸ ਨੇ ਕਿਹਾ ਸੀ, “ ਹੁਣ ਤੁਹਾਡੀਆਂ ਗੱਲਾਂ ਵਿਚੋਂ ਅਪਣੱਤ ਦੀ ਮਹਿਕ ਆਉਂਦੀ ਹੈ।”
“ ਅੱਗੇ ਸਾਰਾ ਸਾਲ ਮੈ ਤੇਰੇ ਨਾਲ ਦਵੈਤ ਹੀ ਰੱਖੀ।”
“ ਮੇਰਾ ਕਹਿਣ ਦਾ ਭਾਵ ਕਿ ਆਪਾਂ ਹੁਣ ਅੱਗੇ ਨਾਲੋ ਨਯਦੀਕ ਆ ਗਏ ਹਾਂ।”
“ ਅੱਛਾ, ਪਰ ਤੂੰ ਆਪ ਤਾਂ ਮੈਨੂੰ ਤੁਸੀ ਹੀ ਕਹਿੰਦੀ ਹੋ।”
“ ਆਪਣੀ ਸੱਭਿਆਤਾ ਵਿਚ ਇਹ ਹੀ ਸ਼ੋਭਦਾ ਹੈ।” ਮਰਦ ਪ੍ਰਧਾਨ ਸਮਾਜ ਦੇ ਅਸਰ ਅਧੀਨ ਉਸ ਨੇ ਕਿਹਾ।
ਉਸ ਦਾ ਸਾਥ ਮਿਲਣ ਨਾਲ ਮੇਰਾ ਆਤਮਵਿਸ਼ਵਾਸ ਵੀ ਵੱਧ ਗਿਆ। ਕਾਲਜ ਦੇ ਮੁੰਡਿਆ ਵਿਚ ਜਿਵੇ ਮੇਰੀ ਟੋਹਰ ਜਿਹੀ ਬਣ ਗਈ ਹੋਵੇ। ਉਸ ਦੀ ਰੀਸ ਨਾਲ ਮੈ ਪੜ੍ਹਾਈ ਵੀ ਲਗਨ ਨਾਲ ਕਰਨ ਲੱਗ ਪਿਆ। ਕਈ ਵਾਰੀ ਅਸੀ ਯੂਥਫੈਸਟੀਵਲ ਜਾਂ ਕਾਲਜ ਟੂਰ ਲਈ ਇੱਕਠੇ ਹੀ ਜਾਂਦੇਂ, ਫਿਰ ਵੀ ਸਾਡੇ ਦੋਹਾਂ ਵਿਚਕਾਰ ਇਕ ਵਿੱਥ ਦਾ ਫਾਸਲਾ ਹੁੰਦਾ। ਪਰ ਉਸ ਦਿਨ, ਬੱਸਾਂ ਵਾਲਿਆਂ ਦੀ ਹੜਤਾਲ ਕਾਰਨ, ਟਾਮੀ ਟਾਮੀ ਹੀ ਕੋਈ ਮਿੰਨੀ ਬੱਸ ਚੱਲ ਰਹੀ ਸੀ। ਉਹ ਵੀ ਨਹੀ ਸੀ ਮਿਲ ਰਹੀ। ਅੱਗੇ ਕਾਲਜ ਬੰਦ ਹੋਣ ਦੀ ਦੇਰ ਹੁੰਦੀ ਅਤੇ ਉਹ ਝੱਟ ਅੱਡੇ ਉੱਪਰ ਪਹੁੰਚ ਜਾਂਦੀ । ਰੁੱਕਣ ਲਈ ਆਖਾਂ ਵੀ ਤਾ ਰੁੱਕਦੀ ਨਾ। ਉਸ ਦਿਨ ਆਪ ਹੀ ਕਹਿਣ ਲੱਗੀ,
“ ਆਉ, ਕਾਲਜ ਦੇ ਨਾਲ ਵਾਲੇ ਅੰਬਾਂ ਦੇ ਬਾਗ ਵਿਚ ਘੁੰਮ ਕੇ ਆਈਏ।”
“ ਜ਼ਰੂਰ।” ਮੈ ਤਾਂ ਇਸ ਤਰਾਂ ਦੇ ਮੌਕੇ ਲੱਭਦਾ ਹੀ ਰਹਿੰਦਾ ਸਾਂ ਕਿ ਕਦੋਂ ਅਸੀ ਇਕੱਠੇ ਹੋਈਏ। ਉਸ ਦਿਨ ਤਾਂ ਮੌਸਮ ਵੀ ਕਾਫ਼ੀ ਸੁਹਾਵਣਾ ਸੀ। ਸੂਰਜ ਅਤੇ ਬੱਦਲ ਆਪਸ ਵਿਚ ਲੁਕਣਮੀਚੀ ਖੇਡ ਰਹੇ ਸਨ। ਉਹਨਾ ਨੂੰ ਖੇਡਦਿਆਂ ਦੇਖ ਕੇ, ਮੇਰਾ ਵੀ ਦਿਲ ਕੀਤਾ ਉਸ ਨਾਲ ਖੇਡਣ ਨੂੰ, ਪਰ ਇਕ ਦਾਈਰੇ ਦੇ ਵਿਚ ਵਿਚ ਹੀ। ਬਾਗ ਤੱਕ ਪਹੁੰਚਦਿਆਂ ਬੱਦਲ ਜਿੱਤ ਗਏ। ਗਹੂੜੇ ਹੋ ਕੇ ਜਿੱਤ ਦੀ ਖੁਸ਼ੀ ਵਿਚ ਅਸਮਾਨ ‘ਤੇ ਪੈਲਾਂ ਪਾਉਣ ਲੱਗੇ। ਸੂਰਜ ਹਾਰ ਕੇ ਕਿਤੇ ਲੁਕ ਗਿਆ। ਉਹ ਮੇਰੀ ਹਮਕੱਦਮ ਹੋ ਕੇ ਚੱਲਣ ਲੱਗੀ । ਬਾਗ ਵਿਚ ਤਾਂ ਬਾਹਰ ਨਾਲੋ ਜ਼ਿਆਦਾ ਹੀ ਹਨੇਰਾ ਲੱਗੇ। ਸੁੱਨ -ਸਾਨ ਬਾਗ, ਮਾਲੀ ਵੀ ਬੱਦਲਾਂ ਤੋਂ ਡਰਦਾ ਝੁੱਗੀ ਵਿਚ ਜਾ ਲੁਕਿਆ। ਇਕਦੱਮ ਬਿਜਲੀ ਕੜਕੀ, ਉਹ ਡਰ ਕੇ ਮੇਰੇ ਨਾਲ ਜਾ ਲੱਗੀ। ਮੈ ਵੀ ਉਸ ਦੇ ਵਜੂਦ ਨੂੰ ਆਪਣੀਆ ਬਾਹਾਂ ਵਿਚ ਲੁਕਾ ਲਿਆ। ਪਹਿਲੀ ਵਾਰੀ ਇਕ ਦੂਜੇ ਛੋਹ ਪ੍ਰਾਪਤ ਹੋਣ ਕਾਰਨ ਇਕ ਅੱਲਗ ਤਰਾਂ ਦਾ ਅਨੁਭਵ ਹੋਇਆ। ਦਿਲ ਦਾਈਰਾ ਤੋੜਨ ਨੂੰ ਕੀਤਾ। ਪਰ ਦਿਮਾਗ ਨੇ ਇੱਜ਼ਾਜਤ ਨਾ ਦਿੱਤੀ ਅਤੇ ਉਹ ਵੀ ਛੇਤੀ ਹੀ ਸੰਭਲ ਗਈ। ਉਹ ਆਉਣ ਵਾਲੇ ‘ਫਾਈਨਲ’ ਇੰਮਤਿਹਾਨ ਦੀਆਂ ਗੱਲਾਂ ਲੈ ਤੁਰੀ। ਉਸ ਨੂੰ ਪਤਾ ਸੀ ਕਿ ਕਾਲਜ ਤੋਂ ਬਾਅਦ ਮਿਲਣਾ ਮੁਸ਼ਕਲ ਹੋ ਜਾਣਾ ਹੈ।
“ ਕਾਲਜ ਤੋਂ ਬਾਅਦ ਕੀ ਪਰੋਗਰਾਮ ਆ”
“ ਇਹ ਤਾਂ ਰਿਜ਼ਲਟ’ ਤੋਂ ਬਾਅਦ ਹੀ ਪਤਾ ਲੱਗੇਗਾ”
“ ਪਰ ਮੈ ਆਪਣੇ ਦੋਂਨਾਂ ਬਾਰੇ ਗੱਲ ਕਰਦੀ ਪਈ ਆਂ।”
“ ਉਹ, ਇਹ ਤਾਂ ਮੈ ਸੋਚਿਆ ਹੀ ਨਹੀ।”
“ ਤੇ ਕਦੋਂ ਸੋਚਣਾ ਏ।” ਉਹ ਥੌੜਾ ਖਿੱਝ ਗਈ।
ਮੈ ਅੱਜ ਪਹਿਲੀ ਵਾਰੀ ਬੇਝਿਜਕ ਉਸ ਦਾ ਹੱਥ ਫੜ ਕੇ ਗੱਲ ਕੀਤੀ, “ ਪਰੇਸ਼ਾਨ ਹੋਣ ਦੀ ਲੋੜ ਨਹੀ, ਮੌਕਾ ਆਉਂਣ ਉੱਪਰ ਸਭ ਕੁੱਝ ਠੀਕ ਹੋਵੇਗਾ। ਉਦੋਂ ਹੀ ਕਣੀਆਂ ਦੀ ਕਿਨ-ਮਿਣ ਸ਼ੁਰੂ ਹੋ ਗਈ ਅਤੇ ਉਸ ਨੇ ਦੁੱਪਟੇ ਨਾਲ ਆਪਣਾ ਸਿਰ ਢੱਕ ਲਿਆ। ਦੁੱਪਟੇ ਨਾਲ ਉਸ ਦਾ ਹੁਸਨ ਜਿਵੇ ਦੁਗਣਾ ਹੋ ਗਿਆ ਹੋਵੇ ਜਾਂ ਮੈ ਉਸ ਨੂੰ ਪਹਿਲੀ ਵਾਰ ਚੁੰਨੀ ਵਿਚ ਦੇਖਿਆ ਤਾਂ ਜ਼ਿਆਦਾ ਹੁਸੀਨ ਲੱਗੀ । ਮੀਂਹ ਤੋਂ ਡਰਦੀ ਬੋਲੀ, “ ਲੱਗਦਾ ਵਾਰਸ਼ ਬਹੁਤ ਤੇਜ਼ ਆਵੇਗੀ, ਮੀਂਹ ਆਉਣ ਤੋਂ ਪਹਿਲਾਂ ਪਹਿਲਾਂ ਕਾਲਜ ਪਹੁੰਚ ਜਾਈਏ।” ਮਨ ਤਾਂ ਕਰਦਾ ਸੀ ਕਿ ਮੀਂਹ ਵਿਚ ਆਪ ਵੀ ਭਿਜਾਂ ਅਤੇ ਉਸ ਨੂੰ ਵੀ ਨਾਲ ਹੀ …।
ਪਰ ਮਜ਼ਬੂਰ ਹੋਇਆ, ਉਸ ਦੇ ਪਿੱਛੇ ਕਾਲਜ ਵੱਲ ਨੂੰ ਤੁਰ ਪਿਆ।
ਐਮ.ਏ ਦੇ ਆਖਰੀ ਭਾਗ ਵਿਚੋਂ ਉਹ ਕਲਾਸ ਵਿਚੋਂ ਫਸਟ ਆਈ। ਕਾਲਜ ਦੇ ਆਖਰੀ ਦਿਨ ਮੈਨੂੰ ਮਿਲੀ ਅਤੇ ਕਹਿਣ ਲੱਗੀ, “ ਜੇ ਮੇਰੇ ਘਰ ਦੇ ਮੰਨ ਗਏ ਤਾਂ ਮੇਰਾ ਇਰਾਦਾ ਪੀ. ਐਚ. ਡੀ .ਕਰਨ ਦਾ ਹੈ।”
“ ਘਰ ਦੇ ਐਮ, ਏ: ਕਰਨ ਦੇ ਸਕਦੇ ਨੇ, ਪੀ, ਐਚ.ਡੀ, ਕਿਉ ਨਹੀ ?” ਮੈ ਪੁੱਛਿਆ।
“ ਤੁਹਾਨੂੰ ਪਤਾ ਹੀ ਜੱਟਾਂ ਦੇ ਸੁਭਾਅ ਦਾ।”
ਉਸ ਦੀ ਇਹ ਗੱਲ ਸੁਣ ਕੇ ਮੈਨੂੰ ਪਤਾ ਨਹੀ ਕੀ ਹੋ ਗਿਆ। ਮੈ ਤਾਂ ਇਕਦੱਮ ਸਹਿਮ ਗਿਆ। ਉਹ ਮੇਰੇ ਨਾਲੋ ਜ਼ਿਆਦਾ ਨੰਬਰ ਲੈਂਦੀ, ਮੈ ਤਾਂ ਵੀ ਕਦੀ ‘ਕੰਪਲੈਕਸ’ ਮਹਿਸੂਸ ਨਾ ਕੀਤਾ। ਉਸ ਦੀ ਪਹਿਚਾਣ ਕਾਲਜ ਵਿਚ ਮੇਰੇ ਨਾਲੋਂ ਕਿਤੇ ਵੱਧ ਸੀ, ਫਿਰ ਵੀ ਕਦੀ ਹੀਣਭਾਵਣਾ ਨਹੀ ਆਈ। ਪਰ ਅੱਜ ਮੇਰਾ ‘ਨਰਵਸ ਸਿਸਟਮ’ ਜਿਵੇਂ ਬਹੁਤ ਜ਼ਿਆਦਾ ਕਮਜ਼ੋਰ ਹੋ ਗਿਆ ਹੋਵੇ। ਮੈਨੂੰ ਤਾਂ ਪਤਾ ਹੀ ਨਹੀ ਸੀ ਕਿ ਉਹ ਜਿੰਮੀਦਾਰ ਘਰਾਣੇ ਨਾਲ ਸਬੰਧ ਰੱਖਦੀ ਹੈ। ਭਾਂਵੇ ਉਹ ਕਈ ਗੱਲਾਂ ਤੋਂ ਮੇਰੇ ਨਾਲ ਅੱਗੇ ਹੋ ਜਾਂਦੀ, ਮੈਨੂੰ ਕਦੀ ਕੋਈ ਫਰਕ ਨਾ ਪੈਂਦਾ। ਅੱਜ ਪਹਿਲੀ ਵਾਰ ਮੈਨੂੰ ਹੀਣਭਾਵਨਾ ਜਾਂ ਡਰ ਨੇ ਘੇਰ ਲਿਆ। ਮੈ ਸੁੰਨ ਜਿਹਾ ਹੋ ਗਿਆ।
“ ਜ਼ਿਆਦਾ ਉਦਾਸ ਹੋ ਗਏ ਲਗੱਦੇ ਹੋ, ਉਸ ਨੇ ਕਿਹਾ, “ ਆਪਾਂ ਫਿਰ ਮਿਲਾਂਗੇ ਅਤੇ ਜਿੰਦਗੀ ਦਾ ਮੱਹਤਵਪੂਰਨ ਫ਼ੈਸਲਾ ਫਾਈਨਲ ਕਰਨ ਲਈ।”
ਮੈ ਕੁੱਝ ਵੀ ਨਾ ਬੋਲ ਸਕਿਆ ਅਤੇ ਦੇਖਦੇ ਦੇਖਦੇ ਉਹ ਆਪਣੇ ਪਿੰਡ ਵਾਲੀ ਬੱਸ ਨੂੰ ਚੱਲ ਪਈ। ਮੈਨੂੰ ਤਾਂ ਇੰਨਾ ਹੀ ਪਤਾ ਸੀ ਕਿ ਉਹ ਵੀ ਸਿੱਖ ਧਰਮ ਵਿਚ ਵਿਸ਼ਵਾਸ ਰੱਖਦੀ ਹੈ ਅਤੇ ਮੈ ਵੀ। ਪਰ ਫਿਰ ਵੀ ਮੈ ਜਾਂਤਾਂ- ਪਾਤਾਂ ਵਿਚੋਂ ਨਿਕਲ ਨਾ ਸਕਿਆ ਅਤੇ ਹੀਣ ਭਾਵਨਾ ਨੇ ਆਪਣਾ ਦਾਬਾ ਪੂਰੀ ਤਰਾਂ ਮੇਰੇ ਉੱਪਰ ਪਾ ਲਿਆ। ਉਸ ਦੀ ਜਾਤ ਤੋਂ ਡਰ ਗਿਆ ਜਾਂ ਮੈਨੂੰ ਆਪਣੀ ਮਿਸਤਰੀ ਬਰਾਦਰੀ ਅੱਜ ਪਹਿਲੀ ਵਾਰ ਛੋਟੀ ਲਗਣ ਲੱਗ ਪਈ। ਉਸ ਨਾਲ ਜ਼ਿੰਦਗੀ ਬਿਤਾਉਣ ਦਾ ਸਪਨਾ ਦੇਖਣਾ ਮੈ ਛੱਡ ਦਿੱਤਾ। ਆਪਣੇ ਮਨ ਨੂੰ ਵੀ ਸਮਝਾਉਣ ਲੱਗਾ। ਉਸ ਦੇ ਬੇਥਰੇ ਸਨੁਹੇ ਆਏ, ਪਰ ਮੈ ਇਕ ਨਾ ਸੁਣਿਆ। ਉਸ ਦੇ ਸਾਹਮਣੇ ਜਾਣ ਦੀ ਮੇਰੀ ਸੋਚ ਕਿਤੇ ਜਿਵੇ ਮਰ ਗਈ ਹੋਵੇ। ਬਾਅਦ ਵਿਚ ਮੈ ਜਲੰਧਰ ‘ਅਕਸਾਈਜ਼ ਇੰਨਸਪੈਕਟਰ’ ਲੱਗ ਗਿਆ। ਉਸ ਦਾ ਵਿਆਹ ਆਰਮੀ ਆਫ਼ੀਸਰ ਨਾਲ ਹੋ ਗਿਆ। 
ਬਹੁਤ ਦੇਰ ਨਾ ਚਾਹੁੰਦਾ ਹੋਇਆ ਵੀ ਉਸ ਨੂੰ ਭੁਲਾਉਣ ਵਿਚ ਲੱਗਾ ਰਿਹਾ ਅਤੇ ਕੁੱਝ ਹੱਦ ਤਕ ਸਫਲ ਵੀ ਹੋਇਆ। ਪਰ ਅੱਜ ਉਸ ਦੀ ਈ: ਮੇਲ ਦੇ ਦੋ ਸ਼ਬਦਾ ਨੇ ਫਿਰ ਚੱਕਰ ਪਾ ਦਿੱਤਾ। ਮੈ ਵੀ ਜੱਕੋ-ਤਕੀ ਵਿਚ ਉਸ ਦੀ ਈ:ਮੇਲ ਦਾ ਜਵਾਬ ਦੇ ਹੀ ਦਿੱਤਾ। ਅਗਲੀ ਈ: ਮੇਲ ਵਿਚ ਉਸ ਨੇ ਤਾਰੀਖ ਦੱਸ ਕੇ ਆਪਣੇ ਪੇਕੇ ਪਿੰਡ ਮਿਲਣ ਲਈ ਕਿਹਾ। ਤਾਰੀਖ ਦਾ ਦਿਨ ਆਉਣ ‘ਤੇ ਮੈ ਸਕੂਟਰ ਲੈ ਕੇ ਉਸ ਦੇ ਪਿੰਡ ਵੱਲ ਨੂੰ ਤੁਰ ਪਿਆ। ਸਕੂਟਰ ਦੀ ਸਪੀਡ ਨਾਲੋ ਮੇਰੀਆਂ ਸੋਚਾਂ ਦੀ ਰਫਤਾਰ ਜ਼ਿਆਦਾ ਤੇਜ਼ ਹੋਣ ਲੱਗੀ, “ਸ਼ਾਈਦ ਉਹ ਆਪਣੀ ਜ਼ਿੰਦਗੀ ਵਿਚ ਖੁਸ਼ ਨਾ ਹੋਵੇਗੀ ਜੋ ਉਸ ਨੇ ਮੈਨੂੰ ਸੱਦਿਆ, ਵਿਆਹ ਤੋਂ ਬਾਅਦ ਵੀ ਮੈਨੁੰ ਭੁੱਲੀ ਨਹੀ ਹੋਵੇਗੀ, ਇਹੋ ਜਿਹੀਆਂ ਅਨੇਕਾਂ ਬੇਤੁਕੀਆਂ ਸੋਚਾਂ ਵਿਚ ਗੁਵਾਚਾ ਉਸ ਦੇ ਪਿੰਡ ਪਹੁੰਚਾ। ਪਿੰਡ ਦੀ ਫਿਰਨੀ ਤੋਂ ਹੀ ਮੈ ਆਲੇ-ਦੁਆਲੇ ਕਿਸ ਨੂੰ ਭਾਲਣਾ ਸ਼ੁਰੂ ਕਰ ਦਿੱਤਾ ਤਾਂ ਜੋ ਕਿਸੇ ਤੋਂ ਉਹਨਾ ਦੇ ਘਰ ਬਾਰੇ ਪੁੱਛ ਸਕਾਂ। ਸਾਹਮਣੇ ਇਕ ਕਮਜ਼ੋਰ ਅਤੇ ਗਰੀਬ ਜਿਹਾ ਬਜ਼ੁਰਗ ਆਉਦਾ ਦੇਖ ਮੈ ਸਕੂਟਰ ਰੋਕ ਲਿਆ ਅਤੇ ਪੁੱਛਣ ਲੱਗਾ, “ ਬਾਬਾ ਜੀ, ਨਿੰਮੀ ਦਾ ਘਰ ਕਿੱਥੇ ਕੁ ਹੈ?”
“ਕਾਕਾ, ਕਿਹੜੀ ਨਿੰਮੀ ਝੀਉਰਾਂ ਜਾਂ ਸੈਨੀਆਂ ਦੀ” ਬਾਬੇ ਨੇ ਵੀ ਜਾਂਤਾਂ ਦੀ ਦਲਦਲ ਵਿਚ ਫਸਿਆ ਪੁੱਛਿਆ।
“ ਬਾਬਾ ਜੱਟਾਂ ਦੀ, ਪਿਛਲੇ ਸਾਲ ਉਸ ਦਾ ਵਿਆਹ ਹੋਇਆ।”
“ ਅੱਛਾਂ, ਅੱਛਾ, ਲੰਬਰਾਂ ਦੀ ਨਿੰਮੀ ਦੀ ਗੱਲ ਕਰਦਾ। ਜੱਟਾਂ ਦੇ ਘਰ ਚੜ੍ਹਦੇ ਬਨੀ ਹੈ।” ਇਹ ਕਹਿ ਕੇ ਬਾਬਾ ਮੇਰੇ ਸਕੂਟਰ ‘ਤੇ ਬੈਠ ਗਿਆ। ਇਕ ਵੱਡੀ ਸਾਰੀ ਕੋਠੀ ਆਈ ਤਾਂ ਬਾਬੇ ਨੇ ਰੌਲਾ ਪਾਇਆ, “ ਰੁਕ ਲਾ , ਰੁਕ ਲਾ ਸਕੂਟਰ, ਆਹੀ ਆ ਲੰਬੜਾ ਦੀ ਕੋਠੀ।” ਬਾਬਾ ਤਾਂ ਇਹ ਕਹਿ ਕੇ ਪਤਾ ਨਹੀ ਕਿੱਥੇ ਨੂੰ ਚਲਾ ਗਿਆ ਅਤੇ ਕੋਠੀ ਦਾ ਵੱਡਾ ਸਾਰਾ ਗੇਟ ਮੈਨੂੰ ਘੂਰਨ ਲੱਗਾ। ਸਕੂਟਰ ਨੂੰ ਕੰਧ ਨਾਲ ਲਾ ਕੇ ਮੈ ਗੇਟ ‘ਤੇ ਲੱਗੀ ਘੰਟੀ ਵਜਾਈ। ਜਿਸ ਮਾਈ ਨੇ ਦਰਵਾਜ਼ਾ ਖੋਲ੍ਹਿਆ, ਉਸ ਦੇ ਕੱਪੜਿਆਂ ਤੋਂ ਲੱਗਦਾ ਸੀ ਕਿ ਘਰ ਵਿਚ ਕੰਮ ਕਰਨ ਵਾਲੀ ਹੈ।
“ ਆ ਜਾਉ, ਇਹ ਕਹਿ ਕੇ ਉਹ ਮੈਨੂੰ ਵਿਹੜੇ ਵਿਚ ਦੀ ਹੁੰਦੀ ਹੋਈ ਬਰਾਂਡੇ ਨਾਲ ਲੱਗਦੇ ਇਕ ਵੱਡੇ ਕਮਰੇ ਵਿਚ ਲੈ ਗਈ।
ਸਾਹਮਣੇ ਵਾਲੇ ਸੋਫੇ ‘ਤੇ ਨਿੰਮੀ ਬੈਠੀ ਦਿਸੀ ਜੋ ਅੱਗੇ ਨਾਲੋ ਭਰਵੇ ਸਰੀਰ ਵਿਚ ਅਤੇ ਨਿਖਰੀ ਹੋਈ ਸੀ। ਉੱਠ ਕੇ ਮੈਨੂੰ ਮਿਲੀ। 
“ਕਿਵੇਂ ਯਾਦ ਕੀਤਾ।” ਮੈ ਉਪਰਾ ਜਿਹਾ ਬਣਦੇ ਪੁੱਛਿਆ।
“ ਯਾਦ ਤਾਂ ਉਸ ਨੂੰ ਕੀ ਕਰਨਾ, ਜੋ ਬਿਨਾ ਜੰਗ ਲੜੇ ਹੀ ਹਾਰ ਮੰਨੀ ਬੈਠਾ ਹੋਵੇ।” ਉਸ ਨੇ ਸਪੱਸ਼ਟ ਸ਼ਬਦਾਂ ਵਿਚ ਕਿਹਾ, “ ਅਚਾਨਕ ਹੀ ਤੁਹਾਡਾ ਈ:ਮੇਲ ਅਡਰੈਸ ਮਨਜੀਤ ਕੋਲ ਮਿਲ ਗਿਆ ਤਾਂ ਕਿਤੇ ਤੁਹਾਡਾ ਚੇਤਾ ਆ ਗਿਆ।”
ਮੈ ਉਸ ਦੇ ਮੂੰਹ ਵੱਲ ਹੀ ਦੇਖਦਾ ਰਹਿ ਗਿਆ, ਕਿਉਂਕਿ ‘ਤਾਂ ਕਿਤੇ’ ਵਾਲਾ ਅੱਖਰ ਮੈਨੂੰ ਡਾਢੀ ਤਕਲੀਫ਼ ਦੇ ਗਿਆ। ਹੈਰਾਨ ਵੀ ਸਾਂ ਕਿ ਇਸ ਨੂੰ ਜੰਗ ਨਾ ਲੜਨ ਦਾ ਕਾਰਣ ਕਿਵੇਂ ਪਤਾ ਚਲਿਆ। ਫਿਰ ਵੀ ਗੱਲ ਹੋਰ ਪਾਸੇ ਲਿਜਾਣ ਲਈ ਪੁੱਛਿਆ, “ ਤੇਰਾ ਪਤੀ ਦੇਵ ਨਹੀ ਆਇਆ?”
“ ਉਹ ਮਹਿਕਮੇ ਦੇ ਕੰਮ ਲਈ ਦੋ ਹਫ਼ਤਿਆਂ ਲਈ ਬਾਹਰ ਗਏ ਹਨ।”
ਉਦੋਂ ਹੀ ਇਕ ਢਲਦੀ ਉਮਰ ਦਾ ਲੰਬਾ ਉੱਚਾ ਸਰਦਾਰ ਕਮਰੇ ਵਿਚ ਦਾਖਲ ਹੋਇਆ।
“ ਇਹ ਮੇਰੇ ਡੈਡੀ ਹਨ, ਡੈਡੀ ਜੀ, ਇਹ ਉਹ….।
“ ਅੱਛਾ, ਜਿਹਦਾ ਜਿਕਰ ਤੂੰ ਆਮ ਹੀ ਕਰਦੀ ਰਹਿੰਦੀ ਸੀ।” ਇਹ ਆਖਦਿਆਂ ਹੀ ਉਸ ਨੇ ਮੇਰੇ ਨਾਲ ਹੱਥ ਮਿਲਾਇਆ।
“ ਤੁਸੀ ਵਿਆਹ ਵੀ ਨਹੀ ਆਏ, ਨਿੰਮੀ ਨਾਲ ਪੜ੍ਹਦੇ ਬਾਕੀ ਲੜਕੇ ਲੜਕੀਆਂ ਤਾਂ ਸਭ ਆਏ ਸਨ।”
“ ਮੈਨੂੰ ਵਿਆਹ ਦਾ ਕਾਰਡ ਹੀ ਲੇਟ ਮਿਲਿਆ।” ਮੈ ਝੂੱਠ ਬੋਲਿਆ।
“ ਚੱਲ, ਨਿੰਮੀ ਪੁੱਤਰ ਇਹਨਾ ਨੂੰ ਆਪਣੇ ਵਿਆਹ ਦੀ ‘ਐਲਬਮ’ ਹੀ ਦਿਖਾ ਦੇ, ਫੋਟਿਆਂ ਦੇਖਣ ਨਾਲ ਹੀ ਅੱਧਾ ਵਿਆਹ ਦੇਖ ਹੋ ਜਾਂਦਾ ਹੈ।” ਕਹਿ ਕੇ ਉਹ ਥੌੜਾ ਜਿਹਾ ਹੱਸਿਆ।
ਫੋਟੋਂ ਦੇਖਦਿਆਂ ਸਭ ਤੋਂ ਪਹਿਲਾ ਮੇਰੀ ਨਜ਼ਰ ਉਸ ਦੇ ਪਤੀ ਉਪਰ ਹੀ ਗਈ। ਜੋ ਬਹੁਤ ਹੀ ਸੁੰਦਰ ਲੱਗਿਆ।
“ ਬੜੀ ‘ਪਰਸਨੈਲਟੀ’ ਵਾਲਾ ਅਤੇ ਨੇਕ ਲੱਗਦਾ ਹੈ ਆਪ ਦਾ ਜਵਾਈ।” ਮੈ ਉਸ ਦੀ ਵਿਆਹੁਤਾ ਜ਼ਿੰਦਗੀ ਬਾਰੇ ਘੋਖ ਲੈਣੀ ਚਾਹੀ।
“ ਹਾਂ ਬਹੁਤ ਸਾਊ ਮੁੰਡਾ ਮਿਲਿਆ ਹੈ, ਪਰ ਸਾਡੀ ਵੀ ਇਹੀ ਸ਼ਰਤ ਸੀ ਕਿ ਮੁੰਡਾ ਬੀਬਾ, ਪੜ੍ਹਿਆ ਲਿਖਿਆ ਅਤੇ ਸਿੱਖ ਧਰਮ ਵਿਚ ਸ਼ਰਧਾ ਰੱਖਦਾ ਹੋਵੇ, ਬਾਕੀ ਅਸੀ ਜਾਤਾਂ ਪਾਤਾ ਵਿਚ ਯਕੀਨ ਨਹੀ ਰੱਖਦੇ।”
“ ਫਿਰ ਕਿ ਇਹ ਜੱ…।”
“ ਇਹ ਤੁਹਾਡੇ ਸਾਡੇ ਵਾਂਗ ਰੱਬ ਦੇ ਬੰਦੇ ਹੀ ਹਨ। ਤੁਹਾਡੀ ਜਾਣਕਾਰੀ ਲਈ ਦੱਸ ਦੇਵਾਂ ਇਹਨਾ ਦਾ ‘ਲਾਸਟ ਨੇਮ’ ਸਗੂ ਹੈ।” ਨਿਮੀ ਨੇ ਇਕਦਮ ਕਿਹਾ।
“ ਸਗੂ, ਤਾਂ ਰਾਮਗ….।
“ ਹਾਂ ਹਾਂ ਸਰਦਾਰ ਜੱਸਾ ਸਿੰਘ ਰਾਮਗੜੀਏ ਵਾਲੀ ਬਰਾਦਰੀ ਵਿਚੋਂ।” ਉਸ ਨੇ ਸਰਦਾਰ ਜੱਸਾ ਸਿੰਘ ਬੜੇ ਮਾਣ ਨਾਲ ਕਿਹਾ।ਇਹ ਸੁਣ ਕੇ ਮੇਰੇ ਉੱਪਰ ਜਿਵੇ ਕੁਵਿੰਟਲ ਭਾਰ ਪੈ ਗਿਆ ਹੋਵੇ ਅਤੇ ਮੇਰਾ ਸਾਹ ਉਪਰ ਹੀ ਚੜ੍ਹ ਗਿਆ।“ ਮੈਨੂੰ ਪੰਚਾਇਤ ਵਿਚ ਜਾਣਾ ਪੈਣਾ ਹੈ, ਤੁਸੀ ਬੈਠ ਕੇ ਕਰੋ ਗੱਲਾਂ।” ਇਹ ਕਹਿ ਕੇ ਉਸ ਦਾ ਡੈਡੀ ਤਾਂ ਕਮਰੇ ਤੋਂ ਬਾਹਰ ਨਿਕਲ ਗਿਆ।
ਉਸ ਸਰਦਾਰ ਦੀ ਉੱਦਰਤਾ ਨੇ ਮੇਰੇ ਉੱਪਰ ਐਸਾ ਵਾਰ ਕੀਤਾ ਕਿ ਮੈ ਜੋ ਜੱਟਾਂ ਬਾਰੇ ਸੋਚਦਾ ਸਾਂ, ਸਭ ਹੀ ਮਰ ਗਿਆ।
“ ਮੈ ਆਪਣੀ ਜ਼ਿੰਦਗੀ ਵਿਚ ਬਹੁਤ ਖੁਸ਼ ਹਾਂ, ਪਰ ਇਕ ਸਵਾਲ ਮੈਨੂੰ ਜ਼ਰੂਰ ਪਰੇਸ਼ਾਨ ਕਰਦਾ ਹੈ ਕਿ , ਮੇਰੇ ਵਿਚ ਉਹ ਕੀ ਕਮੀ ਸੀ ਜਿਸ ਕਰਕੇ ਤੁਸੀ ਮੇਰੇ ਕੋਲੋਂ ਪਤਰਾ ਵਾਚ ਗਏ?” ਉਸ ਨੇ ਮੈਨੂੰ ਸੱਦਣ ਦਾ ਕਾਰਣ ਜਾਹਿਰ ਕੀਤਾ।
ਮੈ ਉਸ ਨੂੰ ਕਿਵੇਂ ਸਮਝਾਉਂਦਾ ਕਿ ਉਸ ਦੀ ਪੂਜਾ ਤਾਂ ਮੈ ਰੱਬ ਵਾਂਗ ਕਰਦਾ ਹਾਂ, ਕਮੀ ਤਾਂ ਮੇਰੇ ਵਿਚ ਹੀ ਸੀ ਜੋ ਆਪਣੀ ਹੀ ਜਾਤ ਪਾਤ ਦੀ ਹੀਣਭਾਵਨਾ ਨਾਲ ਘਿਰਆ ਰਿਹਾ।“ ਮੈ ਤੇਰੀ ਜਾਤ ਤੋਂ ਡਰ ਗਿਆ ਸੀ।” ਮੈ ਸੱਚ ਉਗਲ ਦਿੱਤਾ।
“ ਮੇਰੀ ਜਾਤ ਤੋਂ ਜਾਂ ਆਪਣੀ ਹੀ ਹੀਣਭਾਵਨਾ ਤੋਂ।” ਉਹ ਮੱਥਾ ਇਕੱਠਾ ਜਿਹਾ ਕਰਦੀ ਬੋਲੀ, “ ਪੜ੍ਹ ਲਿਖ ਕੇ ਵੀ ਜੇ ਸਿੱਖ ਜਾਂਤਾਂ ਵਿਚੋਂ ਨਾ ਨਿਕਲੇ ਤਾਂ ਪਤਾ ਨਹੀ ਕਦੋਂ…।
“ ਦਰਅਸਲ…।”
“ ਇਕ ਵਾਰੀ ਗੱਲ ਤਾਂ ਕਰਕੇ ਦੇਖ ਲੈਂਦੇ, ਸਾਰੇ ਇਨਸਾਨਾ ਦਾ ਪਿਉ ਤਾਂ ਇਕ ਹੀ ਹੈ, ਪਰ ਫਿਰ ਵੀ ਪਤਾ ਨਹੀ ਕਿਉਂ ਤੁਹਾਡੇ ਵਰਗੇ ਵੰਡੀਆਂ ਪਾ ਲੈਂਦੇ ਨੇ।” ਉਸ ਨੇ ਜਾਂਤਾਂ ਦੇ ਬੰਧਨ ਤੋੜਦੇ ਕਿਹਾ, “ ਇਨਸਾਨ ਦੀ ਨੇਕ ਦਿਲੀ ਅਤੇ ਸ਼ਰਾਫਤ ਵਰਗੀਆਂ ਖੂਬੀਆਂ ਹੀ ਉਸ ਦੀਆਂ ਜਾਂਤਾਂ ਹਨ।ਉਸ ਦੀਆਂ ਸੱਚੀਆਂ ਅਤੇ ਕੌੜੀਆਂ ਗੱਲਾਂ ਮੈਨੂੰ ਹੋਰ ਵੀ ਸ਼ਰਮਿੰਦਾ ਕਰ ਰਹੀਆਂ ਸਨ। ਉਸ ਦੇ ਪ੍ਰਸ਼ਨਾ ਦਾ ਕੋਈ ਵੀ ਉੱਤਰ ਮੈ ਨਾ ਦੇ ਸਕਿਅ। ਪਛਤਾਵੇ ਦੇ ਭਾਰ ਨੇ ਮੇਰੇ ਸਾਰੇ ਸਰੀਰ ਨੂੰ ਜਿਵੇ ਮਿਧ ਕੇ ਰੱਖ ਦਿੱਤਾ ਹੋਵੇ। ਕੋਈ ਵੀ ਬੰਦਾ ਛੋਟਾ ਨਹੀ ਹੁੰਦਾ, ਉਸ ਦੀ ਆਪਣੀ ਹੀ ਹੀਣਭਾਵਨਾ ਉਸਨੂੰ ਕਿੰਨਾ ਛੋਟਾ ਬਣਾ ਦਿੰਦੀ ਹੈ, ਇਹ ਮੈਨੂੰ ਅੱਜ ਹੀ ਅਹਿਸਾਸ ਹੋਇਆ। ਫਿਰ ਵੀ ਆਪਣੀ ਬਾਹਰਲੀ ਅਤੇ ਅਦਰੂਨੀ ਹਾਲਤ ਛਪਾਉਂਦਾ ਹੋਇਆ ਬੋਲਿਆ,
“ ਚਲੋ, ਹੁਣ ਇਹਨਾ ਗੱਲਾਂ ਦਾ ਕੀ ਫਾਈਦਾ।” ਨਾਲ ਹੀ ਆਪਣੀ ਜੇਬ ਵਿਚੋਂ ਸਕੂਟਰ ਦੀਆਂ ਚਾਬੀਆਂ ਕੱਢਣ ਲੱਗਾ। ਅਨਮੋਲ ਕੌਰ