Punjab

ਮਾਨਸਾ ‘ਚ ‘ਬਿਜਲੀ ਅੰਦੋਲਨ’ ਤਹਿਤ ‘ਆਪ’ ਨੇ ਕੀਤਾ ਰੋਸ ਮਾਰਚ

ਪੰਜਾਬ ‘ਚ ਬਿਜਲੀ ਦੀਆਂ ਮਹਿੰਗੀਆਂ ਦਰਾਂ ਦੇ ਵਿਰੋਧ ‘ਚ ਆਮ ਆਦਮੀ ਪਾਰਟੀ ਵੱਲੋਂ ਵਿੱਢੇ ਗਏ ‘ਬਿਜਲੀ ਮੋਰਚੇ’ ਤਹਿਤ ਵੀਰਵਾਰ ਨੂੰ ਪਾਰਟੀ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਦੀ ਅਗਵਾਈ ਹੇਠ ਜ਼ਿਲਾ ਪੱਧਰੀ ਰੋਸ ਮਾਰਚ ਕੱਢਿਆ। ਇਸ ਮੌਕੇ ‘ਆਪ’ ਵਾਲੰਟੀਅਰਾਂ ਨੇ ਪੰਜਾਬ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਖਿਲਾਫ ਨਾਅਰੇਬਾਜ਼ੀ ਵੀ ਕੀਤੀ। ਪੁਰਾਣੀ ਦਾਣਾ ਮੰਡੀ ਵਿਖੇ ਆਯੋਜਿਤ ਰੋਸ ਮਾਰਚ ‘ਚ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ, ਕੋਰ ਕਮੇਟੀ ਚੇਅਰਮੈਨ ਤੇ ਵਿਧਾਇਕ ਪ੍ਰਿੰਸੀਪਲ ਬੁੱਧਰਾਮ, ਵਿਧਾਇਕਾ ਪ੍ਰੋ. ਬਲਜਿੰਦਰ ਕੌਰ, ਕੋਰ ਕਮੇਟੀ ਮੈਂਬਰ ਗੈਰੀ ਵੜਿੰਗ ਅਤੇ ਮਨਜੀਤ ਸਿੰਘ ਸਿੱਧੂ, ਵਿਰੋਧੀ ਧਿਰ ਨੇਤਾ ਨਵਦੀਪ ਸਿੰਘ ਸੰਘਾ, ਯੂਥ ਆਗੂ ਸੰਦੀਪ ਸਿੰਗਲਾ, ਜ਼ਿਲਾ ਪ੍ਰਧਾਨ ਜਸਪਾਲ ਸਿੰਘ ਦਾਤੇਵਾਸ, ਹਲਕਾ ਪ੍ਰਧਾਨ ਮੌੜ ਸੁਖਬੀਰ ਮਾਈਸਰਖਾਨਾ, ਭੋਲਾ ਮਾਨ ਸਰਦੂਲਗੜ੍ਹ, ਡਾ. ਵਿਜੇ ਸਿੰਗਲਾ, ਪਰਮਿੰਦਰ ਕੌਰ ਸਮਾਘ, ਗੁਰਪ੍ਰੀਤ ਸਿੰਘ ਭੁੱਚਰ, ਰਣਜੀਤ ਸਿੰਘ ਰੱਲਾ, ਅੰਮ੍ਰਿਤ ਅਗਰਵਾਲ, ਸਤੀਸ਼ ਸਿੰਗਲਾ, ਹਰਜਿੰਦਰ ਦਿਆਲਪੁਰਾ ਤੇ ਹਰਵਿੰਦਰ ਸਿੰਘ ਸੇਖੋਂ ਅਤੇ ਜ਼ਿਲਾ ਭਰ ਦੇ ਆਗੂ ਅਤੇ ਵਰਕਰ ਸਮਰਥਕ ਸ਼ਾਮਲ ਹੋਏ। ਇਸ ਮੌਕੇ ‘ਆਪ’ ਪੰਜਾਬ ਦੇ ਪ੍ਰਧਾਨ ਅਤੇ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਨੇ ਕਿਹਾ ਕਿ ਕੈਪਟਨ ਸਰਕਾਰ ਵੱਲੋਂ ਹੋਰਨਾਂ ਸੂਬਿਆਂ ਦੇ ਮੁਕਾਬਲੇ ਬਿਜਲੀ ਦਰਾਂ ‘ਚ ਵਾਧਾ ਕਰ ਕੇ ਪੰਜਾਬ ਦੇ ਲੋਕਾਂ ਨੂੰ ਲੁੱਟਿਆ ਜਾ ਰਿਹਾ ਹੈ। ਪੰਜਾਬ ‘ਚ ਆਏ ਹੜ੍ਹਾਂ ਬਾਰੇ ਉਨ੍ਹਾਂ ਕਿਹਾ ਕਿ ਆਪਣੇ ਪਾਣੀਆਂ ਦੇ ਹੱਕਾਂ ਲਈ ਲੜਨ ਵਾਲਾ ਪੰਜਾਬ ਖੁਦ ਸੂਬਾ ਸਰਕਾਰ ਦੀਆਂ ਗਲਤੀਆਂ ਸਦਕਾ ਪਾਣੀ ‘ਚ ਡੁੱਬ ਰਿਹਾ ਹੈ। ਭਗਵੰਤ ਮਾਨ ਨੇ ਕਿਹਾ ਕਿ 10 ਸਾਲਾਂ ਦੇ ਮਾਫ਼ੀਆ ਰਾਜ ਸਮੇਂ ਸੁਖਬੀਰ ਸਿੰਘ ਬਾਦਲ ਨੇ ਸਾਜ਼ਿਸ਼ ਨਾਲ ਸਰਕਾਰੀ ਥਰਮਲ ਪਲਾਂਟ ਬੰਦ ਕਰ ਕੇ ਪ੍ਰਾਈਵੇਟ ਪਲਾਂਟਾਂ ਨਾਲ ਹਿੱਸੇਦਾਰੀਆਂ ਬੰਨ੍ਹੀਆਂ ਅਤੇ ਮਾਰੂ ਸ਼ਰਤਾਂ ਵਾਲੇ ਮਹਿੰਗੇ ਬਿਜਲੀ ਸਮਝੌਤੇ (ਪੀਪੀਏਜ਼) ਕੀਤੇ, ਜਿਸ ਕਾਰਣ ਪੰਜਾਬ ਦੇ ਲੋਕਾਂ ਨੂੰ ਸਭ ਤੋਂ ਮਹਿੰਗੀ ਬਿਜਲੀ ਵੇਚੀ ਜਾ ਰਹੀ ਹੈ, ਜਦਕਿ ਪੰਜਾਬ ਖੁਦ ਵੀ ਬਿਜਲੀ ਪੈਦਾ ਕਰਦਾ ਹੈ, ਦੂਜੇ ਪਾਸੇ ਦਿੱਲੀ ਦੀ ਕੇਜਰੀਵਾਲ ਸਰਕਾਰ ਸਾਰੀ ਬਿਜਲੀ ਬਾਹਰੋਂ ਲੈਂਦੀ ਹੈ ਪਰ ਦਿੱਲੀ ਦੇ ਲੋਕਾਂ ਨੂੰ ਦੇਸ਼ ‘ਚ ਸਭ ਤੋਂ ਸਸਤੀ ਬਿਜਲੀ ਮੁਹੱਈਆ ਕਰਵਾਉਂਦੀ ਹੈ। ਜੇਕਰ ਕੈਪਟਨ ਸਰਕਾਰ ਚੋਣ ਵਾਅਦੇ ਮੁਤਾਬਕ ਪ੍ਰਾਈਵੇਟ ਥਰਮਲ ਪਲਾਂਟਾਂ ਨਾਲ ਮਹਿੰਗੇ ਸਮਝੌਤੇ ਰੱਦ ਕਰ ਕੇ ਨਵੇਂ ਸਿਰਿਓਂ ਸਸਤੇ ਸਮਝੌਤੇ ਕਰੇ ਤਾਂ ਪੰਜਾਬ ਦੇ ਲੋਕ ਵੀ ਦਿੱਲੀ ਵਾਂਗ ਸਸਤੀ ਬਿਜਲੀ ਲੈ ਸਕਦੇ ਹਨ। ਇਸ ਮੌਕੇ ਪ੍ਰਿੰਸੀਪਲ ਬੁੱਧਰਾਮ ਤੇ ਹਰਪਾਲ ਸਿੰਘ ਚੀਮਾ ਨੇ ਵੀ ਸੰਬੋਧਨ ਕੀਤਾ ਅਤੇ ਬਿਜਲੀ ਸਮਝੌਤੇ ਤੁਰੰਤ ਰੱਦ ਕਰਨ ਦੀ ਮੰਗ ਕੀਤੀ।

Leave a Reply

Your email address will not be published. Required fields are marked *

Back to top button