ਸ਼੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ 20 ਐਨ.ਡੀ.ਪੀ.ਐਸ ਕੇਸਾਂ ਦਾ ਮਾਲ ਪਾਰਦਰਸ਼ੀ ਢੰਗ ਨਾਲ ਨਸ਼ਟ
ਸ਼੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ ਐਨ.ਡੀ.ਪੀ.ਐਸ ਐਕਟ ਨਾਲ ਸੰਬੰਧਿਤ 20 ਮੁਕੱਦਮਿਆਂ ਦਾ ਮਾਲ ਕਮੇਟੀ ਮੈਂਬਰਾਂ ਦੀ ਹਾਜ਼ਰੀ ਵਿੱਚ ਪਿੰਡ ਚੰਨੂ ਦੇ ਬੋਇਲਰ ਵਿੱਚ ਪਾਰਦਰਸ਼ੀ ਢੰਗ ਨਾਲ ਨਸ਼ਟ ਕੀਤਾ ਗਿਆ। ਇਸ ਸਮੂਹ ਪ੍ਰਕਿਰਿਆ ਦੀ ਵੀਡੀਓਗ੍ਰਾਫੀ ਵੀ ਕਰਵਾਈ ਗਈ। ਇਸ ਕਾਰਵਾਈ ਲਈ ਬਣਾਈ ਗਈ ਕਮੇਟੀ ਦੀ ਅਗਵਾਈ ਸ਼੍ਰੀ ਅਭਿਮਨਿਉ ਰਾਣਾ ਆਈ.ਪੀ.ਐੱਸ ਐੱਸ.ਐੱਸ.ਪੀ ਵੱਲੋਂ ਕੀਤੀ ਗਈ।
ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਸ਼੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ ਪਿਛਲੇ ਸਮੇਂ ਦੌਰਾਨ ਭਾਰੀ ਮਾਤਰਾ ਵਿੱਚ ਨਸ਼ੀਲੇ ਪਦਾਰਥਾਂ ਦੀ ਬਰਾਮਦਗੀ ਕਰਕੇ ਕਈ ਨਸ਼ਾ ਤਸਕਰਾਂ ਨੂੰ ਕਾਬੂ ਕੀਤਾ ਗਿਆ ਹੈ। ਬਰਾਮਦ ਕੀਤੇ ਗਏ ਨਸ਼ੀਲੇ ਪਦਾਰਥਾਂ ਨੂੰ ਕਾਨੂੰਨੀ ਪ੍ਰਕਿਰਿਆ ਅਨੁਸਾਰ ਸੀਲਬੰਦ ਪਾਰਸਲਾਂ ਵਿੱਚ ਸੁਰੱਖਿਅਤ ਰੱਖਿਆ ਜਾਂਦਾ ਹੈ ਅਤੇ ਸਮੇਂ-ਸਮੇਂ ‘ਤੇ ਸੀਨੀਅਰ ਅਧਿਕਾਰੀਆਂ ਵੱਲੋਂ ਇਸ ਦੀ ਜਾਂਚ ਕੀਤੀ ਜਾਂਦੀ ਹੈ। ਅਦਾਲਤੀ ਪ੍ਰਕਿਰਿਆ ਪੂਰੀ ਹੋਣ ਉਪਰੰਤ, ਮਾਨਯੋਗ ਸੁਪਰੀਮ ਕੋਰਟ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਇਹ ਮਾਲ ਨਸ਼ਟ ਕਰਨਾ ਲਾਜ਼ਮੀ ਹੁੰਦਾ ਹੈ। ਇਸੇ ਲੜੀ ਵਿੱਚ ਐਨ.ਡੀ.ਪੀ.ਐਸ ਐਕਟ ਨਾਲ ਸੰਬੰਧਿਤ 20 ਮੁਕੱਦਮਿਆਂ ਦਾ ਮਾਲ ਕਮੇਟੀ ਮੈਂਬਰਾਂ ਦੀ ਹਾਜ਼ਰੀ ਵਿੱਚ ਪਿੰਡ ਚੰਨੂ ਦੇ ਬੋਇਲਰ ਵਿੱਚ ਪਾਰਦਰਸ਼ੀ ਢੰਗ ਨਾਲ ਨਸ਼ਟ ਕੀਤਾ ਗਿਆ।
ਇਸ ਸਮੂਹ ਪ੍ਰਕਿਰਿਆ ਦੀ ਵੀਡੀਓਗ੍ਰਾਫੀ ਵੀ ਕਰਵਾਈ ਗਈ। ਇਸ ਕਾਰਵਾਈ ਲਈ ਬਣਾਈ ਗਈ ਕਮੇਟੀ ਦੀ ਅਗਵਾਈ ਸ਼੍ਰੀ ਅਭਿਮਨਿਉ ਰਾਣਾ ਆਈ.ਪੀ.ਐੱਸ ਐੱਸ.ਐੱਸ.ਪੀ ਵੱਲੋਂ ਕੀਤੀ ਗਈ, ਜਿਸ ਵਿੱਚ ਸ਼੍ਰੀ ਮਨਮੀਤ ਸਿੰਘ ਢਿੱਲੋ ਐੱਸ.ਪੀ (ਡੀ) ਅਤੇ ਸ਼੍ਰੀ ਰਸ਼ਪਾਲ ਸਿੰਘ ਡੀ.ਐੱਸ.ਪੀ (ਡੀ) ਸ਼ਾਮਿਲ ਸਨ। ਉਨ੍ਹਾਂ ਦੀ ਨਿਗਰਾਨੀ ਹੇਠ ਪੂਰੀ ਪ੍ਰਕਿਰਿਆ ਨੂੰ ਪਾਰਦਰਸ਼ੀ ਅਤੇ ਨਿਯਮਾਂ ਅਨੁਸਾਰ ਅੰਜ਼ਾਮ ਦਿੱਤਾ ਗਿਆ। ਇਸ ਮੌਕੇ ਐੱਸ.ਐੱਸ.ਪੀ ਨੇ ਦੱਸਿਆ ਕਿ ਨਸ਼ਿਆਂ ਦੇ ਖ਼ਾਤਮੇ ਲਈ ਹਰ ਸੰਭਵ ਉਪਰਾਲਾ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਕੁੱਲ 20 ਐਨ.ਡੀ.ਪੀ.ਐੱਸ ਕੇਸਾਂ ਦੇ ਮਾਲ ਵਿੱਚੋਂ 200.397 ਕਿੱਲੋਗ੍ਰਾਮ ਭੁੱਕੀ ਚੂਰਾਪੋਸਤ, 1.820 ਕਿਲੋਗ੍ਰਾਮ ਹੈਰੋਇਨ ਅਤੇ 665 ਨਸ਼ੀਲੀਆਂ ਗੋਲੀਆਂ ਨੂੰ ਨਸ਼ਟ ਕੀਤਾ ਗਿਆ ਹੈ। ਉਨ੍ਹਾਂ ਇਹ ਵੀ ਕਿਹਾ ਕਿ ਨਸ਼ਾ ਤਸਕਰਾਂ ਖ਼ਿਲਾਫ਼ ਇਹ ਕਾਰਵਾਈ ਭਵਿੱਖ ਵਿੱਚ ਵੀ ਜਾਰੀ ਰਹੇਗੀ।
Author : Malout Live



