ਖੁਸ਼ਬੂ ਵਾਲੇ ਸਾਬਣ ਤੇ ਟੁਥਪੇਸਟਾਂ ਨਾਲ ਹੋ ਰਿਹਾ ਕੈਂਸਰ

ਮਾਡਰਨ ਜ਼ਿੰਦਗੀ ਵਿੱਚ ਲੋਕ ਕਈ ਅਜਿਹੀਆਂ ਚੀਜ਼ਾਂ ਵਰਤ ਰਹੇ ਹਨ ਜੋ ਮੌਤ ਦੇ ਸਾਮਾਨ ਤੋਂ ਘੱਟ ਨਹੀਂ। ਤਾਜ਼ਾ ਰਿਪੋਰਟ ਵਿੱਚ ਖੁਲਾਸਾ ਹੋਇਆ ਹੈ ਕਿ ਤਰ੍ਹਾਂ-ਤਰ੍ਹਾਂ ਦੇ ਸਾਬਣ ਤੇ ਟੁਥਪੇਸਟਾਂ ਨਾਲ ਕੈਂਸਰ ਹੋ ਰਿਹਾ ਹੈ। ਇਨ੍ਹਾਂ ਵਿੱਚ ਪਾਇਆ ਜਾਂਦਾ ਟ੍ਰਾਇਕਲੋਸਾਨ ਨਾਂ ਦਾ ਤੱਤ ਅੰਤੜੀਆਂ ਵਿਚਲੇ ਬੈਕਟੀਰੀਆ ਨਾਲ ਛੇੜਛਾੜ ਕਰਕੇ ਵੱਡੀ ਅੰਤੜੀ (ਕੌਲੋਨ) ਦਾ ਕੈਂਸਰ ਪੈਦਾ ਕਰਦਾ ਹੈ।
ਇਹ ਅਧਿਐਨ ਸਾਇੰਸ ਟ੍ਰਾਂਸਲੇਸ਼ਨਲ ਮੈਡੀਸਿਨ ਨਾਮੀ ਪੱਤ੍ਰਿਕਾ ਵਿੱਚ ਛਪਿਆ ਹੈ। ਚੂਹਿਆਂ ’ਤੇ ਕੀਤੀ ਗਈ ਖੋਜ ਤੋਂ ਪਤਾ ਚੱਲਿਆ ਹੈ ਕਿ ਥੋੜ੍ਹੇ ਅਰਸੇ ਲਈ ਟ੍ਰਾਇਕਲੋਸਾਨ ਦੀ ਥੋੜ੍ਹੀ ਜਿਹੀ ਮਾਤਰਾ ਨਾਲ ਵੀ ਅੰਤੜੀ ਵਿੱਚ ਸੋਜ਼ਸ਼ ਪੈਦਾ ਹੋ ਜਾਂਦੀ ਹੈ ਤੇ ਅੱਗੇ ਚੱਲ ਕੇ ਕੋਲਾਈਟਿਸ ਦੀ ਬਿਮਾਰੀ ਸ਼ੁਰੂ ਹੋ ਜਾਂਦੀ ਹੈ ਤੇ ਕੋਲਾਈਟਿਸ ਨਾਲ ਸਬੰਧਤ ਅੰਤੜੀ ਕੈਂਸਰ ਹੋ ਜਾਂਦਾ ਹੈ।
ਅਮਰੀਕਾ ਵਿੱਚ ਮੈਸਾਚੂਸੈਟਸ ਐਮਹਰਸਟ ਯੂਨੀਵਰਸਿਟੀ ਦੇ ਗੁਆਡੌਂਗ ਸ਼ੈਂਗ ਨੇ ਕਿਹਾ ‘‘ਪਹਿਲੀ ਵਾਰ ਇਨ੍ਹਾਂ ਨਤੀਜਿਆਂ ਤੋਂ ਪਤਾ ਚੱਲਿਆ ਹੈ ਕਿ ਟ੍ਰਾਇਕਲੋਸਾਨ ਕਾਰਨ ਅੰਤੜੀਆਂ ਦੀ ਸਿਹਤਯਾਬੀ ’ਤੇ ਮਾੜਾ ਅਸਰ ਪੈਂਦਾ ਹੈ।’’ ਖੋਜਕਾਰਾਂ ਦਾ ਕਹਿਣਾ ਹੈ ਕਿ ਕੀਟਾਣੂ ਨਾਸ਼ਕ ਤੱਤਾਂ ਦੇ ਤੌਰ ’ਤੇ ਟ੍ਰਾਇਕਲੋਸਾਨ ਦੀ ਵਰਤੋਂ ਬਹੁਤ ਜ਼ਿਆਦਾ ਕੀਤੀ ਜਾਂਦੀ ਹੈ ਤੇ 2000 ਤੋਂ ਵੱਧ ਉਤਪਾਦਾਂ ਵਿੱਚ ਇਹ ਤੱਤ ਪਾਇਆ ਗਿਆ ਹੈ।
ਸ਼ੈਂਗ ਲੈਬਾਰਟਰੀ ਵਿੱਚ ਪੋਸਟਡਾਕਟੋਰਲ ਫੈਲੋ ਹਾਇਕਸ਼ੀਆ ਯੈਂਗ ਨੇ ਕਿਹਾ, ‘‘ਇਸ ਤੱਤ ਦੀ ਵਿਆਪਕ ਤੌਰ ’ਤੇ ਵਰਤੋਂ ਹੋਣ ਕਰਕੇ ਸਾਡੇ ਅਧਿਐਨ ਵਿੱਚ ਕਿਹਾ ਗਿਆ ਹੈ ਕਿ ਟ੍ਰਾਇਕਲੋਸਾਨ ਕਰਕੇ ਅੰਤੜੀਆਂ ਦੀ ਸਿਹਤਯਾਬੀ ’ਤੇ ਪੈਣ ਵਾਲੇ ਅਸਰ ਦੀ ਹੋਰ ਡੂੰਘਾਈ ਨਾਲ ਪੜਤਾਲ ਕਰਨ ਦੀ ਲੋੜ ਹੈ।