ਸਿਵਲ ਹਸਪਤਾਲ ਗਿੱਦੜਬਾਹਾ ਨੇ ਪੰਜਾਬ 'ਚੋਂ ਕੀਤਾ ਪਹਿਲਾ ਸਥਾਨ ਹਾਸਲ
ਸ੍ਰੀ ਮੁਕਤਸਰ ਸਾਹਿਬ:- ਪੰਜਾਬ ਸਰਕਾਰ ਵਲੋਂ ਸਰਕਾਰੀ ਹਸਪਤਾਲਾਂ ਵਿਚ ਜਿੱਥੇ ਚੰਗੀਆਂ ਸਿਹਤ ਸਹੂਲਤਾਂ ਦਾ ਧਿਆਨ ਰੱਖਿਆ ਜਾਂਦਾ ਹੈ, ਉੱਥੇ ਸਾਫ਼-ਸਫ਼ਾਈ ਵੱਲ ਵੀ ਧਿਆਨ ਦਿੱਤਾ ਜਾਂਦਾ ਹੈ । ਇਸ ਸਬੰਧ ਵਿਚ ਸੂਬੇ ਦੇ ਸਾਰੇ ਸਰਕਾਰੀ ਹਸਪਤਾਲਾਂ ਦਾ ਸਰਵੇਖਣ ਕਰਵਾਇਆ ਗਿਆ ਸੀ । ਇਸ ਕਾਇਆ ਕਲਪ ਸਰਵੇਖਣ ਵਿਚ ਸਰਕਾਰੀ ਹਸਪਤਾਲ ਗਿੱਦੜਬਾਹਾ ਨੇ ਸੂਬੇ ਭਰ ਵਿਚੋਂ ਪਹਿਲਾ ਸਥਾਨ ਹਾਸਿਲ ਕੀਤਾ ਅਤੇ ਇਨਾਮ ਵਜੋਂ 15 ਲੱਖ ਰੁਪਏ ਦੀ ਰਾਸ਼ੀ ਵੀ ਪ੍ਰਾਪਤ ਕੀਤੀ । ਇਹ ਸਬੰਧੀ ਜਾਣਕਾਰੀ ਦਿੰਦਿਆਂ ਸੀਨੀਅਰ ਮੈਡੀਕਲ ਅਫ਼ਸਰ ਡਾ. ਪ੍ਰਦੀਪ ਸੱਚਦੇਵਾ ਨੇ ਦੱਸਿਆ ਕਿ ਬੀਤੇ ਦਿਨੀਂ ਪੰਜਾਬ ਸਰਕਾਰ ਵਲੋਂ ਮਾਨਸਾ ਵਿਖੇ ਇਨਾਮੀ ਰਾਸ਼ੀ ਅਤੇ ਹਸਪਤਾਲਾਂ ਦੀਆਂ ਟੀਮਾਂ ਨੂੰ ਸਨਮਾਨਿਤ ਕਰਨ ਲਈ ਇਕ ਸਮਾਗਮ ਕਰਵਾਇਆ ਗਿਆ ਸੀ । ਇਸ ਮੌਕੇ ਸਿਹਤ ਮੰਤਰੀ ਬਲਵੀਰ ਸਿੰਘ ਸਿੱਧੂ ਅਤੇ ਹੋਰ ਸਿਹਤ ਵਿਭਾਗ ਦੇ ਉੱਚ ਅਧਿਕਾਰੀ ਸ਼ਾਮਿਲ ਹੋਏ । ਇਸ ਮੌਕੇ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਸਿਵਲ ਸਰਜਨ ਡਾ. ਨਵਦੀਪ ਸਿੰਘ ਵੀ ਹਾਜ਼ਰ ਸਨ । ਸਿਹਤ ਮੰਤਰੀ ਵਲੋਂ ਡਾ. ਪ੍ਰਦੀਪ ਸੱਚਦੇਵਾ ਤੇ ਹਸਪਤਾਲ ਦੇ ਸਟਾਫ਼ ਨੂੰ ਸਨਮਾਨਿਤ ਕੀਤਾ ਗਿਆ । ਜ਼ਿਲ੍ਹਾ ਐੱਨ. ਜੀ. ਓ. ਕੋਆਰਡੀਨੇਸ਼ਨ ਕਮੇਟੀ ਸ੍ਰੀ ਮੁਕਤਸਰ ਸਾਹਿਬ ਦੇ ਚੇਅਰਮੈਨ ਡਾ. ਨਰੇਸ਼ ਪਰੂਥੀ ਵਲੋਂ ਇਸ ਹਸਪਤਾਲ ਦਾ ਦੌਰਾ ਕੀਤਾ ਗਿਆ, ਤਾਂ ਉਨ੍ਹਾਂ ਡਾ. ਪ੍ਰਦੀਪ ਸੱਚਦੇਵਾ ਅਤੇ ਹਸਪਤਾਲ ਦੇ ਸਟਾਫ਼ ਦੀ ਇਸ ਪ੍ਰਾਪਤੀ ਲਈ ਉਨ੍ਹਾਂ ਨੂੰ ਵਧਾਈ ਦਿੱਤੀ ਤੇ ਵਿਸ਼ਵਾਸ ਦਿਵਾਇਆ ਕਿ ਉਨ੍ਹਾਂ ਦੀਆਂ ਸੰਸਥਾਵਾਂ ਹਮੇਸ਼ਾ ਸਹਿਯੋਗ ਦਿੰਦੀਆਂ ਰਹਿਣਗੀਆਂ । ਇਸ ਮੌਕੇ ਪ੍ਰਵੀਨ ਬਾਂਸਲ ਚੇਅਰਮੈਨ ਰਾਹਤ ਫਾਊਾਡੇਸ਼ਨ, ਬਬਲੂ ਜੁਨੇਜਾ, ਮਨੀਸ਼ ਵਰਮਾ ਤੇ ਹਸਪਤਾਲ ਦਾ ਸਟਾਫ਼ ਹਾਜ਼ਰ ਸੀ ।