ਸੀ.ਐੱਚ.ਸੀ ਲੰਬੀ ਵਿਖੇ ਕਾਨੂੰਨੀ ਸੇਵਾ ਅਥਾਰਿਟੀ ਦੇ ਸਹਿਯੋਗ ਨਾਲ ਏਡਜ਼ ਸੰਬੰਧੀ ਜਾਗਰੂਕਤਾ ਸੈਮੀਨਾਰ ਦਾ ਕੀਤਾ ਗਿਆ ਆਯੋਜਨ

ਮਲੋਟ:- ਸਿਵਲ ਸਰਜਨ ਸ਼੍ਰੀ ਮੁਕਤਸਰ ਸਾਹਿਬ ਡਾ. ਰੰਜੂ ਸਿੰਗਲਾ ਦੇ ਨਿਰਦੇਸ਼ਾਂ ਅਤੇ ਸੀ.ਐੱਚ.ਸੀ ਲੰਬੀ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ. ਰਮੇਸ਼ ਕੁਮਾਰੀ ਦੀ ਅਗਵਾਈ ਹੇਠ ਅੱਜ ਇੱਕ ਏਡਜ਼ ਜਾਗਰੂਕਤਾ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਬੀ.ਈ.ਈ ਸ਼ਿਵਾਨੀ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਕਾਨੂੰਨੀ ਸੇਵਾਵਾਂ ਅਥਾਰਿਟੀ ਦੇ ਸਹਿਯੋਗ ਨਾਲ ਸੈਮੀਨਾਰ ਆਯੋਜਿਤ ਕੀਤੇ ਜਾ ਰਹੇ ਹਨ ਤਾਂ ਜੋ ਸਿਹਤ ਕਰਮੀਆਂ ਅਤੇ ਹੋਰ ਲੋਕਾਂ ਨੂੰ ਏਡਜ਼ ਅਤੇ ਇਸ ਨਾਲ ਜੁੜੇ ਐਕਟ ਅਤੇ ਕਾਨੂੰਨਾਂ ਬਾਰੇ ਜਾਗਰੂਕ ਕੀਤਾ ਜਾ ਸਕੇ। ਇਸ ਮੌਕੇ ਕਾਨੂੰਨੀ ਸੇਵਾ ਅਥਾਰਟੀ ਦੇ ਐਡਵੋਕੇਟ ਦੀਪਕ ਸ਼ਰਮਾ ਨੇ ਐੱਚ.ਆਈ.ਵੀ ਏਡਜ਼ ਰੋਕਥਾਮ ਅਤੇ ਕਾਬੂ ਅਧਿਨਿਯਮ, 2017 ਦੇ ਸੰਬੰਧ ਵਿੱਚ ਦੱਸਦੇ ਹੋਏ ਕਿਹਾ ਕਿ ਇਹ ਅਧਿਨਿਯਮ ਐੱਚ.ਆਈ.ਵੀ ਏਡਜ਼ ਨਾਲ ਪ੍ਰਭਾਵਿਤ ਆਬਾਦੀ ਦੇ ਮਾਨਵ ਅਧਿਕਾਰਾਂ ਦੀ ਸੁਰੱਖਿਆ ਲਈ ਇੱਕ ਕਾਨੂੰਨੀ ਅਤੇ ਸੁਰੱਖਿਅਤ ਢਾਂਚਾ ਪ੍ਰਦਾਨ ਕਰਦਾ ਹੈ। ਦੱਖਣ ਏਸ਼ੀਆ ਵਿੱਚ ਭਾਰਤ ਇੱਕ ਅਜਿਹਾ ਪਹਿਲਾ ਦੇਸ਼ ਹੈ,  ਇਸ ਅਧਿਨਿਯਮ ਨੂੰ ਲਾਗੂ ਕਰਣ ਲਈ 10 ਸਤੰਬਰ 2018 ਨੂੰ ਅਧਿਸੂਚਨਾ ਜਾਰੀ ਕੀਤੀ। ਇਸ ਅਧਿਨਿਯਮ ਦਾ ਮੁੱਖ ਉਦੇਸ਼ ਐੱਚ.ਆਈ.ਵੀ ਨਾਲ ਪੀੜਿਤ ਅਤੇ ਪ੍ਰਭਾਵਿਤ ਲੋਕਾਂ ਨੂੰ ਸੁਰੱਖਿਆ ਪ੍ਰਦਾਨ ਕਰਨਾ ਹੈ।

ਐੱਚ.ਆਈ.ਵੀ ਪੀੜਿਤ ਲੋਕਾਂ ਦੇ ਖਿਲਾਫ ਨਫਰਤ ਫੈਲਾਉਂਦੇ ਅਤੇ ਭੇਦਭਾਵ ਕਰਦੇ ਪਾਏ ਗਏ ਲੋਕਾਂ ਨੂੰ ਘੱਟ ਤੋਂ ਘੱਟ ਤਿੰਨ ਮਹੀਨੇ ਦੀ ਕੈਦ ਦੀ ਸਜ਼ਾ ਸੁਣਾਈ ਜਾ ਸਕਦੀ ਹੈ ਅਤੇ ਜਿਸ ਨੂੰ ਦੋ ਸਾਲ ਤੱਕ ਵਧਾਇਆ ਜਾ ਸਕਦਾ ਹੈ ਅਤੇ ਉਨ੍ਹਾਂ ਨੂੰ ਇੱਕ ਲੱਖ ਰੁਪਏ ਤੱਕ ਦੇ ਜੁਰਮਾਨੇ ਨਾਲ ਵੀ ਦੰਡਿਤ ਕੀਤਾ ਜਾ ਸਕਦਾ ਹੈ। ਇਸ ਮੌਕੇ ਜ਼ਿਲਾ ਟੀ.ਬੀ ਅਫਸਰ ਡਾ. ਗੁਰਮੀਤ ਕੌਰ ਭੰਡਾਰੀ ਨੇ ਦੱਸਿਆ ਕਿ ਏਡਜ਼ ਤੋਂ ਬਚਾਓ ਹੀ ਉਸਦਾ ਉਪਚਾਰ ਹੈ। ਏਡਜ਼ ਦੀ ਸੰਪੂਰਣ ਜਾਣਕਾਰੀ ਦੀ ਅਣਹੋਂਦ ਵਿੱਚ ਲੋਕ ਇਸਦਾ ਸਮਾਂ ਰਹਿੰਦੇ ਉਪਚਾਰ ਨਹੀ ਕਰ ਪਾਉਂਦੇ। ਏਡਜ਼ ਨਾਲ ਜੁੜੀਆਂ ਅਫਵਾਹਾਂ ਨੂੰ ਦੂਰ ਕਰਕੇ ਹੀ ਇਸ ਰੋਗ ਨਾਲ ਲੜਿਆ ਜਾ ਸਕਦਾ ਹੈ। ਏਡਜ਼ ਪੀੜਿਤ ਰੋਗੀਆਂ ਨੂੰ ਵੀ ਇੱਕ ਸਮਾਨ ਜੀਵਨ ਜਿਉਣ ਦਾ ਅਧਿਕਾਰ ਹੁੰਦਾ ਹੈ। ਉਸ ਨੂੰ ਸਮਾਜ ਦੀ ਮੁੱਖ ਧਾਰਾ ਤੋਂ ਵੱਖ ਨਹੀ ਕੀਤਾ ਜਾਣਾ ਚਾਹੀਦਾ ਕਿਉਂਕਿ ਇਹ ਕੋਈ ਛੂਤਛਾਤ ਵਾਲਾ ਰੋਗ ਨਹੀ ਹੈ। ਇਸ ਮੌਕੇ ਤੇ ਐਡਵੋਕੇਟ ਹਨੀਸ਼ ਜੋਸ਼ੀ, ਐੱਸ.ਟੀ.ਐੱਲ.ਐੱਸ ਹਰਭਗਵਾਨ ਸਿੰਘ, ਡਾ. ਸ਼ਕਤੀਪਾਲ, ਐੱਸ.ਆਈ ਪ੍ਰਿਤਪਾਲ ਸਿੰਘ ਤੂਰ, ਐੱਸ.ਟੀ.ਐੱਸ ਗੁਰਮੀਤ ਸਿੰਘ, ਐੱਮ.ਐੱਲ.ਟੀ ਰਾਜ ਕਿਰਨ ਅਤੇ ਲੰਬੀ ਬਲਾਕ ਦਾ ਪੈਰਾਮੈਡੀਕਲ ਸਟਾਫ ਮੌਜੂਦ ਸੀ।