ਓਵਰਏਜ਼ ਬੇਰੁਜ਼ਗਾਰ ਯੂਨੀਅਨ ਦੀ 31 ਜਨਵਰੀ ਨੂੰ ਕੈਬਨਿਟ ਸਬ- ਕਮੇਟੀ ਨਾਲ ਹੋਣ ਜਾ ਰਹੀ ਹੈ ਅਹਿਮ ਮੀਟਿੰਗ

ਮਲੋਟ (ਸ਼੍ਰੀ ਮੁਕਤਸਰ ਸਾਹਿਬ): ਓਵਰਏਜ਼ ਬੇਰੁਜ਼ਗਾਰ ਯੂਨੀਅਨ ਦੀ 31 ਜਨਵਰੀ ਨੂੰ ਵਿੱਤ ਮੰਤਰੀ ਹਰਪਾਲ ਚੀਮਾ ਦੀ ਅਗਵਾਈ ਵਿੱਚ ਬਣੀ ਕੈਬਨਿਟ ਸਬ-ਕਮੇਟੀ ਦੀ ਅਹਿਮ ਮੀਟਿੰਗ ਹੋਣ ਜਾ ਰਹੀ ਹੈ। ਜਿਸ ਵਿੱਚ ਉਮਰ ਹੱਦ ਵਿੱਚ ਛੋਟ ਦੇ ਮਸਲੇ ਦਾ ਕੋਈ ਸਕਰਾਤਮਕ ਹੱਲ ਨਿਕਲਣ ਦੀ ਉਮੀਦ ਹੈ। ਯੂਨੀਅਨ ਦੇ ਸੂਬਾ ਪ੍ਰਧਾਨ ਰਮਨ ਕੁਮਾਰ ਮਲੋਟ ਨੇ ਐਲਾਨ ਕੀਤਾ ਕਿ ਜੇਕਰ ਮੀਟਿੰਗ ਵਿੱਚ ਕੋਈ ਸਕਰਾਤਮਕ ਹੱਲ ਨਹੀ ਨਿਕਲਦਾ ਤਾਂ 4 ਫਰਵਰੀ ਨੂੰ ਪੰਜਾਬ ਦੇ ਮੁੱਖ ਮੰਤਰੀ ਦੀ ਸੰਗਰੂਰ ਕੋਠੀ ਦਾ ਘਿਰਾਓ ਕੀਤਾ ਜਾਵੇਗਾ। ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਚੋਣਾਂ ਮੌਕੇ ਪੰਜਾਬ ਦੇ ਵਿਭਿੰਨ ਵਰਗਾਂ ਸਮੇਤ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਦੇਣ ਦੇ ਵੱਡੇ-ਵੱਡੇ ਵਾਅਦੇ ਕੀਤੇ ਸਨ।

ਜਿਹੜੇ ਕਿ ਕਰੀਬ ਦੋ ਸਾਲ ਵਿੱਚ ਲਾਰੇ ਸਾਬਿਤ ਹੋ ਚੁੱਕੇ ਹਨ। ਮੁੱਖ ਮੰਤਰੀ ਭਗਵੰਤ ਮਾਨ ਨੂੰ ਦੋ ਸਾਲ ਹੋ ਗਏ ਉਮਰ ਹੱਦ ਵਿੱਚ ਛੋਟ ਦੇਣ ਦਾ ਲਾਰਾ ਲਾਉਂਦਿਆਂ ਪਰ ਵਾਅਦੇ ਅਨੁਸਾਰ ਸਿੱਖਿਆ ਅਤੇ ਸਿਹਤ ਵਿਭਾਗ ਵਿੱਚ ਕੋਈ ਭਰਤੀ ਨਹੀਂ ਕੀਤੀ ਗਈ ਅਤੇ ਨਾ ਹੀ ਮਾਸਟਰ ਕਾਡਰ, ਈ.ਟੀ.ਟੀ ਅਤੇ ਲੈੱਕਚਰਾਰ ਭਰਤੀਆਂ ਵਿੱਚ ਉਮਰ ਹੱਦ ਛੋਟ ਦੇਣ ਬਾਰੇ ਕੋਈ ਨੋਟੀਫਿਕੇਸ਼ਨ ਜਾਰੀ ਕਰਕੇ ਭਰਤੀ ਦਾ ਇਸ਼ਤਿਹਾਰ ਦਿੱਤਾ। Author: Malout Live