ਜ਼ਿਲ੍ਹੇ ਵਿੱਚ ਕਿੰਨੂ ਦੀ ਫ਼ਸਲ ਹੇਠ ਰਕਬੇ ਵਿੱਚ ਹੋਇਆ 101 ਏਕੜ ਦਾ ਵਾਧਾ

ਇਸ ਵਾਰ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਵਿੱਚ ਕਿੰਨੂ ਦੇ ਬਾਗਾਂ ਦੇ ਰਕਬੇ ਵਿੱਚ 101 ਏਕੜ ਦਾ ਇਜ਼ਾਫ਼ਾ ਹੋ ਗਿਆ ਹੈ।

ਮਲੋਟ (ਸ਼੍ਰੀ ਮੁਕਤਸਰ ਸਾਹਿਬ) : 70 ਸਾਲ ਪਹਿਲਾਂ ਸੰਨ 1954 ਵਿੱਚ ਚਾਰ ਕਿੰਨੂਆਂ ਦੇ ਬੂਟਿਆਂ ਤੋਂ ਕੀਤੀ ਗਈ ਸ਼ੁਰੂਆਤ ਵਿੱਚ ਆਏ ਸਾਲ ਵਾਧਾ ਦਰਜ ਕੀਤਾ ਜਾ ਰਿਹਾ ਹੈ ਅਤੇ ਇਸ ਵਾਰ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਵਿੱਚ ਕਿੰਨੂ ਦੇ ਬਾਗਾਂ ਦੇ ਰਕਬੇ ਵਿੱਚ 101 ਏਕੜ ਦਾ ਇਜ਼ਾਫ਼ਾ ਹੋ ਗਿਆ ਹੈ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਕਰਦਿਆਂ ਵਧੀਕ ਡਾਇਰੈਕਟਰ ਬਾਗਬਾਨੀ ਸ੍ਰੀ ਸੁਖਦੇਵ ਬਰਾੜ ਨੇ ਦੱਸਿਆ ਕਿ ਸੂਬੇ ਵਿੱਚ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹਾ ਕਿੰਨੂ ਦੀ ਕਾਸ਼ਤ ਵਿੱਚ ਮੋਹਰੀ ਜ਼ਿਲ੍ਹਾ ਬਣ ਚੁੱਕਿਆ ਹੈ। ਆਧੁਨਿਕ ਯੁਗ ਦੇ ਪ੍ਰਸਾਰ ਸਾਧਨਾਂ ਦੇ ਮਾਧਿਅਮ ਰਾਹੀਂ ਹੁਣ ਲੋਕਾਂ ਨੂੰ ਇਸ ਦੇ ਗੁਣਾਂ ਬਾਰੇ ਚੋਖਾ ਗਿਆਨ ਹੋਇਆ ਹੈ। ਇਸ ਫਲ ਰਾਹੀਂ ਮਨੁੱਖੀ ਸਰੀਰ ਵਿੱਚ ਹੋਣ ਵਾਲਿਆਂ ਫਾਇਦਿਆਂ ਸੰਬੰਧੀ ਚਾਨਣਾ ਪਾਉਂਦਿਆਂ ਉਨ੍ਹਾਂ ਨੇ ਕਿਹਾ ਕਿ ਇਸ ਫਲ ਵਿੱਚ ਭਰਪੂਰ ਮਾਤਰਾ ਵਿੱਚ ਵਿਟਾਮਿਨ-ਸੀ, ਹਰ ਪ੍ਰਕਾਰ ਦੇ ਐਂਟੀਓਕਸੀਡੈਂਟ ਅਤੇ ਭਰਪੂਰ ਮਾਤਰਾ ਵਿੱਚ ਫਾਈਬਰ ਹੈ, ਜੋ ਕਿ ਸਰੀਰ ਨੂੰ ਚੁਸਤ ਅਤੇ ਤੰਦਰੁਸਤ ਰੱਖਣ ਲਈ ਫਾਇਦੇਮੰਦ ਹੈ।

ਇਸ ਤੋਂ ਇਲਾਵਾ ਇਸ ਫਲ ਦੇ 6-7 ਬੀਜਾਂ ਨੂੰ ਚਬਾ ਕੇ ਖਾਣ ਨਾਲ ਹਰ ਦਿਨ ਲੈਮੀਨਾਈਟ ਰਾਹੀਂ ਐਂਟੀਕਾਰਸੀਨੋਜੈਨਿਕ ਤੱਤ ਪ੍ਰਾਪਤ ਹੁੰਦੇ ਹਨ, ਜੋ ਕਿ ਕੈਂਸਰ ਜਿਹੀ ਨਾਮੁਰਾਦ ਬਿਮਾਰੀ ਨਾਲ ਲੜਨ ਲਈ ਸਹਾਈ ਸਿੱਧ ਹੁੰਦੇ ਹਨ। ਕਿੰਨੂ ਦੇ ਬੂਟੇ ਦੀ ਉਮਰ ਅਤੇ ਉਤਪਾਦਕਤਾ ਸੰਬੰਧੀ ਜਾਣਕਾਰੀ ਦਿੰਦਿਆਂ ਬਾਗਬਾਨੀ ਵਿਕਾਸ ਅਫ਼ਸਰ ਅਮਨ ਔਲਖ ਨੇ ਦੱਸਿਆ ਕਿ ਇੱਕ ਬੂਟੇ ਨੂੰ ਪੂਰੀ ਤਰ੍ਹਾਂ ਬਣਨ ਲਈ 10 ਤੋਂ 12 ਸਾਲ ਲੱਗ ਜਾਂਦੇ ਹਨ, ਪ੍ਰੰਤੂ ਕਿੰਨੂ ਦਾ ਬੂਟਾ 4 ਸਾਲਾਂ ਬਾਅਦ ਫਲ ਦੇਣਾ ਸ਼ੁਰੂ ਕਰ ਦਿੰਦਾ ਹੈ। 4 ਸਾਲਾਂ ਬਾਅਦ ਇਸਦੇ ਇੱਕ ਬੂਟੇ ਤੋਂ ਪ੍ਰਤੀ ਸੀਜ਼ਨ 25 ਤੋਂ 30 ਕਿੱਲੋ ਫਲ ਉਤਰਦਾ ਹੈ ਅਤੇ ਪੂਰੀ ਤਰ੍ਹਾਂ ਤਿਆਰ ਬੂਟੇ ਤੋਂ 1.25 ਤੋਂ 1.50 ਕੁਇੰਟਲ ਫ਼ਲ ਉਤਰਦਾ ਹੈ। ਇਸ ਸੰਬੰਧੀ ਹੋਰ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਪਿਛਲੇ ਸਾਲ ਕਿੰਨੂ ਕਾਸ਼ਤਕਾਰਾਂ ਨੇ 57000 ਮੀਟਰਿਕ ਟਨ ਦੀ ਪੈਦਾਵਾਰ ਕੀਤੀ ਸੀ। ਉਨ੍ਹਾਂ ਕਿਹਾ ਕਿ ਇਸ ਸਾਲ ਰਾਤ ਨੂੰ ਤਾਪਮਾਨ ਦੀ ਗਿਰਾਵਟ ਅਤੇ ਦਿਨ ਵੇਲੇ ਦਰਜ ਕੀਤੇ ਵਾਧੇ ਕਾਰਨ ਕੁੱਝ ਹੱਦ ਤੱਕ ਕਿੰਨੂ ਦੀ ਪੈਦਾਵਾਰ ਤੇ ਅਸਰ ਪਿਆ ਹੈ ਪਰੰਤੂ ਉਮੀਦ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਕਿੰਨੂ ਦੀ ਮਿਠਾਸ ਵਿੱਚ ਵਾਧਾ ਹੋਵੇਗਾ।

Author : Malout Live