ਜੀ.ਓ.ਜੀ (ਸਾਬਕਾ ਸੈਨਿਕ) ਨੇ ਵਿਧਾਇਕ ਕਾਕਾ ਬਰਾੜ ਦੀ ਕੋਠੀ ਅੱਗੇ ਲਗਾਇਆ ਧਰਨਾ

ਮਲੋਟ (ਸ਼੍ਰੀ ਮੁਕਤਸਰ ਸਾਹਿਬ):- ਜੀ.ਓ.ਜੀ ਸਕੀਮ ਨੂੰ ਦੁਬਾਰਾ ਸ਼ੁਰੂ ਕਰਨ ਦੀ ਮੰਗ ਨੂੰ ਲੈ ਕੇ ਸੰਘਰਸ਼ ਕਰ ਰਹੇ ਸਾਬਕਾ ਸੈਨਿਕਾਂ ਵੱਲੋਂ ਐਤਵਾਰ ਦੁਪਹਿਰ ਸ਼੍ਰੀ ਮੁਕਤਸਰ ਸਾਹਿਬ ਦੇ ਐਮ.ਐਲ.ਏ ਜਗਦੀਪ ਸਿੰਘ ਕਾਕਾ ਬਰਾੜ ਦੀ ਕੋਠੀ ਮੂਹਰੇ ਸ਼ਾਂਤਮਈ ਧਰਨਾ ਦਿੱਤਾ ਗਿਆ । ਹਾਲਾਂਕਿ ਇਸ ਮੌਕੇ ਵਿਧਾਇਕ ਕਾਕਾ ਬਰਾੜ ਘਰ ਵਿੱਚ ਮੌਜੂਦ ਨਹੀ ਸਨ, ਉਹ ਗੁਜਰਾਤ ਚੋਣ ਪ੍ਰਚਾਰ ਲਈ ਗਏ ਹੋਏ ਸਨ । ਇਸ ਮੌਕੇ ਧਰਨੇ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਕੈਪਟਨ ਬਲਵਿੰਦਰ ਸਿੰਘ, ਪ੍ਰਧਾਨ ਅਵਤਾਰ ਸਿੰਘ ਫੱਕਰਸਰ, ਸੂਬੇਦਾਰ ਲਾਭ ਸਿੰਘ, ਕ੍ਰਿਪਾਲ ਸਿੰਘ ਵਾਦੀਆਂ, ਵਰੰਟ ਅਫਸਰ ਹਰਪ੍ਰੀਤ ਸਿੰਘ ਅਤੇ ਗੁਰਮੇਲ ਸਿੰਘ ਬਰਾੜ ਆਦਿ ਨੇ ਕਿਹਾ ਕਿ ਸਾਬਕਾ ਫੌਜੀ ਧਰਨਿਆਂ ਦੌਰਾਨ ਚਾਹ ਕੇ ਵੀ ਸੜਕਾਂ ਆਦਿ ਜਾਮ ਨਹੀ ਕਰ ਸਕਦੇ ਕਿਉਂਕਿ ਜਿਹਨਾਂ ਭਰ ਜਵਾਨੀ ਵਿੱਚ ਦੇਸ਼ ਵਾਸੀਆਂ ਨੂੰ ਚੈਣ ਦੀ ਨੀਂਦ ਸਵਾਉਣ ਲਈ ਬਰਫੀਲੇ ਤੂਫਾਨਾਂ ਵਿੱਚ ਰਾਤਾਂ ਕੱਟੀਆਂ ਹੋਣ ਉਹ ਉਹਨਾਂ ਲੋਕਾਂ ਲਈ ਹੀ ਮੁਸ਼ਕਿਲਾਂ ਨਹੀਂ ਖੜੀਆਂ ਕਰ ਸਕਦੇ ਪਰ ਸਰਕਾਰ ਇਸਨੂੰ ਸਾਬਕਾ ਫੌਜੀਆਂ ਦੀ ਕਮਜੋਰੀ ਸਮਝਣ ਦਾ ਯਤਨ ਨਾ ਕਰੇ। ਉਹਨਾਂ ਕਿਹਾ ਕਿ ਮੁੱਖ ਮੰਤਰੀ ਜੀ.ਓ.ਜੀ ਨਾਲ ਮੀਟਿੰਗ ਦਾ ਵਾਅਦਾ ਕਰਕੇ ਸਮਾਂ ਨਹੀਂ ਦੇ ਰਹੇ ਜਿਸ ਕਰਕੇ ਪੰਜਾਬ ਸੰਘਰਸ਼ ਕਮੇਟੀ ਦੇ ਸੱਦੇ ਤੇ ਇਸ ਸ਼ਨੀਵਾਰ ਐਤਵਾਰ ਨੂੰ ਪੰਜਾਬ ਭਰ ਦੇ ਸਮੂਹ ਐਮ.ਐਲ.ਏ ਦੇ ਘਰਾਂ ਮੂਹਰੇ ਧਰਨੇ ਦਿੱਤੇ ਜਾ ਰਹੇ ਹਨ । ਉਹਨਾਂ ਕਿਹਾ ਕਿ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਇੱਕ ਨੌਜਵਾਨ ਜੀ.ਓ.ਜੀ ਰਜਿੰਦਰ ਸਿੰਘ ਭੁੱਲਰ ਦੀ ਅਚਾਨਕ ਮੌਤ ਹੋ ਜਾਣ ਕਾਰਨ ਸ਼ਨੀਵਾਰ ਦਾ ਧਰਨਾ ਮੁਲਤਵੀ ਕੀਤਾ ਗਿਆ ਸੀ। ਐਤਵਾਰ ਜੀ.ਓ.ਜੀ ਸਾਥੀ ਦੇ ਭੋਗ ਉਪਰੰਤ ਇਹ ਧਰਨਾ ਦਿੱਤਾ ਗਿਆ। ਇਸ ਮੌਕੇ ਵਿਧਾਇਕ ਕਾਕਾ ਬਰਾੜ ਵੱਲੋਂ ਜਨਰਲ ਸਕੱਤਰ ਸੰਦੀਪ ਸ਼ਰਮਾ ਜੀ ਧਰਨਾਕਾਰੀ ਜੀ.ਓ.ਜੀ ਨਾਲ ਗੱਲਬਾਤ ਕਰਨ ਪੁੱਜੇ ਅਤੇ ਵਿਸ਼ਵਾਸ਼ ਦਵਾਇਆ ਕਿ ਐੱਮ.ਐੱਲ.ਏ ਸਾਹਿਬ ਦੀ ਵਾਪਸੀ ਉਪਰੰਤ ਉਹ ਉਹਨਾਂ ਦੀ ਮੀਟਿੰਗ ਕਰਵਾਉਣਗੇ ਤਾਂ ਜੋ ਵਿਧਾਇਕ ਕਾਕਾ ਬਰਾੜ ਅੱਗੇ ਇਹ ਗੱਲ ਮੁੱਖ ਮੰਤਰੀ ਤੱਕ ਪਹੁੰਚਾ ਸਕਣ । ਜਿਸ ਉਪਰੰਤ ਜੀ.ਓ.ਜੀ ਨੇ ਧਰਨਾ ਇਕ ਵਾਰ ਚੁੱਕ ਕੇ ਅਗਲੇ ਹਫਤੇ ਤੱਕ ਮੁਲਤਵੀ ਕਰ ਦਿੱਤਾ । ਇਸ ਮੌਕੇ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਤੋਂ ਜੀ.ਓ.ਜੀ ਅਤੇ ਵੱਡੀ ਗਿਣਤੀ ਸਾਬਕਾ ਸੈਨਿਕ ਵੀ ਸ਼ਾਮਿਲ ਸਨ। Author: Malout Live