ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਕੰਮ ਕਰਨ ਤੋਂ ਅਸਮੱਰਥ ਲੋਕਾਂ ਨੂੰ ਦਿੱਤੀ ਗਈ ਸਹਾਇਤਾ ਰਾਸ਼ੀ
ਮਲੋਟ (ਸ਼੍ਰੀ ਮੁਕਤਸਰ ਸਾਹਿਬ): ਡਾ. ਐੱਸ.ਪੀ ਸਿੰਘ ਓਬਰਾਏ ਵੱਲੋਂ ਮਾਨਵਤਾ ਦੀ ਭਲਾਈ ਲਈ ਬਿਨ੍ਹਾਂ ਕਿਸੇ ਵੀ ਤਰ੍ਹਾਂ ਦੇ ਭੇਦ ਭਾਵ ਤੋਂ ਕੀਤੇ ਜਾ ਰਹੇ ਕੰਮਾਂ ਦੀ ਲੜੀ ਤਹਿਤ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਇਕਾਈ ਸ੍ਰੀ ਮੁਕਤਸਰ ਸਾਹਿਬ ਵੱਲੋਂ ਜੱਸਾ ਸਿੰਘ ਸੰਧੂ ਕੌਮੀ ਪ੍ਰਧਾਨ ਦੇ ਦਿਸ਼ਾ ਨਿਰਦੇਸ਼ਾਂ ਤੇ ਕੰਮ ਕਰਨ ਤੋਂ ਅਸਮੱਰਥ ਅਤੇ ਅਤਿਅੰਤ ਗਰੀਬੀ ਦੀ ਮਾਰ ਹੇਠ ਆਏ ਲੋਕਾਂ ਦੀ ਆਰਥਿਕ ਮੱਦਦ ਕੀਤੀ ਗਈ। ਅਰਵਿੰਦਰ ਪਾਲ ਸਿੰਘ ਚਾਹਲ ਬੂੜਾ ਗੁੱਜਰ ਜ਼ਿਲ੍ਹਾ ਪ੍ਰਧਾਨ ਸ਼੍ਰੀ ਮੁਕਤਸਰ ਸਾਹਿਬ ਨੇ ਦੱਸਿਆ ਕਿ ਡਾ. ਐੱਸ.ਪੀ ਸਿੰਘ ਓਬਰਾਏ ਵੱਲੋਂ ਭੇਜੀ ਹੋਈ ਰਾਸ਼ੀ ਇਹਨਾਂ 25 ਲੋਕਾਂ ਨੂੰ ਚੈੱਕ ਰਾਹੀਂ ਤਕਸੀਮ ਕੀਤੀ ਗਈ ਅਤੇ ਓਬਰਾਏ ਵੱਲੋਂ ਹੁਣ ਫੇਰ ਨਿੱਜੀ ਦਿਲਚਸਪੀ ਲੈ ਕੇ ਸਜ਼ਾ ਯਾਫਤਾ 6 ਪਾਕਿਸਤਾਨੀ ਨਾਗਰਿਕਾਂ ਦੀ ਜਾਨ ਬਚਾਈ ਗਈ ਹੈ।
ਗੱਲਬਾਤ ਦੌਰਾਨ ਅਰਵਿੰਦਰਪਾਲ ਸਿੰਘ ਚਾਹਲ ਨੇ ਦੱਸਿਆ ਕਿ ਡਾ. ਓਬਰਾਏ ਜਾਤ ਪਾਤ, ਧਰਮ, ਰੰਗ, ਦੇਸ਼ ਨਹੀਂ ਦੇਖਦੇ ਸਿਰਫ਼ ਖੂਨ ਦਾ ਰੰਗ ਲਾਲ ਦੇਖਦੇ ਹਨ, ਹੁਣ ਤੱਕ ਡਾ. ਓਬਰਾਏ ਦੇ ਯਤਨਾਂ ਸਦਕਾ 135 ਲੋਕਾਂ ਦੀ ਫਾਂਸੀ ਦੀ ਸਜ਼ਾ ਮੁਆਫ਼ ਹੋ ਚੁੱਕੀ ਹੈ। ਓਬਰਾਏ ਦੱਸਦੇ ਹਨ ਕਿ ਉਹ ਮਿੱਥ ਕੇ ਕੀਤੇ ਕਤਲਾਂ, ਬਲਾਤਕਾਰੀਆਂ ਦੀ ਮੱਦਦ ਨਹੀਂ ਕਰਦੇ ਤੇ ਗੱਲਬਾਤ ਦੌਰਾਨ ਬਲਜੀਤ ਸਿੰਘ ਮਾਨ ਰਿਟਾਇਰਡ ਪ੍ਰਿੰਸੀਪਲ ਅਤੇ ਰਿਟਾਇਰਡ ਲੈੱਕਚਰਾਰ ਬਰਨੇਕ ਸਿੰਘ ਨੇ ਦੱਸਿਆ ਕਿ ਵੱਖ-ਵੱਖ ਸਮੇਂ ਤੇ ਲੋੜਵੰਦ ਪਰਿਵਾਰਾਂ ਨੂੰ ਸਹਾਇਤਾ ਰਾਸ਼ੀ ਜਾਰੀ ਰਹਿੰਦੀ ਹੈ। ਇਸ ਮੌਕੇ ਜਸਵਿੰਦਰ ਸਿੰਘ ਮਣਕੂ, ਗੁਰਚਰਨ ਸਿੰਘ ਆਸਟ੍ਰੇਲੀਆ ਵਾਲੇ ਅਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਇਕਾਈ ਸ੍ਰੀ ਮੁਕਤਸਰ ਸਾਹਿਬ ਟੀਮ ਦੇ ਸੇਵਾਦਾਰ ਹਾਜ਼ਿਰ ਸਨ। Author: Malout Live