ਸਿਵਲ ਹਸਪਤਾਲ ਬਠਿੰਡਾ ਵਿਖੇ ਏਡਜ਼ ਜਾਗਰੂਕਤਾ ਨੁੱਕੜ ਨਾਟਕ ਦਾ ਹੋਇਆ ਆਯੋਜਨ

ਮਲੋਟ (ਪੰਜਾਬ): ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਤੰਦਰੁਸਤ ਰੱਖਣ ਲਈ ਮਿਆਰੀ ਪੱਧਰ ਦੀਆਂ ਸਿਹਤ ਸਹੂਲਤਾਂ ਦੇਣ ਲਈ ਵਚਨਬੱਧਤਾ ਨਾਲ ਡਾ. ਬਲਵੀਰ ਸਿੰਘ ਮਾਨਯੋਗ ਸਿਹਤ ਮੰਤਰੀ ਪੰਜਾਬ ਵੱਲੋਂ ਪੰਜਾਬ ਵਿੱਚ ਏਡਜ਼ ਜਾਗਰੂਕਤਾ ਵੈਨਾਂ ਨੂੰ ਏਡਜ਼ ਪ੍ਰਤੀ ਜਾਗਰੂਕ ਕਰਨ ਲਈ ਪੂਰੇ ਪੰਜਾਬ ਵਿੱਚ ਜਾਗੂਕਤਾ ਫੈਲਾਉਣ ਲਈ ਰਵਾਨਾ ਕੀਤਾ ਹੈ। ਡਾ. ਤੇਜਵੰਤ ਸਿੰਘ ਢਿੱਲੋਂ ਸਿਵਲ ਸਰਜਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਇਹ ਜਾਗਰੂਕਤਾ ਵੈਨ ਪੰਜਾਬ ਸਟੇਟ ਏਡਜ਼ ਕੰਟਰੋਲ ਸੋਸਾਇਟੀ ਪੰਜਾਬ ਵੱਲੋਂ ਜ਼ਿਲ੍ਹਾ ਬਠਿੰਡਾ ਵਿੱਚ ਵੀ ਇੱਕ ਮਹੀਨੇ ਲਈ ਜਾਗਰੂਕ ਕਰ ਰਹੀ ਹੈ, ਜੋ ਮਿਤੀ 31 ਜਨਵਰੀ ਅਤੇ 1 ਫਰਵਰੀ ਨੂੰ ਇਹ ਜਾਗਰੂਕਤਾ ਵੈਨ ਅਰਬਨ ਬਠਿੰਡਾ ਦੇ ਵੱਖ-ਵੱਖ ਏਰੀਏ ਵਿੱਚ ਜਾ ਕੇ ਜਾਗਰੂਕ, ਕੌਂਸਲਿੰਗ ਅਤੇ ਟੈਸਟਿੰਗ ਕਰ ਰਹੀ ਹੈ। ਸਿਵਲ ਹਸਪਤਾਲ ਬਠਿੰਡਾ ਵਿੱਚ ਗੁਰਜਸ਼ਨ ਥੀਏਟਰ ਗਰੁੱਪ ਦੇ ਗੁਰਸ਼ਰਨ, ਅੰਮ੍ਰਿਤਪਾਲ, ਜਸਬੀਰ ਸਿੰਘ ਅਤੇ ਮਨਦੀਪ ਦੇ ਗਰੁੱਪ ਵੱਲੋਂ ਨੁੱਕੜ ਨਾਟਕ ਅਤੇ ਜਾਗਰੂਕਤਾ ਸਮਾਗਮ ਕਰਕੇ ਲੋਕਾਂ ਨੂੰ ਏਡਜ਼ ਸੰਬੰਧੀ ਜਾਗਰੂਕ ਕੀਤਾ ਅਤੇ ਮਾਹਿਰਾਂ ਵੱਲੋਂ ਏਡਜ਼ ਬਿਮਾਰੀ ਦੇ ਟੈਸਟ ਅਤੇ ਕੌਂਸਲਿੰਗ ਕੀਤਾ।

ਉਨ੍ਹਾਂ ਕਿਹਾ ਕਿ ਏਡਜ਼ ਪੀੜ੍ਹਤ ਮਰੀਜਾਂ ਤੋਂ ਨਫਰਤ ਜਾਂ ਭੇਦਭਾਵ ਨਹੀਂ ਕਰਨਾ ਚਾਹੀਦਾ ਕਿਉਂਕਿ ਏਡਜ਼ ਮਿਲ ਬੈਠਣ ਅਤੇ ਮਿਲ ਕੇ ਇੱਕ ਥਾਲੀ ਵਿੱਚ ਖਾਣਾ ਖਾਣ ਨਾਲ ਨਹੀਂ ਫੈਲਦੀ। ਸਾਰੀਆਂ ਸਰਕਾਰੀ ਸੰਸਥਾਵਾਂ ਵਿੱਚ ਬਣੇ ਏ.ਆਰ.ਟੀ. ਸੈਂਟਰਾਂ ਵਿੱਚ ਇਹ ਜਾਂਚ ਮੁਫ਼ਤ ਕੀਤੀ ਜਾਂਦੀ ਹੈ। ਮਰੀਜ਼ ਦੀ ਜਾਂਚ ਰਿਪੋਰਟ ਅਤੇ ਪਹਿਚਾਣ ਗੁਪਤ ਰੱਖੀ ਜਾਂਦੀ ਹੈ । ਇਸ ਸਮੇਂ ਵਿਨੋਦ ਖੁਰਾਣਾ ਮਾਸ ਮੀਡੀਆ ਅਫ਼ਸਰ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਇਸ ਜਾਗਰੂਕਤਾ ਵੈਨ ਦਾ ਵੱਧ ਤੋਂ ਵੱਧ ਲਾਭ ਉਠਾਇਆ ਜਾਵੇ। ਇਸ ਮੌਕੇ ਡਾ. ਰਮਨਦੀਪ ਸਿੰਗਲਾ ਡਿਪਟੀ ਮੈਡੀਕਲ ਕਮਿਸ਼ਨਰ ਡਾ. ਮਿਰਨਾਲ, ਵਿਨੋਦ ਖੁਰਾਣਾ, ਕਮਲਜੀਤ ਕੌਰ, ਗਗਨਦੀਪ ਸਿੰਘ ਭੁੱਲਰ, ਸਾਹਿਲ ਪੁਰੀ, ਰੇਨੂੰ ਐਲ.ਟੀ, ਬਲਦੇਵ ਸਿੰਘ ਅਤੇ ਹੋਰ ਸਟਾਫ਼ ਮੌਜੂਦ ਸਨ। Author: Malout Live