ਖੇਤੀਬਾੜੀ ਮੰਤਰੀ ਨੇ ਪਿੰਡ ਲਾਲਬਾਈ ਵਿਖੇ ਅੱਖਾਂ ਦੇ ਕੈਂਪ ਦੀ ਕੀਤੀ ਪ੍ਰਧਾਨਗੀ

ਮਲੋਟ (ਲੰਬੀ): ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਲੋਕ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ਤੇ ਹੱਲ ਕਰਨ ਦਾ ਮਨੋਬਲ ਲੈ ਕੇ ਸੱਤਾ ਵਿੱਚ ਆਈ ਹੈ, ਜਿਸ ਕਾਰਨ ਪੰਜਾਬ ਸਰਕਾਰ ਵੱਲੋਂ ਲੋਕ ਸਮੱਸਿਆਵਾਂ ਨੂੰ ਪਹਿਲੇ ਸਾਲ ਵਿਚ ਹੀ ਹੱਲ ਕੀਤਾ ਜਾ ਰਿਹਾ ਹੈ ਤਾਂ ਕਿ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਸਕਣ। ਇਸ ਗੱਲ ਦਾ ਪ੍ਰਗਟਾਵਾ ਅੱਜ ਪੰਜਾਬ ਦੇ ਪਸ਼ੂ ਪਾਲਣ, ਮੱਛੀ ਪਾਲਣ ਅਤੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਸਿਹਤ ਵਿਭਾਗ ਵੱਲੋਂ ਮਹਾਂਸਾਧਵੀ ਸ਼੍ਰੀ ਸਵਰਨਸੁਧਾ ਜੈਨ ਚੈਰੀਟੇਬਲ ਹਸਪਤਾਲ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਪਿੰਡ ਲਾਲਬਾਈ ਵਿਖੇ ਲਗਾਏ ਗਏ ਅੱਖਾਂ ਦੇ ਮੁਫਤ ਅਪਰੇਸ਼ਨ ਕੈਂਪ ਦੀ ਪ੍ਰਧਾਨਗੀ ਕਰਦਿਆਂ ਕੀਤਾ। ਉਹਨਾਂ ਕਿਹਾ ਕਿ ਦਾਨੀ ਸੱਜਣਾਂ ਦਾ ਇਹ ਬਹੁਤ ਹੀ ਸ਼ਲਾਘਾਯੋਗ ਕਦਮ ਹੈ, ਜੋ ਲੋੜਵੰਦਾਂ ਦੇ ਮੁਫਤ ਅੱਖਾਂ ਦੇ ਅਪਰੇਸ਼ਨ ਕਰਕੇ ਉਹਨਾਂ ਨੂੰ ਨਵੀਂ ਰੋਸ਼ਨੀ ਪ੍ਰਦਾਨ ਕਰ ਰਹੇ ਹਨ।

ਆਪਣੇ ਇਸ ਦੌਰੇ ਦੌਰਾਨ ਸ. ਖੁੱਡੀਆਂ ਨੇ ਚੱਕ ਮਿੱਡੂ ਸਿੰਘ ਵਾਲਾ ਵਿਖੇ ਪੇਂਡੂ ਜਲ ਸਪਲਾਈ ਵਿਭਾਗ ਵੱਲੋਂ ਲੋਕਾਂ ਨੂੰ ਸਾਫ-ਸੁਥਰਾ ਪੀਣ ਵਾਲਾ ਪਾਣੀ ਮੁਹੱਈਆ ਕਰਵਾਉਣ ਲਈ 7 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਵਾਟਰ ਸਟੋਰੇਜ਼ ਟੈਂਕ ਦਾ ਨੀਂਹ ਪੱਥਰ ਵੀ ਰੱਖਿਆ ਅਤੇ ਪਿੰਡ ਵਾਸੀਆਂ ਦੀਆਂ ਸਾਂਝੀਆਂ ਸਮੱਸਿਆਵਾਂ ਜਿਵੇਂ ਕਿ ਸੜਕਾਂ-ਨਾਲੀਆਂ ਨੂੰ ਪੱਕਾ ਕਰਨ, ਬਿਜਲੀ ਨਾਲ ਸੰਬੰਧਿਤ, ਪਿੰਡਾਂ ਦੀਆਂ ਸੜਕਾਂ, ਗੰਦੇ ਪਾਣੀ ਦੀ ਨਿਕਾਸੀ ਸੰਬੰਧੀ ਜਾਣੂੰ ਕਰਵਾਇਆ ਅਤੇ ਮੰਤਰੀ ਜੀ ਨੇ ਵਿਸ਼ਵਾਸ ਦੁਆਇਆ ਕਿ ਪਿੰਡ ਵਾਸੀਆਂ ਨੂੰ ਪੇਸ਼ ਆ ਰਹੀਆਂ ਇਹਨਾਂ ਸਾਰੀਆਂ ਸਮੱਸਿਆ ਨੂੰ ਜਲਦ ਤੋਂ ਹੱਲ ਕੀਤਾ ਜਾਵੇਗਾ। ਇਸ ਮੌਕੇ ਰਣਧੀਰ ਸਿੰਘ ਧੀਰਾ ਖੁੱਡੀਆਂ, ਗੁਰਬਾਜ਼ ਸਿੰਘ ਵਣਵਾਲਾ, ਕਸ਼ਮੀਰ ਸਿੰਘ ਸਹਿਣਾ ਖੇੜਾ, ਗੁਰਮਨ ਲਾਲ ਯੂਥ ਆਗੂ, ਕੌਰ ਸਿੰਘ, ਪਾਲ ਸਿੰਘ ਸਾਬਕਾ ਚੇਅਰਮੈਨ, ਜਸਵਿੰਦਰ ਸਿੰਘ ਸਰਪੰਚ ਭਾਗੂ ਅਤੇ ਗੁਰਬਾਜ ਸਿੰਘ ਪੀ.ਏ ਵੀ ਹਾਜ਼ਰ ਸਨ। Author: Malout Live