ਦੇਵ ਪੁਰਸ਼…!
ਬਲਕਾਰ ਨੇ ਕਦੇ ਵੀ ਉਸ ਰੇਲਵੇ ਲਾਈਨ ਦੀ ਪ੍ਰਵਾਹ ਨਹੀਂ ਕੀਤੀ ਜਿਸ ਤੇ ਨਾ ਤਾਂ ਫਾਟਕ ਬਣਿਆ ਹੋਇਆ ਸੀ ਅਤੇ ਨਾ ਹੀ ਕੋਈ ਚੌਂਕੀਦਾਰ ਤੈਨਾਤ ਸੀ। ਉਹ ਅਕਸਰ ਹੀ ਆਪਣੀ ਮਰਜ਼ੀ ਨਾਲ ਟ੍ਰੈਕਟਰ ਪੂਰੀ ਰਫ਼ਤਾਰ ਨਾਲ ਰੇਵਲੇ ਲਾਈਨ ਤੋਂ ਪਾਰ ਕਰ ਲੈਂਦਾ। ਜੇ ਕਦੇ ਉਸ ਦਾ ਬਾਪੂ ਨਾਲ ਹੁੰਦਾ ਤਾਂ ਉਸ ਨੂੰ ਦੋ ਚਾਰ ਖਰੀਆਂ-ਖਰੀਆਂ ਜ਼ਰੂਰ ਸੁਣਨੀਆਂ ਪੈਂਦੀਆਂ, ਪਰ ਉਸ ਨੇ ਇਸ ਦੀ ਵੀ ਕਦੇ ਪ੍ਰਵਾਹ ਨਹੀਂ ਸੀ ਕੀਤੀ।
ਉਹ ਸ਼ੁ਼ਰੂ ਤੋਂ ਹੀ ਜਿੱਦੀ ਸੁਭਾਅ ਦਾ ਸੀ ਤੇ ਉਸ ਦਾ ਬਾਪੂ ਅਕਸਰ ਹੀ ਉਸ ਨੂੰ ਸਮਝਾਉਂਦਾ, “ਬਲਕਾਰ ਤੂੰ ਆਪਣੀ ਮਨਮਰਜ਼ੀ ਨਾ ਕਰਿਆ ਕਰ, ਹੁਣ ਸੁਧਰ ਜਾ, ਨਹੀਂ ਤਾਂ ਬੜੀ ਦੇਰ ਹੋ ਜਾਵੇਗੀ ਤੇ ਤੇਰੇ ਹੱਥ ਕੁਝ ਵੀ ਨਹੀਂ ਆਵੇਗਾ।”
“ਠੀਕ ਏ ਬਾਪੂ ਜੀ।”
ਪਰ ਅਸਰ ਕੁੱਝ ਵੀ ਨਾ ਹੁੰਦਾ। ਅਸਲ ਵਿੱਚ ਬਲਕਾਰ ਦੇ ਦੋਵੇਂ ਭਰਾ ਚੰਗੀ ਪੜਾਈ ਕਰਕੇ ਸ਼ਹਿਰ ਵਿੱਚ ਸਰਕਾਰੀ ਨੌਕਰੀਆਂ ਤੇ ਲੱਗੇ ਹੋਏ ਸਨ ਤੇ ਬਲਕਾਰ ਪਿੰਡ ਆਪਣੇ ਬਾਪੂ ਨਾਲ ਖੇਤੀ ਕਰਦਾ ਸੀ। ਪਿੰਡ ਦੇ ਸਕੂਲ ਵਿੱਚ ਪੜਦਿਆਂ ਆਪਣੇ ਮਾਸਟਰ ਨਾਲ ਲੜਾਈ ਕਰਕੇ ਬਲਕਾਰ ਨੇ ਮੁੜ ਫਿਰ ਸਕੂਲ ਦਾ ਮੂੰਹ ਨਹੀਂ ਸੀ ਵੇਖਿਆ।
ਉਸ ਦੇ ਬਾਪੂ ਨੂੰ ਬੜੀ ਚਿੰਤਾ ਰਹਿੰਦੀ ਕਿ ਬਲਕਾਰ ਆਪਣੇ ਜ਼ਿੰਦਗੀ ਵਿੱਚ ਕੀ ਕਰੇਗਾ? ਕਦੇ ਸੋਚਦਾ ਕੀ ਇਸ ਨੂੰ ਸ਼ਹਿਰ, ਇਸ ਦੇ ਭਰਾਵਾਂ ਕੋਲ ਭੇਜ ਦਿਆਂ ਪਰ ਫਿਰ ਖੇਤ ਕੌਣ ਸੰਭਾਲੇਗਾ? ਇਸ ਲਈ ਉਹ ਚੁੱਪ ਕਰ ਜਾਂਦਾ।
ਤੇ ਅੱਜ ਫਿਰ ਆਪਣੇ ਬਾਪੂ ਦੇ ਨਾਲ ਹੁੰਦਿਆਂ ਵੀ ਬਲਕਾਰ ਨੇ ਰੇਲਵੇ ਲਾਈਨ ਦੇ ਇੱਧਰ-ਉੱਧਰ ਦੇਖੇ ਬਿਨਾਂ ਪੂਰੀ ਰਫ਼ਤਾਰ ਨਾਲ ਆਪਣਾ ਟ੍ਰੈਕਟਰ ਪਾਰ ਕਰਨਾ ਚਾਹਿਆ ਤਾਂ ਪਿੱਛੇ ਟ੍ਰਾਲੀ ਵਿੱਚ ਕਣਕ ਦਾ ਭਾਰ ਹੋਣ ਕਾਰਣ ਟ੍ਰੈਕਟਰ ਦਾ ਅਗਲਾ ਪਹੀਆ ਰੇਲਵੇ ਲਾਈਨ ਦੇ ਐਨ ਵਿੱਚਕਾਰ ਫੱਸ ਗਿਆ।
ਬਲਕਾਰ ਨੇ ਬਿਨਾਂ ਘਬਰਾਹਟ ਦੇ ਦੂਜੀ ਵਾਰ ਫਿਰ ਟ੍ਰੈਕਟਰ ਨੂੰ ਰੇਸ ਦਿੱਤੀ ਕਿ ਸ਼ਾਇਦ ਪਹੀਆ ਬਾਹਰ ਨਿਕਲ ਆਏ ਪਰ ਪਹੀਆ ਕਣਕ ਦੇ ਭਾਰੀ ਵਜ਼ਨ ਕਾਰਣ ਬਾਹਰ ਨਾ ਨਿਕਲਿਆ।
ਬਲਕਾਰ ਪ੍ਰੇਸ਼ਾਨ ਹੋ ਕੇ ਫਿਰ ਲੱਗਾ ਟ੍ਰੈਕਟਰ ਦਾ ਜ਼ੋਰ ਲਵਾਉਣ। ਦੂਜੇ ਪਾਸੇ ਉਸ ਦੇ ਬਾਪੂ ਦੀ ਨਜ਼ਰ ਲਾਈਨ ਤੇ ਆਉਂਦੀ ਰੇਲਗੱਡੀ ਤੇ ਪੈ ਗਈ।
“ਉਏ, ਬਲਕਾਰੇ ਚੱਲ ਛੇਤੀ ਥੱਲੇ ਉੱਤਰ ਟ੍ਰੈਕਟਰ ਤੋਂ, ਨਹੀਂ ਤਾਂ ਇੱਥੇ ਹੀ ਭੋਗ ਪੈ ਜਾਏਗਾ, ਦੋਵਾਂ ਪਿਉ ਪੁੱਤਾਂ ਦਾ।”
“ਬਾਪੂ ਤੂੰ ਉੱਤਰ ਕੇ ਸਾਹਮਣੇ ਚੱਲ ਮੈਂ ਦੇਖਦਾ ਹਾਂ।”
“ਉਏ ਸਾਹਮਣੇ ਗੱਡੀ ਪਈ ਆਉਂਦੀ ਏ।” ਬਾਪੂ ਨੇ ਗੁੱਸੇ ਨਾਲ ਕਿਹਾ।
“ਕੋਈ ਗੱਲ ਨਹੀਂ ਬਾਪੂ ਤੂੰ ਚੱਲ ਮੈਂ ਆਇਆ।” ਬਲਕਾਰ ਨੇ ਆਪਣੇ ਬਾਪੂ ਦੀ ਗੱਲ ਅਣਸੁਣੀ ਕਰਦਿਆਂ ਕਿਹਾ।
“ਉਏ ਕੰਜਰਾ 20-25 ਹਜਾਰ ਦੀ ਕਣਕ ਤੇ ਟ੍ਰੈਕਟਰ ਟ੍ਰਾਲੀ ਦਾ ਘਾਟਾ ਤਾਂ 2-4 ਸਾਲਾਂ ਵਿੱਚ ਪੂਰਾ ਹੋ ਜਾਊ, ਪਰ ਜੇ ਆਪਾਂ ਹੀ ਨਾ ਰਹੇ ਤਾਂ ਫਿਰ…?”
“ਬਾਪੂ ਤੂੰ ਫਿ਼ਕਰ ਨਾ ਕਰ, ਮੈਂ ਹੁਣੇ ਕੱਢ ਦੇਂਦਾ ਹਾਂ ਟ੍ਰੈਕਟਰ।”
ਤੇ ਹਰ ਵਾਰ ਦੀ ਤਰਾਂ ਉਸ ਨੇ ਜਿੱਦ ਫੜ ਲਈ ਕੀ ਕਿਸੇ ਨਾ ਕਿਸੇ ਤਰਾਂ ਟ੍ਰੈਕਟਰ ਨੂੰ ਬਾਹਰ ਕੱਢਿਆ ਜਾਏ। ਦੂਜੇ ਪਾਸੇ ਮੌਤ ਰੂਪੀ ਰੇਲਗੱਡੀ ਤੇਜੀ ਨਾਲ ਉਸ ਵੱਲ ਵੱਧ ਰਹੀ ਸੀ ਤੇ ਉਸ ਦਾ ਬਾਪੂ ਦੂਜੇ ਪਾਸੇ ਥੱਲੇ ਉੱਤਰ ਆਉਣ ਲਈ ਰੌਲਾ ਪਾ ਰਿਹਾ ਸੀ।
ਬਲਕਾਰ ਫਿਰ ਲੱਗਾ ਰੇਸ ਦੇਣ ਪਰ ਪਹੀਆ ਲਾਈਨ ਦੇ ਐਨ ਵਿੱਚਕਾਰ ਫੱਸਿਆ ਹੋਇਆ ਸੀ। ਟ੍ਰਾਲੀ ਵਿੱਚ ਪਿਆ ਕਣਕ ਦਾ ਵਜ਼ਨ ਉਸ ਨੂੰ ਬਾਹਰ ਨਹੀਂ ਸੀ ਆਉਣ ਦੇ ਰਿਹਾ ਤੇ ਮੌਤ ਪਲ-ਪਲ ਉਸ ਵੱਲ ਵੱਧ ਰਹੀ ਸੀ।
“ਉਏ ਉੱਲੂ ਦੇ ਪੱਠਿਆ, ਛੇਤੀ ਉੱਤਰ ਥੱਲੇ।” ਬਾਪੂ ਨੇ ਚੀਖਦਿਆਂ ਕਿਹਾ।
ਉਸ ਦੇ ਕੋਈ ਅਸਰ ਨਾ ਹੋਇਆ। ਹੁਣ ਤੱਕ ਗੱਡੀ ਤਕਰੀਬਨ ਅੱਧੇ ਕਿਲੋਮੀਟਰ ਦੀ ਦੂਰੀ ਤੇ ਆ ਗਈ ਸੀ ਤੇ ਗੱਡੀ ਦੇ ਡਰਾਈਵਰ ਨੇ ਹਾਰਨ ਮਾਰਨੇ ਸ਼਼ੁਰੂ ਕਰ ਦਿੱਤੇ ਸਨ ਕਿਸੇ ਨਾ ਕਿਸੇ ਤਰਾਂ ਇਸ ਟ੍ਰੈਕਟਰ ਨੂੰ ਛੇਤੀ ਲਾਈਨ ਤੋਂ ਪਾਰ ਕਰੋ।
ਪਰ ਬਲਕਾਰ ਨੇ ਆਪਣੀ ਜਿੱਦ ਨਾ ਛੱਡੀ। ਉਹ ਆਪਣੀ ਸੀਟ ਤੇ ਬੈਠਾ ਰਿਹਾ। ਆਪਣੇ ਪੁੱਤਰ ਦੀ ਜਿੱਦ ਨੂੰ ਜਾਣਦਿਆਂ ਉਸ ਦਾ ਬਾਪੂ ਪੂਰੀ ਰਫ਼ਤਾਰ ਨਾਲ ਭੱਜ ਕੇ ਉਸ ਵੱਧ ਵਧਿਆ ਤੇ ਉਸ ਨੂੰ ਬਾਂਹ ਤੋਂ ਫੱੜ ਕੇ ਲਗਭਗ ਘਸੀਟਦਿਆਂ ਥੱਲੇ ਲੈ ਆਇਆ।
ਗੱਡੀ ਆਪਣੀ ਰਫ਼ਤਾਰ ਨਾਲ ਆਈ ਅਤੇ ਟ੍ਰੈਕਟਰ-ਟ੍ਰਾਲੀ ਦੇ ਪਰਖੱਚੇ ਉਡਾਉਂਦੀ ਹੋਈ ਅੱਗੇ ਵੱਧ ਗਈ। ਕੁੱਝ ਦੂਰ ਜਾ ਕੇ ਗੱਡੀ ਰੁੱਕ ਗਈ ਕਿਉਂਕਿ ਰੇਲ ਦੇ ਇੰਜਨ ਦਾ ਕਾਫ਼ੀ ਨੁਕਸਾਨ ਹੋ ਗਿਆ ਸੀ। ਰੇਲਵੇ ਪੁਲੀਸ ਨੇ ਕੇ ਆ ਕੇ ਟ੍ਰੈਕਟਰ-ਟ੍ਰਾਲੀ ਨੂੰ ਘੇਰਾ ਪਾ ਲਿਆ। ਗੱਡੀ ਦੀਆਂ ਸਵਾਰੀਆਂ ਥੱਲੇ ਆ ਕੇ ਹਾਦਸੇ ਵਾਲੀ ਜਗ੍ਹਾਂ ਤੇ ਇੱਕਠੀਆਂ ਹੋ ਗਈਆਂ। ਬਲਕਾਰ ਤੇ ਉਸ ਦਾ ਬਾਪੂ ਲੋਕਾਂ ਦੀ ਭੀੜ ਵਿੱਚ ਅਨਜਾਣ ਬਣੇ ਖੜੇ ਰਹੇ ਪਰ ਕਿਸੇ ਨੂੰ ਉਸ ਵਕਤ ਪਤਾ ਨਾ ਲੱਗਾ ਕਿ ਟ੍ਰੈਕਟਰ ਨੂੰ ਕੋਣ ਚਲਾ ਰਿਹਾ ਸੀ?
ਬਲਕਾਰ ਦੇ ਬਾਪੂ ਨੇ ਮਨ ਵਿੱਚ ਸੋਚਿਆ ਕਿ ਹੁਣ ਕੋਈ ਵੱਡੀ ਮੁਸੀਬਤ ਆਉਣ ਵਾਲੀ ਹੈ ਤੇ ਇਸ ਦਾ ਉਪਾਅ ਬਹੁਤ ਜ਼ਰੂਰੀ ਹੈ। ਉਸ ਨੇ ਬਲਕਾਰ ਨੂੰ ਕਿਹਾ, “ਬਲਕਾਰੇ, ਛੇਤੀ ਚੱਲ ਇਸ ਮੁਸੀਬਤ ਤੋਂ ਬਚਣ ਦਾ ਹੱਲ ਲੱਭੀਏ।”
“ਬਾਪੂ, ਕੇਸ ਤਾਂ ਵੱਡਾ ਪੈ ਗਿਆ ਏ।” ਬਲਕਾਰ ਵੀ ਥੋੜਾ ਡਰਿਆ ਹੋਇਆ ਸੀ।
“ਕੋਈ ਗੱਲ ਨਹੀਂ…ਪੁੱਤ…ਤੂੰ ਫਿ਼ਕਰ ਨਾ ਕਰ…ਰੱਬ ਭਲਾ ਕਰੂਗਾ।”
“ਹੁਣ ਰੱਬ ਨਹੀਂ ਥਾਨੇਦਾਰ ਮਹਿੰਗਾ ਸਿੰਘ ਹੀ ਭਲਾ ਕਰ ਸਕਦਾ ਏ ਆਪਣਾ।” ਬਲਕਾਰ ਨੂੰ ਜਿਵੇਂ ਇਸ ਮੁਸੀਬਤ ਵਿੱਚੋਂ ਕੱਢਣ ਵਾਲਾ ਕੋਈ ‘ਦੇਵ ਪੁਰਸ਼’ ਮਿਲ ਗਿਆ ਹੋਵੇ ਅਤੇ ਜਿਸ ਤੇ ਉਸ ਨੂੰ ਪੂਰਾ ਭਰੋਸਾ ਸੀ।
“ਤਾਂ ਫਿਰ ਛੇਤੀ ਚੱਲ।” ਬਾਪੂ ਉਸ ਜਗ੍ਹਾਂ ਤੋਂ ਜਾਣ ਲਈ ਕਾਹਲਾ ਸੀ।
ਲੋਕ ਥਾਣੇ ਵੱਲ ਨੂੰ ਜਾਣ ਤੋਂ ਕਤਰਾਉਂਦੇ ਹਨ ਪਰ ਅੱਜ ਦੋਵੇਂ ਪਿਉ ਪੁੱਤ ਬੜੀ ‘ਆਸ’ ਲੈ ਕੇ ਕਾਹਲੀ ਨਾਲ ਥਾਣੇ ਵੱਲ ਨੂੰ ਚੱਲ ਪਏ। ਰਸਤੇ ਵਿੱਚ ਉਹਨਾਂ ਕੋਈ ਗੱਲਬਾਤ ਨਾ ਕੀਤੀ।
ਥਾਣੇ ਵਿੱਚ ਪਹੁੰਚ ਕੇ ਉਹਨਾਂ ਮੁਨਸ਼ੀ ਨੂੰ ਥਾਣੇਦਾਰ ਮਹਿੰਗਾ ਸਿੰਘ ਬਾਰੇ ਪੁੱਛਿਆ। ਮੁਨਸ਼ੀ ਨੇ ਕਿਹਾ ਕਿ, “ਸਾਹਬ, ਬਾਹਰ ਗਏ ਨੇ, ਥੋੜੀ ਦੇਰ ਨੂੰ ਆ ਜਾਣਗੇ ਤੁਸੀਂ ਬਾਹਰ ਬੈਠ ਕੇ ਇੰਤਜਾਰ ਕਰ ਸਕਦੇ ਹੋ।”
“ਠੀਕ ਏ ਅਸੀਂ ਬਾਹਰ ਹੀ ਬੈਠਦੇ ਹਾਂ।” ਬਲਕਾਰ ਦੇ ਬਾਪੂ ਨੇ ਕਿਹਾ।
ਤਕਰੀਬਨ ਇੱਕ ਘੰਟੇ ਬਾਅਦ ਥਾਣੇਦਾਰ ਮਹਿੰਗਾ ਸਿੰਘ ਵਾਪਸ ਆ ਗਿਆ ਤੇ ਬਲਕਾਰ ਤੇ ਉਸ ਦਾ ਬਾਪੂ ਥਾਣੇ ਅੰਦਰ ਉਸ ਨੂੰ ਮਿਲਣ ਲਈ ਚਲੇ ਗਏ।
“ਸਤਿ ਸ਼੍ਰੀ ਅਕਾਲ, ਸਾਹਬ ਜੀ।”
“ਸਤਿ ਸ਼੍ਰੀ ਅਕਾਲ, ਦੱਸੋ ਕੀ ਗੱਲ ਏ।” ਥਾਣੇਦਾਰ ਮਹਿੰਗਾ ਸਿੰਘ ਨੇ ਆਪਣੀ ਕੁਰਸੀ ਤੇ ਬੈਠਦਿਆਂ ਕਿਹਾ।
“ਸਾਹਬ ਜੀ ਅਸੀਂ ਬੜੀ ਵੱਡੀ ਮੁਸੀਬਤ ਵਿੱਚ ਫੱਸ ਗਏ ਹਾਂ ਤੇ ਸਾਨੂੰ ਤੁਹਾਡੀ ਮਦਦ ਦੀ ਲੋੜ ਹੈ।” ਬਲਕਾਰ ਦੇ ਬਾਪੂ ਨੇ ਗੱਲ ਸ਼਼ੁਰੂ ਕਰਦਿਆਂ ਕਿਹਾ।
“…ਸਿਰਫ਼ ਤੁਸੀਂ ਹੀ ਸਾਨੂੰ ਬਚਾ ਸਕਦੇ ਹੋ?” ਬਲਕਾਰ ਨੇ ਆਪਣੇ ਬਾਪੂ ਦੀ ਗੱਲ ਖਤਮ ਹੋਣ ਤੋਂ ਪਹਿਲਾਂ ਹੀ ਬੋਲਦਿਆਂ ਕਿਹਾ।
“ਗੱਲ ਤਾਂ ਦੱਸੋ ਬਜ਼ੁਰਗੋ?” ਥਾਣੇਦਾਰ ਮਹਿੰਗਾ ਸਿੰਘ ਨੇ ਬਲਕਾਰ ਦੇ ਬਾਪੂ ਨੂੰ ਮੁਖਾਤਿਬ ਹੁੰਦਿਆਂ ਕਿਹਾ।
ਤੇ ਫਿਰ ਬਲਕਾਰ ਦੇ ਬਾਪੂ ਨੇ ਸਾਰੀ ਹੱਡਬੀਤੀ ਥਾਣੇਦਾਰ ਮਹਿੰਗਾ ਸਿੰਘ ਨੂੰ ਸੁਣਾ ਦਿੱਤੀ ਤੇ ਕਿਹਾ ਕਿ, “ਹੁਣ ਰੇਲਵੇ ਪੁਲੀਸ ਸਾਡੇ ਘਰ ਆਉਣ ਵਾਲੀ ਹੋਵੇਗੀ।”“ਤੁਸੀਂ ਹੀ ਕੁੱਝ ਕਰੋ…ਹੁਣ ਸਾਡੇ ਲਈ।” ਬਲਕਾਰ ਦੇ ਬਾਪੂ ਨੇ ਤਰਲਾ ਕਰਦਿਆਂ ਕਿਹਾ।
ਥਾਣੇਦਾਰ ਮਹਿੰਗਾ ਸਿੰਘ ਨੇ ਪੂਰੇ ਧਿਆਨ ਨਾਲ ਦੋਹਾਂ ਦੀ ਗੱਲਬਾਤ ਸੁਣੀ ਤੇ ਫਿਰ ਕਿਸੇ ਗਹਿਰੀ ਸੋਚ ਵਿੱਚ ਗੁੰਮ ਹੋ ਗਿਆ। ਦੋਵੇਂ ਪਿਉ ਪੁੱਤ ਸਾਹਮਣੇ ਕੁਰਸੀਆਂ ਤੇ ਬੈਠੇ ਕਿਸੇ ‘ਆਸ’ ਨਾਲ ਉਸ ਵੱਲ ਤੱਕ ਰਹੇ ਸਨ।
“ਹੂੰ…ਕੀ ਟ੍ਰੈਕਟਰ ਤੁਹਾਡੇ ਨਾਂ ਹੈ?” ਕੁੱਝ ਚਿਰ ਸੋਚਣ ਤੋਂ ਮਗਰੋਂ ਥਾਣੇਦਾਰ ਮਹਿੰਗਾ ਸਿੰਘ ਨੇ ਬਲਕਾਰ ਦੇ ਬਾਪੂ ਤੋਂ ਪੁੱਛਿਆ।
“ਹਾਂ ਹਾਂ……, ਮੇਰੇ ਨਾਂ ਹੈ।”
“ਤਾਂ ਫਿਰ ਠੀਕ ਏ, ਤੁਹਾਡਾ ਕੰਮ ਹੋ ਜਾਵੇਗਾ।”
“ਅੱਛਾ ਜੀ…!”
“ਪਰ ਇਸ ਲਈ ਖਰਚਾ ਚੋਖਾ ਆ ਜਾਵੇਗਾ…।”
“ਕਿੰਨਾ ਕੂ…?” ਬਲਕਾਰ ਨੇ ਕਾਹਲੀ ਨਾਲ ਪੁੱਛਿਆ।
“ਇਹੋ ਹੀ ਕੋਈ 50 ਕੂ ਹਜ਼ਾਰ ਰੁਪਈਆ ਲੱਗ ਜਾਵੇਗਾ।”
“ਪਰ…ਰਕਮ ਕੁੱਝ ਜਿਆਦਾ……?” ਬਲਕਾਰ ਨੇ ਕਿਹਾ।
“ਤਾਂ ਆਪਣਾ ਬੰਦੋਬਸਤ ਖ਼ੁਦ ਹੀ ਕਰ ਲਵੋ, ਮੇਰੇ ਕੋਲ ਕੀ ਲੈਣ ਆਏ ਹੋ…?” ਥਾਣੇਦਾਰ ਮਹਿੰਗਾ ਸਿੰਘ ਨੇ ਗੁੱਸੇ ਹੁੰਦਿਆਂ ਕਿਹਾ।
“ਨਹੀਂ ਨਹੀਂ ਸਾਹਬ ਇਸ ਦੇ ਕਹਿਣ ਦਾ ਮਤਲਬ ਇਹ ਨਹੀਂ ਸੀ ਕਿ ਪੈਸਾ ਜਿਆਦਾ ਹੈ ਬਲਕਿ ਇਸ ਦਾ ਮਤਲਬ ਇਸ ਸੀ ਕਿ ਅਸੀਂ ਪੈਸਾ ਕਿਸਤਾਂ ਵਿੱਚ ਦੇਵਾਂਗੇ…ਇੱਕ ਮੁਸ਼ਤ ਦੇਣ ਲਈ ਸਾਡੇ ਕੋਲ ਪੈਸਾ ਨਹੀਂ ਹੈ।” ਬਲਕਾਰ ਦੇ ਬਾਪੂ ਨੇ ਗੱਲ ਨੂੰ ਟਾਲਦਿਆਂ ਕਿਹਾ।
“ਤਾਂ ਠੀਕ ਹੈ 25 ਹਜਾਰ ਪਹਿਲਾਂ ਤੇ ਬਾਕੀ ਕੰਮ ਹੋਣ ਦੇ ਬਾਅਦ ਵਿੱਚ,……ਕੀ ਤੁਹਾਨੂੰ ਮਨਜ਼ੁਰ ਏ?” ਥਾਣੇਦਾਰ ਮਹਿੰਗਾ ਸਿੰਘ ਨੇ ਆਪਣੇ ਵੱਲੋਂ ਸੌਦਾ ਤੈਅ ਕਰਦਿਆਂ ਕਿਹਾ।
“ਹਾਂ ਜੀ ਠੀਕ ਏ, ਅਸੀਂ 25 ਹਜਾਰ ਰੁਪਈਆ ਸ਼ਾਮ ਨੂੰ ਤੁਹਾਡੇ ਕੋਲ ਪਹੁੰਚਾ ਦੇਵਾਂਗੇ।” ਬਲਕਾਰ ਦੇ ਬਾਪੂ ਨੇ ਹੋਲੀ ਜਿਹੀ ਕਿਹਾ।
“ਅੱਛਾ ਹੁਣ ਮੇਰੀ ਗੱਲ ਧਿਆਨ ਨਾਲ ਸੁਣੋ।” ਮਹਿੰਗਾ ਸਿੰਘ ਨੇ ਸੋਦਾ ਤੈਅ ਹੋਣ ਤੋਂ ਬਾਅਦ ਬਲਕਾਰ ਦੇ ਬਾਪੂ ਦੇ ਕੰਨ ਕੋਲ ਹੁੰਦਿਆਂ ਹੌਲੀ ਜਿਹੀ ਕਿਹਾ।
“ਹਾਂ ਜੀ…ਦੱਸੋ?”
“ਮੇਰੇ ਨਾਲ ਹੋਈ ਗੱਲਬਾਤ ਬਾਰੇ ਕਿਸੇ ਨੂੰ ਕੰਨੋਂ ਕੰਨ ਖ਼ਬਰ ਨ੍ਹੀਂ ਹੋਣੀ ਚਾਹੀਦੀ।”
“ਨਾ ਨਾ ਜੀ ਰੱਬ ਦਾ ਨਾਂ ਲਵੋ……ਅਸੀਂ ਕਿਸੇ ਨਾਲ ਗੱਲ ਨਹੀਂ ਕਰਦੇ।” ਬਲਕਾਰ ਦੇ ਬਾਪੂ ਨੇ ਆਵਾਜ਼ ਮੱਠੀ ਰੱਖਦਿਆਂ ਕਿਹਾ।
“ਜਿਸ ਵੇਲੇ ਤੁਹਾਡੇ ਘਰ ਰੇਲਵੇ ਪੁਲੀਸ ਆਵੇ ਤਾਂ ਤੁਸੀਂ ਮੈਨੂੰ ਫ਼ੋਨ ਕਰ ਦੇਣਾ ਬਾਕੀ ਸਭ ਮੈਂ ਸੰਭਾਲ ਲਵਾਂਗਾ।” ਥਾਣੇਦਾਰ ਮਹਿੰਗਾ ਸਿੰਘ ਨੇ ਬੜੇ ਮਾਣ ਨਾਲ ਕਿਹਾ।
“ਪਰ ਤੁਸੀਂ ਕਰੋਗੇ ਕੀ…?” ਬਲਕਾਰ ਨੇ ਪੁੱਛਿਆ।
“ਇਸ ਦੀ ਚਿੰਤਾ ਤੁਸੀਂ ਨਾ ਕਰੋ…ਬਸ ਘਰ ਜਾ ਕੇ ਆਰਾਮ ਕਰੋ।”
“ਪਰ ਕੁੱਝ ਤਾਂ ਦੱਸੋ…………!”
“ਕਿਹਾ ਨਾ…ਚਿੰਤਾ ਨਾ ਕਰੋ।”
“ਠੀਕ ਏ ਪਰ ਹੁਣ ਸਾਰੀ ਜਿ਼ਮੇਵਾਰੀ ਤੁਹਾਡੀ ਹੋਵੇਗੀ।” ਬਲਕਾਰ ਨੇ ਕਿਹਾ।
“ਹਾਂ…ਹਾਂ…ਤੁਸੀਂ ਫਿ਼ਕਰ ਨਾ ਕਰੋ।”
ਤੇ ਫਿਰ ਦੋਵੇਂ ਪਿਉ ਪੁੱਤ ਘਰ ਵੱਲ ਨੂੰ ਚੱਲ ਪਏ। ਬਲਕਾਰ ਆਪਣੇ ਬਾਪੂ ਤੋਂ ਵਧੇਰੇ ਚਿੰਤਾਗ੍ਰਸਤ ਲੱਗ ਰਿਹਾ ਸੀ ਪਰ ਰਸਤੇ ਵਿੱਚ ਉਸ ਨੇ ਆਪਣੇ ਬਾਪੂ ਨਾਲ ਕੋਈ ਗੱਲ ਨਾ ਕੀਤੀ।
ਜਿਸ ਗੱਲ ਦਾ ਡਰ ਸੀ ਉਹੀ ਹੋਇਆ ਸ਼ਾਮ ਪੈਣ ਤੱਕ ਰੇਲਵੇ ਪੁਲੀਸ ਬਲਕਾਰ ਕੇ ਘਰ ਆ ਗਈ ਤੇ ਪੁੱਛਗਿੱਛ ਕਰਨ ਲੱਗੀ ਕਿ ਗੱਡੀ ਨਾਲ ਟਕਰਾਉਣ ਵਾਲਾ ਟ੍ਰੈਕਟਰ ਕਿਸ ਦੇ ਨਾਂ ਹੈ ਤੇ ਉਸ ਨੂੰ ਕੋਣ ਚਲਾ ਰਿਹਾ ਸੀ?
ਇਤਨੇ ਨੂੰ ਨਾਲ ਦੇ ਕਮਰੇ ਵਿੱਚੋਂ ਬਲਕਾਰ ਦੇ ਬਾਪੂ ਨੇ ਥਾਣੇਦਾਰ ਮਹਿੰਗਾ ਸਿੰਘ ਨੂੰ ਫ਼ੋਨ ਕਰ ਦਿੱਤਾ ਤੇ ਅਕਸਰ ਦੇਰ ਨਾਲ ਆਉਣ ਵਾਲੀ ਪੁਲੀਸ ਅਗਲੇ 10 ਮਿਨਟ ਵਿੱਚ ਬਲਕਾਰ ਦੇ ਘਰ ਸੀ।
ਥਾਣੇਦਾਰ ਮਹਿੰਗਾ ਸਿੰਘ ਆਪਣੀ ਜੀਪ ਵਿੱਚੋਂ ਉੱਤਰਿਆ ਤੇ ਰੇਲਵੇ ਪੁਲੀਸ ਦੇ ਅਫ਼ਸਰ ਨੂੰ ਮੁਖਾਤਿਬ ਹੁੰਦਿਆਂ ਕਿਹਾ, “ ਜਨਾਬ ਜਿਸ ਟ੍ਰੈਕਟਰ ਦੀ ਤੁਸੀਂ ਗੱਲ ਕਰ ਰਹੇ ਹੋ ਉਹ ਤਾਂ ਪਿਛਲੇ ਦੋ ਦਿਨ ਤੋਂ ਚੋਰੀ ਹੋ ਗਿਆ ਸੀ ਤੇ ਇਸ ਦੀ ਰੀਪੋਰਟ ਇਹਨਾਂ ਨੇ ਥਾਣੇ ਵਿੱਚ ਲਿਖਵਾਈ ਹੋਈ ਏ।” ਥਾਣੇਦਾਰ ਮਹਿੰਗਾ ਸਿੰਘ ਨੇ ਰੇਲਵੇ ਅਫ਼ਸਰ ਨੂੰ ਕਿਹਾ।
“ਅੱਛਾ…ਟ੍ਰੈਕਟਰ ਚੋਰੀ ਸੀ…!” ਅਫ਼ਸਰ ਨੇ ਹੈਰਾਨ ਹੁੰਦਿਆਂ ਕਿਹਾ।
“ਹਾਂ ਜੀ…ਆਹ ਦੇਖੋ ਰੀਪੋਰਟ।” ਥਾਣੇਦਾਰ ਮਹਿੰਗਾ ਸਿੰਘ ਨੇ ਚੋਰੀ ਦੀ ਦਰਜ਼ ਰੀਪੋਰਟ ਰੇਲਵੇ ਪੁਲੀਸ ਅਫ਼ਸਰ ਨੂੰ ਦਿਖਾਉਂਦਿਆਂ ਕਿਹਾ।
ਰੇਲਵੇ ਅਫ਼ਸਰ ਨੇ ਰੀਪੋਰਟ ਚੈੱਕ ਕੀਤੀ ਤਾਂ ਟ੍ਰੈਕਟਰ ਚੋਰੀ ਦੀ ਰੀਪੋਰਟ ਦਰਜ਼ ਕੀਤੀ ਹੋਈ ਸੀ।
“ਹੂੰ………, ਹੁਣ ਕੀ ਕੀਤਾ ਜਾ ਸਕਦਾ ਹੈ?” ਰੇਲਵੇ ਅਫ਼ਸਰ ਨੇ ਥਾਣੇਦਾਰ ਮਹਿੰਗਾ ਸਿੰਘ ਤੋਂ ਸਲਾਹ ਲੈਂਦਿਆਂ ਕਿਹਾ।
“ਕਰਨਾ ਕੀ ਏ ਜਨਾਬ, ਅਸੀਂ ਅਣਪਛਾਤੇ ਚੋਰਾਂ ਖਿ਼ਲਾਫ ਟ੍ਰੈਕਟਰ ਚੋਰੀ ਦਾ ਮਾਮਲਾ ਦਰਜ਼ ਕੀਤਾ ਹੋਇਆ ਏ,……ਤੁਸੀਂ ਵੀ ਇਸੇ ਆਧਾਰ ਤੇ ਚੋਰਾਂ ਖਿ਼ਲਾਫ ਮਾਮਲਾ ਦਰਜ਼ ਕਰ ਦਿਓ।”
“ਕਾਨੂੰਨ ਮੁਤਾਬਕ ਵੀ ਇਹੋ ਹੀ ਕਾਰਵਾਈ ਬਣਦੀ ਹੈ।” ਮਹਿੰਗਾ ਸਿੰਘ ਨੇ ਆਪਣੀ ਗੱਲ ਜਾਰੀ ਰੱਖਦਿਆਂ ਕਿਹਾ।
“ਤੁਸੀਂ ਠੀਕ ਕਹਿੰਦੇ ਹੋ…।” ਰੇਲਵੇ ਅਫ਼ਸਰ ਨੂੰ ਥਾਣੇਦਾਰ ਮਹਿੰਗਾ ਸਿੰਘ ਦੀ ਗੱਲ ਚੰਗੀ ਲੱਗੀ।
ਅਤੇ ਫਿਰ ਅਣਪਛਾਤੇ ਚੋਰਾਂ ਵਿਰੁੱਧ ਇੱਕ ਮਾਮਲਾ ਹੋਰ ਦਰਜ਼ ਹੋ ਗਿਆ। ਰੇਲਵੇ ਪੁਲੀਸ ਅਫ਼ਸਰ ਅਤੇ ਥਾਣੇਦਾਰ ਮਹਿੰਗਾ ਸਿੰਘ ਦੀ ਜੀਪ ਉਹਨਾਂ ਦੇ ਘਰੋਂ ਬਾਹਰ ਨਿਕਲ ਰਹੀ ਸੀ ਅਤੇ ਬਲਕਾਰ ਤੇ ਉਸ ਦਾ ਬਾਪੂ ਇੱਕ ਦੂਜੇ ਵੱਲ ਕਿਸੇ ਜੇਤੂ ਖਿਡਾਰੀ ਵਾਂਗ ਦੇਖ ਕੇ ਮੁਸਕਰਾ ਰਹੇ ਸਨ।
ਨਿਸ਼ਾਨ ਸਿੰਘ ਰਾਠੌਰ
ਖੋਜ ਵਿਦਿਆਰਥੀ, ਪੰਜਾਬੀ ਵਿਭਾਗ, ਕੁਰੂਕਸ਼ੇਤਰ ਯੂਨੀਵਰਸਿਟੀ, ਕੁਰੂਕਸ਼ੇਤਰ।