ਸਿਹਤ ਵਿਭਾਗ ਵੱਲੋਂ ਰਾਸ਼ਟਰੀ ਟੀਕਾਕਰਨ ਦਿਵਸ ਤੇ ਘਰ-ਘਰ ਜਾ ਕੇ ਬੱਚਿਆਂ ਦਾ ਕੀਤਾ ਟੀਕਾਕਰਨ

ਮਲੋਟ (ਸ਼੍ਰੀ ਮੁਕਤਸਰ ਸਾਹਿਬ): ਸਿਹਤ ਵਿਭਾਗ ਵੱਲੋਂ ਡਾ. ਰੰਜੂ ਸਿੰਗਲਾ ਸਿਵਲ ਸਰਜਨ ਸ਼੍ਰੀ ਮੁਕਤਸਰ ਸਾਹਿਬ ਦੀ ਯੋਗ ਅਗਵਾਈ ਵਿੱਚ ਰਾਸ਼ਟਰੀ ਟੀਕਾਕਰਨ ਦਿਵਸ ਮਨਾਉਂਦੇ ਹੋਏ ਰੁਟੀਨ ਟੀਕਾਕਰਨ ਤੋਂ ਵਾਂਝੇ ਰਹਿ ਗਏ ਬੱਚਿਆਂ ਦਾ ਮੁਕੰਮਲ ਟੀਕਾਕਰਨ ਕਰਨ ਲਈ ਘਰ-ਘਰ ਜਾ ਕੇ ਸਰਵੇ ਉਪਰੰਤ ਉਨ੍ਹਾਂ ਦਾ ਟੀਕਾਕਰਨ ਕੀਤਾ ਗਿਆ। ਡਾ. ਰੰਜੂ ਸਿੰਗਲਾ ਨੇ ਬਰਕੰਦੀ ਰੋਡ ਸ਼੍ਰੀ ਮੁਕਤਸਰ ਸਾਹਿਬ ਵਿਖੇ ਟੀਕਾਕਰਨ ਟੀਮਾਂ ਦੇ ਨਾਲ ਜਾ ਕੇ ਲੋਕਾਂ ਨੂੰ ਆਪਣੇ ਬੱਚਿਆਂ ਦਾ ਮੁਕੰਮਲ ਟੀਕਾਕਰਨ ਕਰਵਾਉਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਵੱਲੋਂ ਹਰ ਸਾਲ 16 ਮਾਰਚ ਨੂੰ ਰਾਸ਼ਟਰੀ ਟੀਕਾਕਰਨ ਦਿਵਸ ਮਨਾਇਆ ਜਾਂਦਾ ਹੈ, ਜਿਸ ਅਧੀਨ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਵਿੱਚ ਵਿਸ਼ੇਸ਼ ਟੀਕਾਕਰਨ ਸੈਸ਼ਨ ਲਗਾ ਕੇ ਟੀਕਾਕਰਨ ਤੋਂ ਵਾਝੇਂ ਰਹਿ ਗਏ ਬੱਚਿਆਂ ਦਾ ਮੁਕੰਮਲ ਟੀਕਾਕਰਨ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਰੁਟੀਨ ਵਿੱਚ ਬੱਚੇ ਦਾ 2 ਸਾਲ ਦੀ ਉਮਰ ਤੱਕ ਟੀਕਾਕਰਨ ਪੂਰਾ ਹੋ ਜਾਂਦਾ ਹੈ ਲੇਕਿਨ ਅੱਜ ਜਿਹੜੇ ਬੱਚਿਆਂ ਦਾ ਟੀਕਾਕਰਨ ਅਧੂਰਾ ਹੈ ਜਾਂ ਨਹੀਂ ਹੋਇਆ ਹੈ ਤਾਂ ਉਨ੍ਹਾਂ ਦਾ ਮੁਕੰਮਲ ਟੀਕਾਕਰਨ 5 ਸਾਲ ਦੀ ਉਮਰ ਤੱਕ ਵੀ ਕੀਤਾ ਗਿਆ। ਉਨ੍ਹਾਂ ਕਿਹਾ ਕਿ ਬੇਸ਼ੱਕ ਪੋਲੀਓ ਸਾਡੇ ਦੇਸ਼ ਵਿੱਚੋਂ ਖਤਮ ਹੋ ਚੁੱਕਾ ਹੈ ਪ੍ਰੰਤੂ ਸਾਡੇ ਗਵਾਂਢੀ ਦੇਸ਼ਾਂ ਵਿੱਚ ਪੋਲੀਓ ਦੇ ਕੇਸ ਅਜੇ ਵੀ ਰਿਪੋਰਟ ਹੋ ਰਹੇ ਹਨ।

ਇਸ ਲਈ ਸਰਕਾਰ ਵੱਲੋਂ ਪੋਲੀਓ ਦੇ ਤੀਜੇ ਟੀਕੇ ਦੀ ਸ਼ੁਰੂਆਤ ਕੀਤੀ ਗਈ ਹੈ ਜੋ ਕਿ 9 ਮਹੀਨੇ ਦੀ ਉਮਰ ਤੇ ਲਗਾਇਆ ਜਾ ਰਿਹਾ ਹੈ। ਰਾਸ਼ਟਰੀ ਟੀਕਾਕਰਨ ਦਿਵਸ ਤੇ ਸਿਵਲ ਹਸਪਤਾਲ ਸ਼੍ਰੀ ਮੁਕਤਸਰ ਸਾਹਿਬ ਦੇ ਸਮੂਹ ਸਟਾਫ ਨੂੰ ਹੈਪਾਟਾਇਟਸ-ਬੀ ਦੇ ਟੀਕੇ ਲਗਾਏ ਗਏ ਤਾਂ ਜੋ ਉਹ ਇਸ ਬਿਮਾਰੀ ਤੋਂ ਸੁਰੱਖਿਅਤ ਹੋ ਸਕਣ। ਇਸ ਮੌਕੇ ਡਾ. ਰੰਜੂ ਸਿੰਗਲਾ ਸਿਵਲ ਸਰਜਨ ਨੇ ਆਪਣੇ ਖੁੱਦ ਵੀ ਹੈਪਾਟਾਇਟਸ-ਬੀ ਦਾ ਟੀਕਾ ਲਗਵਾਇਆ ਅਤੇ ਸਮੂਹ ਹੈਲਥ ਸਟਾਫ ਦੇ ਵੀ ਹੈਪਾਟਾਇਟਸ-ਬੀ ਦੇ ਟੀਕੇ ਲਗਾਏ ਗਏ। ਉਨ੍ਹਾਂ ਕਿਹਾ ਕਿ ਹੈਲਥ ਸਟਾਫ ਨੂੰ ਆਮ ਲੋਕਾਂ ਨਾਲੋਂ ਹੈਪਾਟਾਇਟਸ-ਬੀ ਹੋਣ ਦਾ ਖਤਰਾ ਜਿਆਦਾ ਰਹਿੰਦਾ ਹੈ, ਕਿਉੁਂਕਿ ਉਹ ਮਰੀਜਾਂ ਦੀ ਦੇਖਭਾਲ ਕਰਦੇ ਸਮੇਂ ਉਨ੍ਹਾਂ ਦੇ ਅਪਰੇਸ਼ਨ, ਪੱਟੀਆਂ ਅਤੇ ਟੀਕੇ ਲਗਾਉਂਦੇ ਸਮੇਂ ਇਨਫੈਕਟਡ ਹੋ ਸਕਦੇ ਹਨ। ਇਸ ਲਈ ਸਿਹਤ ਸਟਾਫ ਨੂੰ ਇਸ ਬਿਮਾਰੀ ਤੋਂ ਸੁਰੱਖਿਅਤ ਕਰਨ ਲਈ ਉਨ੍ਹਾਂ ਦਾ ਹੈਪਾਟਾਇਟਸ-ਬੀ ਟੀਕਾਕਰਨ ਕੀਤਾ ਗਿਆ ਹੈ। ਇਸ ਮੌਕੇ ਡਾ. ਭੁਪਿੰਦਰਜੀਤ ਕੌਰ ਐੱਸ.ਐੱਮ.ਓ, ਡਾ. ਪਰਮਦੀਪ ਸਿੰਘ ਬੱਚਿਆਂ ਦੇ ਮਾਹਿਰ ਡਾਕਟਰ, ਡਾ. ਸਿਮਰਦੀਪ ਕੌਰ ਔਰਤ ਰੋਗਾਂ ਦੇ ਮਾਹਿਰ, ਡਾ. ਅਰਪਣਦੀਪ ਸਿੰਘ, ਡਾ. ਅਨੀਤਾ, ਡਾ. ਮਨੀਸ਼ਾ ਮਰਵਾਹਾ, ਸੁਖਮੰਦਰ ਸਿੰਘ ਜਿਲ੍ਹਾ ਮਾਸ ਮੀਡੀਆ ਅਫਸਰ, ਸੁਨੀਤਾ ਰਾਣੀ ਨਰਸਿੰਗ ਸਿਸਟਰ, ਕੇਵਲਦੀਪ ਕੌਰ, ਗੁਰਵਿੰਦਰ ਕੌਰ, ਵਕੀਲ ਸਿੰਘ ਅਤੇ ਦਰਸ਼ਨਾ ਰਾਣੀ ਹਾਜ਼ਿਰ ਸਨ। Author: Malout Live