ਨਾਗਰਿਕਤਾ ਸੋਧ ਬਿੱਲ ਲੋਕ ਸਭਾ ਤੋਂ ਬਾਅਦ ਹੁਣ ਰਾਜ ਸਭਾ ‘ਚ ਪਾਸ , ਬਿੱਲ ਦੇ ਹੱਕ ‘ਚ 125 ਮੈਂਬਰਾਂ ਨੇ ਕੀਤਾ ਮਤਦਾਨ

ਨਵੀਂ ਦਿੱਲੀ : ਨਾਗਰਿਕਤਾ ਸੋਧ ਬਿੱਲ ਸੋਮਵਾਰ ਨੂੰ ਲੋਕ ਸਭਾ ਵਿੱਚ ਪਾਸ ਹੋਣ ਤੋਂ ਬਾਅਦ ਬੁੱਧਵਾਰ ਨੂੰ ਰਾਜ ਸਭਾ ਵਿੱਚ ਪਾਸ ਹੋ ਗਿਆ ਹੈ। ਇਸ ਦੌਰਾਨ ਸੰਸਦ ਵਿਚ ਵਿਰੋਧ ਪ੍ਰਦਰਸ਼ਨਾਂ ਦੇ ਵਿਚਕਾਰ ਰਾਜ ਸਭਾ ਵਿੱਚ ਵਿਵਾਦਿਤ ਨਾਗਰਿਕਤਾ ਸੋਧ ਬਿੱਲ ‘ਤੇ ਰਾਤ 12 ਵਜੇ ਬਹਿਸ ਸ਼ੁਰੂ ਹੋਈ ਸੀ। ਰਾਜ ਸਭਾ ਨੇ ਵਿਸਥਾਰਤ ਚਰਚਾ ਤੋਂ ਬਾਅਦ ਇਸ ਬਿੱਲ ਨੂੰ ਪਾਸ ਕਰ ਦਿੱਤਾ ਹੈ। ਇਸ ਦੌਰਾਨ ਚਰਚਾ ਤੋਂ ਬਾਅਦ ਉੱਚ ਸਦਨ ਨੇ ਇਸ ਬਿੱਲ ਨੂੰ ਉਚੇਰੀ ਕਮੇਟੀ ‘ਚ ਭੇਜੇ ਜਾਣ ਦੇ ਵਿਰੋਧੀ ਧਿਰ ਦੇ ਮਤੇ ਤੇ ਸੋਧਾਂ ਨੂੰ ਖਾਰਜ ਕਰ ਦਿੱਤਾ। ਬਿੱਲ ਦੇ ਹੱਕ ਵਿਚ 125 ਵੋਟਾਂ ਤੇ ਵਿਰੋਧ ‘ਚ 105 ਮੈਂਬਰਾਂ ਨੇ ਮਤਦਾਨ ਕੀਤਾ। ਲੋਕ ਸਭਾ ‘ਚ ਇਹ ਬਿੱਲ ਪਹਿਲਾਂ ਹੀ ਪਾਸ ਹੋ ਚੁੱਕਾ ਹੈ। ਇਸ ਦੌਰਾਨ ਸਦਨ ‘ਚ ਚਰਚਾ ਦੌਰਾਨ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵਿਰੋਧੀ ਧਿਰ ਦੇ ਇਤਰਾਜ਼ਾਂ ‘ਤੇ ਜਵਾਬ ਦਿੱਤਾ ਹੈ। ਉਨ੍ਹਾਂ ਸਪਸ਼ਟ ਕੀਤਾ ਕਿ ਭਾਰਤ ਦੇ ਮੁਸਲਮਾਨ ਭਾਰਤੀ ਨਾਗਰਿਕ ਸਨ, ਹਨ ਤੇ ਬਣੇ ਰਹਿਣਗੇ। ਬਿੱਲ ‘ਚ ਸਿਰਫ਼ ਗੈਰ ਮੁਸਲਮਾਨਾਂ ਨੂੰ ਸ਼ਾਮਲ ਕੀਤੇ ਜਾਣ ‘ਤੇ ਉਨ੍ਹਾਂ ਕਿਹਾ ਕਿ ਉਨ੍ਹਾਂ ਤਿੰਨਾਂ ਦੇਸ਼ਾਂ ‘ਚ ਘੱਟ ਗਿਣਤੀਆਂ ਦੀ ਆਬਾਦੀ ‘ਚ ਖਾਸੀ ਕਮੀ ਆਈ ਹੈ। ਇਸ ਬਿਲ ਵਿੱਚ ਪਾਕਿਸਤਾਨ, ਬੰਗਲਾਦੇਸ਼ ਤੇ ਅਫ਼ਗ਼ਾਨਿਸਤਾਨ ’ਚ ਧਾਰਮਿਕ ਆਧਾਰ ’ਤੇ ਤਸ਼ੱਦਦ ਕਾਰਨ 31 ਦਸੰਬਰ 2014 ਤੱਕ ਭਾਰਤ ਆਏ ਹਿੰਦੂ, ਸਿੱਖ, ਬੋਧੀ, ਜੈਨ, ਪਾਰਸੀ ਤੇ ਈਸਾਈ ਫਿਰਕੇ ਦੇ ਲੋਕਾਂ ਨੂੰ ਨਾਜਾਇਜ਼ ਸ਼ਰਨਾਰਥੀ ਨਹੀਂ ਮੰਨਿਆ ਜਾਵੇਗਾ, ਸਗੋਂ ਉੇਨ੍ਹਾਂ ਨੂੰ ਭਾਰਤੀ ਨਾਗਰਿਕਤਾ ਦਿੱਤੀ ਜਾਵੇਗੀ।