ਪਿੰਡ ਬਾਦਲ ਦੀ ਸਰਕਾਰੀ ITI ਬੰਦ ਕਰਨ ਦੇ ਵਿਰੋਧ 'ਚ ਮੰਤਰੀ ਖੁੱਡੀਆਂ ਦੇ ਘਰ ਅੱਗੇ ਧਰਨਾ

ਪਿੰਡ ਬਾਦਲ ਵਿਖੇ ਸਥਿਤ ਸਰਕਾਰੀ ਆਈ.ਟੀ.ਆਈ ਨੂੰ ਬੰਦ ਕਰਕੇ ਖਿਓਵਾਲੀ ਦੀ ਆਈ.ਟੀ.ਆਈ ਵਿੱਚ ਮਰਜ ਕਰਨ ਦੇ ਪੰਜਾਬ ਸਰਕਾਰ ਦੇ ਫੈਸਲੇ ਖ਼ਿਲਾਫ਼ ਪੰਜਾਬ ਸਟੂਡੈਂਟਸ ਯੂਨੀਅਨ, ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਅਤੇ ਇਲਾਕੇ ਦੇ ਲੋਕਾਂ ਵੱਲੋਂ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦੇ ਘਰ ਅੱਗੇ ਰੋਸ ਧਰਨਾ ਲਗਾਇਆ ਗਿਆ।

ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਪਿੰਡ ਬਾਦਲ ਵਿਖੇ ਸਥਿਤ ਸਰਕਾਰੀ ਆਈ.ਟੀ.ਆਈ ਨੂੰ ਬੰਦ ਕਰਕੇ ਖਿਓਵਾਲੀ ਦੀ ਆਈ.ਟੀ.ਆਈ ਵਿੱਚ ਮਰਜ ਕਰਨ ਦੇ ਪੰਜਾਬ ਸਰਕਾਰ ਦੇ ਫੈਸਲੇ ਖ਼ਿਲਾਫ਼ ਪੰਜਾਬ ਸਟੂਡੈਂਟਸ ਯੂਨੀਅਨ, ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਅਤੇ ਇਲਾਕੇ ਦੇ ਲੋਕਾਂ ਵੱਲੋਂ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦੇ ਘਰ ਅੱਗੇ ਰੋਸ ਧਰਨਾ ਲਗਾਇਆ ਗਿਆ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਪੰਜਾਬ ਸਰਕਾਰ ਅਤੇ ਮੰਤਰੀ ਗੁਰਮੀਤ ਸਿੰਘ ਖੁੱਡੀਆ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਸਰਕਾਰ ਦੇ ਫੈਸਲੇ ਨੂੰ ਸਿੱਖਿਆ ਵਿਰੋਧੀ ਕਰਾਰ ਦਿੱਤਾ। ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਕੇਂਦਰੀ ਫੰਡਾਂ ਨਾਲ ਚੱਲ ਰਹੀ ਇਸ ਆਈ.ਟੀ.ਆਈ ਵਿੱਚ ਪਲੰਬਰ, ਇਲੈਕਟ੍ਰੀਕਲ ਅਤੇ ਡੀਜ਼ਲ ਇੰਜਣ ਵਰਗੇ ਤਕਨੀਕੀ ਕੋਰਸਾਂ ਰਾਹੀਂ 250 ਤੋਂ ਵੱਧ ਵਿਦਿਆਰਥੀ ਘੱਟ ਖਰਚੇ ਵਿੱਚ ਸਿੱਖਿਆ ਹਾਸਿਲ ਕਰ ਰਹੇ ਹਨ, ਜਦਕਿ 22 ਇੰਸਟ੍ਰਕਟਰ ਵੀ ਇੱਥੇ ਸੇਵਾਵਾਂ ਨਿਭਾ ਰਹੇ ਹਨ।

ਪੰਜਾਬ ਸਟੂਡੈਂਟਸ ਯੂਨੀਅਨ ਦੀ ਸੂਬਾ ਕਮੇਟੀ ਮੈਂਬਰ ਹਰਵੀਰ ਕੌਰ ਨੇ ਦੋਸ਼ ਲਗਾਇਆ ਕਿ ਸਰਕਾਰ ਸਿੱਖਿਆ ਕ੍ਰਾਂਤੀ ਦੇ ਦਾਅਵੇ ਕਰ ਰਹੀ ਹੈ, ਪਰ ਅਸਲ ਵਿੱਚ ਗਰੀਬ ਅਤੇ ਕਿਸਾਨ ਪਰਿਵਾਰਾਂ ਦੇ ਬੱਚਿਆਂ ਤੋਂ ਸਸਤੀ ਤਕਨੀਕੀ ਸਿੱਖਿਆ ਦਾ ਹੱਕ ਖੋਹਿਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਲਾਕੇ ਦੀਆਂ ਛੇ ਪੰਚਾਇਤਾਂ ਵੀ ਇਸ ਫੈਸਲੇ ਦਾ ਵਿਰੋਧ ਕਰ ਚੁੱਕੀਆਂ ਹਨ। ਪ੍ਰਦਰਸ਼ਨਕਾਰੀਆਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਆਈ.ਟੀ.ਆਈ ਬਾਦਲ ਨੂੰ ਮੁੜ ਬਹਾਲ ਨਾ ਕੀਤਾ ਤਾਂ ਆਉਣ ਵਾਲੇ ਦਿਨਾਂ ਵਿੱਚ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ।

Author : Malout Live