ਬਠਿੰਡਾ 'ਚ ਪਿਆਜ਼ਾਂ ਨਾਲ ਭਰਿਆ ਟਰੱਕ ਲੁੱਟਣ ਦੀ ਨੀਅਤ ਨਾਲ ਡਰਾਈਵਰ ਦਾ ਕਤਲ
ਬਠਿੰਡਾ ਦੇ ਬਾਦਲ ਰੋਡ ‘ਤੇ ਅੱਜ ਸਵੇਰੇ ਲੁਟੇਰਿਆਂ ਨੇ ਪਿਆਜ਼ਾਂ ਦਾ ਭਰਿਆ ਟਰੱਕਲੁੱਟਣ ਦੀ ਨੀਅਤ ਨਾਲ ਟਰੱਕ ਡਰਾਈਵਰ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਹੈ। ਉਥੇ ਹੀ ਨਾਲ ਬੈਠੇ ਟਰੱਕ ਮਾਲਕ ਨੇ ਸੂਝ -ਬੂਝ ਨਾਲ ਟਰੱਕ ਨੂੰ ਉਥੋਂ ਭਜਾ ਕੇ ਟਰੱਕ ਨੂੰ ਲੁੱਟਣ ਤੋਂ ਬਚਾਅ ਲਿਆ ਹੈ। ਮਿਲੀ ਜਾਣਕਾਰੀ ਮੁਤਾਬਕ ਬਰਨਾਲਾ ਵਾਸੀ ਬਿੰਦਰ ਸਿੰਘ ਤੇ ਉਸ ਦਾ ਚਾਲਕ ਬਨਵਾਰੀ ਲਾਲ ਨਾਸਿਕ ਤੋਂ ਪਿਆਜ਼ਾਂ ਦਾ ਟਰੱਕ ਭਰ ਕੇ ਆ ਰਹੇ ਸਨ। ਜਦੋਂ ਉਹ ਮਲੋਟ ਬਾਈਪਾਸ ’ਤੇ ਚੌਂਕ ਕੋਲ ਪੁੱਜੇ ਤਾਂ ਅਣਪਛਾਤੇ ਵਿਅਕਤੀਆਂ ਨੇ ਤੇਜ਼ਧਾਰ ਹਥਿਆਰਾਂ ਨਾਲ ਚਾਲਕ ’ਤੇ ਹਮਲਾ ਕਰ ਦਿੱਤਾ ਹੈ। ਇਸ ਦੌਰਾਨ ਟਰਾਲਾ ਮਾਲਕ ਨੇ ਪੁਲਿਸ ਨੂੰ ਦੱਸਿਆ ਕਿ ਬਨਵਾਰੀ ਲਾਲ ਟਰਾਲਾ ਚਲਾ ਰਿਹਾ ਸੀ ਜਦਕਿ ਉਹ ਟਰਾਲੇ ‘ਚ ਹੀ ਸੁੱਤਾ ਪਿਆ ਸੀ। ਇਸ ਦੌਰਾਨ ਬਨਵਾਰੀ ਲਾਲ ਨੇ ਇਕਦਮ ਚੀਕਦਿਆਂ ਕਿਹਾ ਕਿ ਗੱਡੀ ਲੁੱਟਣ ਲਈ ਲੁਟੇਰੇ ਆ ਗਏ ਅਤੇ ਉਹ ਗੱਡੀ ਅੰਦਰ ਡਿੱਗ ਪਿਆ। ਉਸ ਨੇ ਜ਼ਖ਼ਮੀ ਹਾਲਤ ’ਚ ਬਨਵਾਰੀ ਲਾਲ ਨੂੰ ਟਰਾਲੇ ‘ਚ ਪਾ ਕੇ ਸਿਵਲ ਹਸਪਤਾਲ ਬਠਿੰਡਾ ਲਿਆਂਦਾ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਇਸ ਘਟਨਾ ਦਾ ਪਤਾ ਲੱਗਦਿਆਂ ਹੀ ਪੁਲਿਸ ਅਧਿਕਾਰੀਆਂ ਨੇ ਘਟਨਾ ਸਥਾਨ ’ਤੇ ਪੁੱਜ ਕੇ ਸਥਿਤੀ ਦਾ ਜਾਇਜ਼ਾ ਲਿਆ ਹੈ। ਪੁਲਿਸ ਨੇ ਫਿਲਹਾਲ ਅਣਪਾਛੇ ਲੁਟੇਰਿਆਂ ਖਿਲਾਫ਼ ਕੇਸ ਦਰਜ ਕਰ ਕੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਨੇ ਦੱਸਿਆ ਕਿ ਟਰਾਲੇ ‘ਚ 20 ਲੱਖ ਦੇ ਪਿਆਜ਼ ਲੱਦੇ ਹੋਏ ਸਨ, ਜਿਨ੍ਹਾਂ ਨੂੰ ਰਾਮਪੁਰਾ ਤੇ ਲੁਧਿਆਣਾ ‘ਚ ਲਾਹਿਆ ਜਾਣਾ ਸੀ।