ਅੱਖਾਂ ਦਾਨ ਪੰਦਰਵਾੜੇ ਤਹਿਤ ਲੰਬੀ ਹਸਪਤਾਲ ਵਿਖੇ ਜਾਗਰੂਕਤਾ ਕੈਂਪ ਆਯੋਜਿਤ
ਲੰਬੀ:- ਅੱਖਾਂ ਦਾਨ ਕਰਨ ਦਾ ਸੁਨੇਹਾ ਘਰ-ਘਰ ਤੱਕ ਪਹੁੰਚਾਉਣ ਵਿੱਚ ਸਿਹਤ ਵਿਭਾਗ ਦਾ ਬਹੁਤ ਵੱਡਾ ਯੋਗਦਾਨ ਹੈ। ਇਸ ਗੱਲ ਦਾ ਪ੍ਰਗਟਾਵਾ ਡਾ.ਪਵਨ ਮਿੱਤਲ ਸੀਨੀਅਰ ਮੈਡੀਕਲ ਅਫ਼ਸਰ, ਸੀ.ਐੱਚ.ਸੀ ਲੰਬੀ ਨੇ ਕਰਦੇ ਹੋਏ ਕਿਹਾ ਕਿ 25 ਅਗਸਤ ਤੋਂ 8 ਸਤੰਬਰ 2022 ਤੱਕ ਪੰਜਾਬ ਸਰਕਾਰ ਵੱਲੋਂ ਅੱਖਾਂ ਦਾਨ ਪੰਦਰਵਾੜਾ ਮਨਾਇਆ ਜਾ ਰਿਹਾ ਹੈ। ਇਸ ਲਈ ਬਲਾਕ ਲੰਬੀ ਅਧੀਨ ਲੋਕਾਂ ਨੂੰ ਜਾਗਰੂਕ ਕਰਨ ਹਿੱਤ ਸਿਹਤ ਵਿਭਾਗ ਦੇ ਮੁਲਾਜ਼ਮਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਇਸ ਮੁਹਿੰਮ ਤਹਿਤ ਕਮਿਊਨਿਟੀ ਹੈੱਲਥ ਸੈਂਟਰ ਲੰਬੀ ਵਿਖੇ ਅੱਖਾਂ ਦਾਨ ਕਰਨ ਸੰਬੰਧੀ ਪ੍ਰੇਰਿਤ ਕਰਨ ਲਈ ਜਾਗਰੂਕਤਾ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਕਿਹਾ ਕਿ ਅੱਜ ਸਾਡੇ ਦੇਸ਼ ਅੰਦਰ 15 ਮਿਲੀਅਨ ਲੋਕਾਂ ਨੂੰ ਅੱਖਾਂ ਦੀ ਲੋੜ ਹੈ ਜੋ ਕਿ ਕਿਸੇ ਹਾਦਸੇ ਕਾਰਨ ਜਾਂ ਬਚਪਨ ਸਮੇਂ ਅੰਨੇਪਣ ਦਾ ਸ਼ਿਕਾਰ ਹਨ। ਦਿਨ-ਬ-ਦਿਨ ਅੱਖਾਂ ਦੀ ਘਾਟ ਕਾਰਨ ਇਨ੍ਹਾਂ ਵਿੱਚ ਹੋਰ ਵਾਧਾ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਘਾਟਾ ਅਸੀਂ ਤਾਂ ਹੀ ਪੂਰਾ ਕਰ ਸਕਦੇ ਹਾਂ, ਜੇਕਰ ਅਸੀਂ ਅੱਖਾਂ ਦਾਨ ਕਰਨ ਦਾ ਇਹ ਸੁਨੇਹਾ ਘਰ-ਘਰ ਤੱਕ ਪਹੁੰਚਾਈਏ। ਅਸੀਂ ਖੁਦ ਵੀ ਅੱਖਾਂ ਦਾਨ ਕਰੀਏ ਅਤੇ ਜਨ-ਸਮੂਹ ਨੂੰ ਵੀ ਇਸ ਦਾਨ ਦੀ ਮਹੱਤਤਾ ਬਾਰੇ ਦੱਸੀਏ। ਉਨ੍ਹਾਂ ਦੱਸਿਆ ਕਿ ਕਿਸੇ ਵੀ ਉਮਰ ਵਿਚ ਅੱਖਾਂ ਦਾਨ ਕੀਤੀਆ ਜਾ ਸਕਦੀਆਂ ਹਨ। ਜੇਕਰ ਕਿਸੇ ਦੇ ਦੂਰ ਦੀ ਨਜ਼ਰ ਸੰਬੰਧੀ ਐਨਕ ਲੱਗੀ ਹੋਵੇ ਜਾਂ ਲੈਂਨਜ਼ ਪਾਇਆ ਹੋਵੇ ਤਾਂ ਵੀ ਉਹ ਵਿਅਕਤੀ ਅੱਖਾਂ ਦਾਨ ਕਰ ਸਕਦਾ ਹੈ। ਕੇਵਲ ਕੈਂਸਰ, ਏਡਜ਼ ਅਤੇ ਦਿਮਾਗੀ ਬੁਖਾਰ ਦੇ ਵਿਚ ਅੱਖਾਂ ਦਾਨ ਨਹੀਂ ਕੀਤੀਆਂ ਜਾ ਸਕਦੀਆਂ। ਬਲਾਕ ਐਜ਼ੂਕੇਟਰ ਸ਼ਿਵਾਨੀ ਨੇ ਕਿਹਾ ਕਿ ਇਹ ਸਮੇਂ ਦੀ ਲੋੜ ਹੈ ਕਿ ਅੱਖਾਂ 'ਤੇ ਪੈਣ ਵਾਲੇ ਬੁਰੇ ਪ੍ਰਭਾਵਾਂ ਸੰਬੰਧੀ ਜਾਗਰੂਕ ਅਤੇ ਸੁਚੇਤ ਰਿਹਾ ਜਾਵੇ। ਉਨ੍ਹਾਂ ਕਿਹਾ ਕਿ ਮੋਬਾਇਲ ਫੋਨ ਅਤੇ ਕੰਪਿਊਟਰ ਦੀ ਲੋੜ ਅਨੁਸਾਰ ਹੀ ਵਰਤੋਂ ਕੀਤੀ ਜਾਵੇ, ਹਨੇਰੇ ਵਿੱਚ ਮੋਬਾਇਲ ਫੋਨ ਦੀ ਵਰਤੋਂ ਕਰਨ ਤੋਂ ਗੁਰੇਜ਼ ਕੀਤਾ ਜਾਵੇ ਕਿਉਂਕਿ ਇਸ ਨਾਲ ਰੈਟੀਨਾ 'ਤੇ ਬਹੁਤ ਮਾੜਾ ਅਸਰ ਪੈਂਦਾ ਹੈ। ਜਿਸ ਦਾ ਬਾਅਦ ਵਿਚ ਕੋਈ ਇਲਾਜ ਨਹੀਂ ਹੈ। ਕੁਪੋਸ਼ਣ ਕਾਰਨ ਅੱਖਾਂ 'ਤੇ ਬਹੁਤ ਬੁਰਾ ਪ੍ਰਭਾਵ ਪੈਂਦਾ ਹੈ ਇਸ ਲਈ ਅੱਖਾਂ ਦੀ ਰੋਸ਼ਨੀ ਬਰਕਰਾਰ ਰੱਖਣ ਲਈ ਆਪਣੀ ਖੁਰਾਕ ਵਿੱਚ ਵਿਟਾਮਿਨ 'ਏ' ਭਰਪੂਰ ਖੁਰਾਕ ਜ਼ਰੂਰ ਸ਼ਾਮਿਲ ਕਰੋ। ਇਸ ਮੌਕੇ ਐੱਸ.ਆਈ ਪ੍ਰਿਤਪਾਲ ਸਿੰਘ ਤੂਰ, ਜਗਦੀਪ ਸਿੰਘ, ਰਣਜੀਤ ਸਿੰਘ, ਐੱਲ.ਐੱਚ.ਵੀ ਸਰਬਜੀਤ ਕੌਰ, ਏ.ਐੱਨ.ਐੱਮ ਪੁਸ਼ਪਾ ਰਾਣੀ, ਸੁਖਜੀਤ ਕੌਰ ਅਤੇ ਸਿਹਤ ਵਰਕਰ ਜਗਦੇਵ ਰਾਜ ਹਾਜ਼ਿਰ ਸਨ। Author: Malout Live