ਲੰਬੀ ਦੇ ਪਿੰਡ ਬਾਦਲ ਵਿੱਚ ਸਰਕਾਰੀ ਆਈ.ਟੀ.ਆਈ ਨੂੰ ਬੰਦ ਕਰਨ ਦੇ ਵਿਰੋਧ ‘ਚ ਕੱਢੀ ਰੋਸ ਰੈਲੀ

ਲੰਬੀ ਦੇ ਪਿੰਡ ਬਾਦਲ ਵਿੱਚ ਸਰਕਾਰੀ ਆਈ.ਟੀ.ਆਈ ਨੂੰ ਬੰਦ ਕਰਕੇ ਖਿਓਵਾਲੀ ਆਈ.ਟੀ.ਆਈ ’ਚ ਰਲੇਵਾਂ ਕਰਨ ਦੇ ਆਮ ਆਦਮੀ ਪਾਰਟੀ ਦੇ ਫ਼ੈਸਲੇ ਖ਼ਿਲਾਫ਼ ਵਿੱਢੇ ਸੰਘਰਸ਼ ਤਹਿਤ ਪਿੰਡ ਬਾਦਲ ਵਿਖੇ ਸਟੂਡੈਂਟਸ ਵੱਲੋਂ ਇੱਕ ਰੋਸ ਰੈਲੀ ਕੀਤੀ ਗਈ ਅਤੇ ਐਲਾਨ ਕੀਤਾ ਗਿਆ ਕਿ ਇਸ ਲੋਕ-ਵਿਰੋਧੀ ਫ਼ੈਸਲੇ ਖ਼ਿਲਾਫ਼ ਆਉਣ ਵਾਲੀ 25 ਜੂਨ ਨੂੰ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦੇ ਘਰ ਅੱਗੇ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ।

ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਲੰਬੀ ਦੇ ਪਿੰਡ ਬਾਦਲ ਵਿੱਚ ਸਰਕਾਰੀ ਆਈ.ਟੀ.ਆਈ ਨੂੰ ਬੰਦ ਕਰਕੇ ਖਿਓਵਾਲੀ ਆਈ.ਟੀ.ਆਈ ਚ ਰਲੇਵਾਂ ਕਰਨ ਦੇ ਆਮ ਆਦਮੀ ਪਾਰਟੀ ਦੇ ਫ਼ੈਸਲੇ ਖ਼ਿਲਾਫ਼ ਵਿੱਢੇ ਸੰਘਰਸ਼ ਤਹਿਤ ਪਿੰਡ ਬਾਦਲ ਵਿਖੇ ਸਟੂਡੈਂਟਸ ਵੱਲੋਂ ਇੱਕ ਰੋਸ ਰੈਲੀ ਕੀਤੀ ਗਈ ਅਤੇ ਐਲਾਨ ਕੀਤਾ ਗਿਆ ਕਿ ਇਸ ਲੋਕ-ਵਿਰੋਧੀ ਫ਼ੈਸਲੇ ਖ਼ਿਲਾਫ਼ ਆਉਣ ਵਾਲੀ 25 ਜੂਨ ਨੂੰ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦੇ ਘਰ ਅੱਗੇ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ ਤੇ ਇੱਕ ਵਿਰੋਧ ਪੱਤਰ ਸੌਂਪਿਆ ਜਾਵੇਗਾ। ਇਸ ਮੌਕੇ ਸੰਬੋਧਨ ਕਰਦਿਆਂ ਪੰਜਾਬ ਸਟੂਡੈਂਟਸ ਯੂਨੀਅਨ ਦੇ ਆਗੂ ਸੁਖਪ੍ਰੀਤ ਕੌਰ, ਹਰਵੀਰ ਕੌਰ, ਰਜਿੰਦਰ ਸਿੰਘ ਨੇ ਦੱਸਿਆ ਕਿ ਸਾਲ 2001 ਤੋਂ ਸਫਲਤਾਪੂਰਵਕ ਚੱਲ ਰਹੀ ਬਾਦਲ ਆਈ.ਟੀ.ਆਈ ਕੋਲ ਆਧੁਨਿਕ ਮਸ਼ੀਨਰੀ ਅਤੇ 22 ਤਜ਼ਰਬੇਕਾਰ ਇੰਸਟਰਕਟਰਾਂ ਦਾ ਸਟਾਫ਼ ਮੌਜੂਦ ਹੈ, ਪਰ ਸਿਖਲਾਈ ਸਕੱਤਰ ਦੇ ਨੋਟੀਫਿਕੇਸ਼ਨ ਰਾਹੀਂ ਬਿਨ੍ਹਾਂ ਕਿਸੇ ਕਾਰਨ ਤੋਂ ਰਲੇਵੇਂ ਦੇ ਨਾਂ ਤੇ ਇਸ ਨੂੰ ਬੰਦ ਕਰਕੇ ਖਿਓਵਾਲੀ ਵਿਖੇ ਤਬਦੀਲ ਕੀਤਾ ਜਾ ਰਿਹਾ ਹੈ।

ਇਸ ਫ਼ੈਸਲੇ ਖ਼ਿਲਾਫ਼ ਬਾਦਲ ਅਤੇ ਆਸ-ਪਾਸ ਦੇ ਪਿੰਡਾਂ ਦੇ ਲੋਕਾਂ ਚ ਭਾਰੀ ਰੋਸ ਹੈ। ਉਨ੍ਹਾਂ ਕਿਹਾ ਕਿ ਇੱਕ ਪਾਸੇ ਪੰਜਾਬ ਸਰਕਾਰ ਸਕਿੱਲ ਡਿਵੈਲਪਮੈਂਟਦੇ ਨਾਂ ਤੇ ਨਵੇਂ ਕੋਰਸ ਸ਼ੁਰੂ ਕਰਨ ਦੇ ਵੱਡੇ-ਵੱਡੇ ਇਸ਼ਤਿਹਾਰ ਦੇ ਕੇ ਮਸ਼ਹੂਰੀਆਂ ਕਰ ਰਹੀ ਹੈ, ਪਰ ਦੂਜੇ ਪਾਸੇ ਚੱਲ ਰਹੀਆਂ ਸਥਾਪਿਤ ਤਕਨੀਕੀ ਸੰਸਥਾਵਾਂ ਨੂੰ ਬੰਦ ਕਰਨ ਦੇ ਫ਼ਰਮਾਨ ਜਾਰੀ ਕੀਤੇ ਜਾ ਰਹੇ ਹਨ, ਜੋ ਕਿ ਸਰਕਾਰ ਦੇ ਦੋਹਰੇ ਮਾਪਦੰਡਾਂ ਨੂੰ ਜੱਗ-ਜ਼ਾਹਿਰ ਕਰਦਾ ਹੈ। ਆਗੂਆਂ ਨੇ ਸਾਫ਼ ਸ਼ਬਦਾਂ ਚ ਆਖਿਆ ਕਿ ਜਿੰਨਾ ਚਿਰ ਸਰਕਾਰ ਇਸ ਸੰਸਥਾ ਨੂੰ ਪਹਿਲਾਂ ਵਾਂਗ ਬਹਾਲ ਰੱਖਣ ਦਾ ਫ਼ੈਸਲਾ ਨਹੀਂ ਕਰਦੀ, ਉਦੋਂ ਤੱਕ ਵਿਦਿਆਰਥੀਆਂ ਦਾ ਸੜਕਾਂ ਤੇ ਸ਼ੁਰੂ ਹੋਇਆ ਇਹ ਰੋਸ ਪ੍ਰਦਰਸ਼ਨ ਅਤੇ ਸੰਘਰਸ਼ ਲਗਾਤਾਰ ਜਾਰੀ ਰਹੇਗਾ।

Author : Malout Live