ਡਿਪਟੀ ਕਮਿਸ਼ਨਰ ਵੱਲੋਂ ‘ਸਰਬੱਤ ਸਿਹਤ ਬੀਮਾ ਯੋਜਨਾ’ ਦੀ ਪ੍ਰਗਤੀ ਦਾ ਜਾਇਜ਼ਾ
ਸ੍ਰੀ ਮੁਕਤਸਰ ਸਾਹਿਬ:- ਡਿਪਟੀ ਕਮਿਸ਼ਨਰ ਸ੍ਰੀ ਐਮ ਕੇ ਅਰਾਵਿੰਦ ਕੁਮਾਰ ਵੱਲੋਂ ਸਰਕਾਰ ਵੱਲੋਂ ਚਲਾਈ ਗਈ ਅਹਿਮ ਸਕੀਮ ‘ਸਰਬੱਤ ਸਿਹਤ ਬੀਮਾ ਯੋਜਨਾ’ ਦੀ ਪ੍ਰਗਤੀ ਦਾ ਜਾਇਜ਼ਾ ਲੈਣ ਲਈ ਅੱਜ ਸਿਹਤ ਵਿਭਾਗ ਦੇ ਅਧਿਕਾਰੀਆਂ, ਪ੍ਰਾਈਵੇਟ ਹਸਪਤਾਲਾਂ ਦੇ ਨੁਮਾਇੰਦਿਆਂ ਤੇ ਹੋਰ ਸਟਾਫ ਨਾਲ ਮੀਟਿੰਗ ਕੀਤੀ। ਇਸ ਮੌਕੇ ਐੱਸ.ਡੀ.ਐੱਮ ਮਲੋਟ ਸ. ਗੋਪਾਲ ਸਿੰਘ, ਐੱਸ.ਡੀ.ਐੱਮ ਗਿੱਦੜਬਾਹਾ ਸ੍ਰੀ ਓਮ ਪ੍ਰਕਾਸ਼, ਐੱਸ.ਡੀ.ਐੱਮ ਸ੍ਰੀ ਮੁਕਤਸਰ ਸਾਹਿਬ ਸ. ਰਣਦੀਪ ਸਿੰਘ ਹੀਰ ਤੇ ਸਿਵਲ ਸਰਜਨ ਡਾ. ਨਵਦੀਪ ਸਿੰਘ ਵੀ ਹਾਜ਼ਰ ਸਨ।
ਇਸ ਮੌਕੇ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਜ਼ਿਲੇ ਵਿਚ ਇਸ ਸਕੀਮ ਅਧੀਨ ਹੁਣ ਤੱਕ ਇਕ ਲੱਖ 33 ਹਜ਼ਾਰ ਕਾਰਡ ਬਣ ਚੁੱਕੇ ਹਨ। ਉਨਾਂ ਦੱਸਿਆ ਕਿ ਇਸ ਸਕੀਮ ਤਹਿਤ ਜ਼ਿਲੇੇ ਦੇ ਸਰਕਾਰੀ ਹਸਪਤਾਲਾਂ ਤੋਂ ਇਲਾਵਾ 7 ਪ੍ਰਾਈਵੇਟ ਹਸਪਤਾਲ ਇਸ ਅਧੀਨ ਲਿਆਂਦੇ ਜਾ ਚੁੱਕੇ ਹਨ ਤੇ 11 ਹੋਰਾਂ ਨੇ ਅਪਲਾਈ ਕੀਤਾ ਹੋਇਆ ਹੈ। ਉਨਾਂ ਦੱਸਿਆ ਕਿ ਸਕੀਮ ਦੀਆਂ ਸ਼ਰਤਾਂ ਅਨੁਸਾਰ ਇਕ ਪਰਿਵਾਰ ਦਾ ਪੰਜ ਲੱਖ ਰੁਪਏ ਤੱਕ ਦਾ ਇਲਾਜ ਸਿਹਤ ਬੀਮਾ ਯੋਜਨਾ ਅਧੀਨ ਮੁਫਤ ਹੈ ਤੇ ਇਸ ਵਿਚ 1396 ਪੈਕੇਜ ਕਵਰ ਕੀਤੇ ਹਨ, ਜਿਨਾਂ ਵਿਚੋਂ 124 ਸਿਰਫ ਸਰਕਾਰੀ ਹਸਪਤਾਲਾਂ ਲਈ ਹਨ। ਜੇਕਰ ਸਰਕਾਰੀ ਹਸਪਤਾਲ ਵੱਲੋਂ ਮਰੀਜ਼ ਨੂੰ ਰੈਫਰ ਕੀਤਾ ਜਾਂਦਾ ਹੈ ਤਾਂ ਉਹ ਪ੍ਰਾਈਵੇਟ ਹਸਪਤਾਲ ਵਿਚ ਇਲਾਜ ਕਰਾ ਸਕਦੇ ਹਨ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਸ ਸਕੀਮ ਦਾ ਲਾਭ ਸ਼ਰਤਾਂ ਪੂਰੀਆਂ ਕਰਨ ਵਾਲੇ ਵੱੱਧ ਤੋਂ ਵੱਧ ਲੋਕਾਂ ਤੱਕ ਪੁੱਜਦਾ ਕਰਨ ਯਕੀਨੀ ਬਣਾਇਆ ਜਾਵੇ ਤੇ ਲੋਕਾਂ ਨੂੰ ਕੋਈ ਮੁਸ਼ਕਲ ਪੇਸ਼ ਨਾ ਆਉਣ ਦਿੱਤੀ ਜਾਵੇ।