ਫੰਡ ਪ੍ਰਾਪਤੀ ਨਾ ਹੋਣ ਕਾਰਨ ਮਲੋਟ ਖੇਡ ਸਟੇਡੀਅਮ ਦਾ ਕੰਮ ਵਿਚੇ ਲਟਕਿਆ

ਮਲੋਟ, 16  ਜਨਵਰੀ (ਆਰਤੀ ਕਮਲ) : ਮਲੋਟ ਸ਼ਹਿਰ ਵਿਖੇ ਨੌਜਵਾਨਾਂ ਦੀ ਲੰਮੇ ਸਮੇਂ ਤੋਂ ਖੇਡ ਸਟੇਡੀਅਮ ਦੀ ਮੰਗ ਨੂੰ ਬੀਤੀ ਅਕਾਲੀ ਸਰਕਾਰ ਦੇ ਜਾਂਦੇ ਜਾਂਦੇ ਬੂਰ ਪਿਆ ਅਤੇ ਕਰੀਬ ਪੰਜ ਕਰੋੜ ਦੀ ਲਾਗਤ ਨਾਲ ਬਣਨ ਵਾਲੇ ਬਹੁਮੰਤਵੀ ਖੇਡ ਸਟੇਡੀਅਮ ਦਾ ਨੀਂਹ ਪੱਥਰ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਰੱਖਿਆ ਗਿਆ । ਟੈਂਡਰ ਹੋਣ ਉਪਰੰਤ ਠੇਕੇਦਾਰ ਵੱਲੋਂ 22 ਅਗਸਤ 2016 ਨੂੰ ਕੰਮ ਸ਼ੁਰੂ ਕਰ ਦਿੱਤਾ ਗਿਆ ਅਤੇ ਇਹ ਕੰਮ 6 ਮਹੀਨੇ ਅੰਦਰ ਭਾਵ 21 ਫਰਵਰੀ 2017 ਤੱਕ ਪੂਰਾ ਹੋਣਾ ਸੀ । ਇਸ ਦੌਰਾਨ ਪੰਜਾਬ ਵਿਚ ਚੋਣਾਂ ਸ਼ੁਰੂ ਹੋਣ ਕਾਰਨ ਚੋਣ ਜਾਬਤਾ ਲੱਗ ਗਿਆ ਅਤੇ ਕੰਮ ਵਿਚੇ ਹੀ ਲਟਕ ਗਿਆ । ਕੰਮ ਨੂੰ ਤਹਿ ਸਮੇਂ ਅੰਦਰ ਪੂਰਾ ਨਾ ਕਰਨ ਲਈ ਜਿੰਮੇਵਾਰ ਠੇਕੇਦਾਰ ਬਾਬਤ ਹੋਈ ਕਾਰਵਾਈ ਦੀ ਜਾਣਕਾਰੀ ਲੈਣ ਲਈ ਮਲੋਟ ਦੇ ਆਰ.ਟੀ.ਆਈ ਐਕਟੀਵਿਸਟ ਸੰਦੀਪ ਮਲੂਜਾ ਵਲੋਂ ਮੰਡੀ ਬੋਰਡ ਤੋਂ ਜਾਣਕਾਰੀ ਮੰਗੀ ਗਈ । ਜਾਣਕਾਰੀ ਪ੍ਰਾਪਤ ਹੋਣ ਤੇ ਸੰਦੀਪ ਮਲੂਜਾ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਵਿਭਾਗ ਨੇ ਦੱਸਿਆ ਹੈ ਕਿ ਕੰਮ ਦੇ ਇਕਰਾਰਨਾਮੇ ਅਨੁਸਾਰ ਖੇਡ ਸਟੇਡੀਅਮ ਤੇ ਕੁੱਲ 4 ਕਰੋੜ 84 ਲੱਖ 64 ਹਜਾਰ 255 ਰੁਪਏ ਖਰਚ ਹੋਣੇ ਸਨ ਜਿਸ ਵਿਚੋਂ 165 ਲੱਖ ਰੁਪਏ ਖਰਚ ਹੋ ਚੁੱਕੇ ਹਨ ਅਤੇ ਇਹ ਰਾਸ਼ੀ ਠੇਕੇਦਾਰ ਨੂੰ ਅਦਾ ਹੋ ਚੁੱਕੀ ਹੈ । ਮੰਡੀ ਬੋਰਡ ਦੁਆਰਾ ਦਿੱਤੀ ਜਾਣਕਾਰੀ ਅਨੁਸਾਰ ਸਰਕਾਰ ਵੱਲੋਂ ਹੋਰ ਫੰਡ ਰਿਲੀਜ ਨਾ ਹੋਣ ਕਾਰਨ ਉਹ ਕੰਮ ਵਿਚੇ ਰੋਕਣਾ ਪਿਆ ਜਿਸ ਕਰਕੇ ਠੇਕੇਦਾਰ ਦੀ ਕੋਈ ਗਲਤੀ ਨਹੀ ਹੈ ਅਤੇ ਨਾ ਹੀ ਉਸ ਖਿਲਾਫ ਕੋਈ ਕਾਰਵਾਈ ਬਣਦੀ ਹੈ । ਕੀ ਕਹਿੰਦੇ ਹਨ ਮੌਜੂਦਾ ਤੇ ਸਾਬਕਾ ਵਿਧਾਇਕ ਮਲੋਟ ਦੇ ਅਕਾਲੀ ਦਲ ਦੇ ਸਾਬਕਾ ਵਿਧਾਇਕ ਹਰਪ੍ਰੀਤ ਸਿੰਘ ਨੇ ਕਿਹਾ ਕਿ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਕੋਲ ਮਲੋਟ ਦੇ ਨੌਜਵਾਨਾਂ ਦੀ ਮੰਗ ਬੜੇ ਜੋਰ ਨਾਲ ਰੱਖ ਕੇ ਉਹਨਾਂ ਇਹ ਖੇਡ ਸਟੇਡੀਅਮ ਸ਼ੁਰੂ ਕਰਵਾਇਆ ਸੀ ਪਰ ਬਦਕਿਸਮਤੀ ਕਿ ਸਰਕਾਰ ਬਦਲਣ ਦੇ ਨਾਲ ਇਹ ਸਟੇਡੀਅਮ ਵਿਚਕਾਰ ਹੀ ਲਟਕਾ ਦਿੱਤਾ ਗਿਆ । ਮਲੋਟ ਦੇ ਮੌਜੂਦਾ ਵਿਧਾਇਕ ਤੇ ਡਿਪਟੀ ਸਪੀਕਰ ਅਜਾਇਬ ਸਿੰਘ ਭੱਟੀ ਨੇ ਕਿਹਾ ਕਿ ਫੰਡ ਦੀ ਕੋਈ ਕਮੀ ਨਹੀ ਹੈ ਅਤੇ ਕੁਝ ਤਕਨੀਕੀ ਕਾਰਨਾ ਕਰਕੇ ਇਹ ਕੰਮ ਇਕ ਵਾਰ ਰੁਕਿਆ ਸੀ ਪਰ ਹੁਣ ਜਲਦੀ ਹੀ ਉਹ ਇਹ ਸਟੇਡੀਅਮ ਨੂੰ ਪੂਰਾ ਕਰਵਾਉਣ ਦਾ ਯਤਨ ਕਰ ਰਹੇ ਹਨ । ਹਲਕੇ ਦੇ ਖਿਡਾਰੀਆਂ ਲਈ ਸਟੇਡੀਅਮ ਜਰੂਰੀ ਹੈ ਅਤੇ ਨੌਜਵਾਨਾਂ ਦੀ ਭਲਾਈ ਲਈ ਕਾਂਗਰਸ ਸਰਕਾਰ ਹਮੇਸ਼ਾਂ ਵਚਨਬੱਧ ਹੈ । ਮੰਡੀ ਬੋਰਡ ਦੇ ਐਕਸੀਅਨ ਜਗਰੂਪ ਸਿੰਘ ਨੇ ਕਿਹਾ ਕਿ ਫੰਡ ਦੀ ਕਮੀ ਕਾਰਨ ਹੀ ਕੰਮ ਰੁਕਿਆ ਸੀ ਪਰ ਹੁਣ ਸਰਕਾਰ ਤੋਂ ਫੰਡ ਪ੍ਰਾਪਤ ਕਰਨ ਦੇ ਯਤਨ ਕੀਤੇ ਜਾ ਰਹੇ ਹਨ ਅਤੇ ਉਮੀਦ ਹੈ ਜਲਦ ਹੀ ਕੰਮ ਦੁਬਾਰਾ ਸ਼ੁਰੂ ਹੋ ਜਾਵੇਗਾ ।