ਸੀ.ਐੱਚ.ਸੀ ਲੰਬੀ ਵਿਖੇ ਵਿਸ਼ਵ ਕੋਹੜ ਵਿਰੋਧੀ ਦਿਵਸ ਤੇ ਜਾਗਰੂਕਤਾ ਸੈਮੀਨਾਰ ਦਾ ਆਯੋਜਨ
ਮਲੋਟ (ਲੰਬੀ): ਸਿਹਤ ਵਿਭਾਗ ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅਤੇ ਸਿਵਲ ਸਰਜਨ ਸ਼੍ਰੀ ਮੁਕਤਸਰ ਸਾਹਿਬ ਡਾ. ਰੰਜੂ ਸਿੰਗਲਾ ਅਤੇ ਐੱਸ.ਐੱਮ.ਓ ਲੰਬੀ ਡਾ. ਪਵਨ ਮਿੱਤਲ ਦੀ ਯੋਗ ਅਗਵਾਈ ਹੇਠ ਅੱਜ ਸੀ.ਐੱਚ.ਸੀ ਲੰਬੀ ਵਿਖੇ ਵਿਸ਼ਵ ਕੋਹੜ ਵਿਰੋਧੀ ਦਿਵਸ ਦੇ ਮੌਕੇ ਤੇ ਇਕ ਜਾਗਰੂਕਤਾ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਜਾਣਕਾਰੀ ਦਿੰਦਿਆਂ ਬੀ.ਈ.ਈ ਸ਼ਿਵਾਨੀ ਨੇ ਕਿਹਾ ਕਿ ਇਹ ਦਿਨ ਹਰ ਸਾਲ ਵਿਸ਼ਵ ਪੱਧਰ ਤੇ ਕੋਹੜ ਦੀ ਬਿਮਾਰੀ ਦੇ ਲੱਛਣਾਂ ਅਤੇ ਬਚਾਓ ਬਾਰੇ ਜਾਗਰੂਕਤਾ ਫੈਲਾਉਣ ਲਈ ਮਨਾਇਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਇਹ ਦਿਨ ਰਾਸ਼ਟਰਪਿਤਾ ਮਹਾਤਮਾ ਗਾਂਧੀ ਜੀ ਨੂੰ ਸਮਰਪਿਤ ਹੈ, ਜਿਨਾਂ ਨੇ ਕੋਹੜ ਦੇ ਰੋਗੀਆਂ ਦੀ ਭਲਾਈ ਲਈ ਕੰਮ ਕੀਤਾ। ਇਸ ਰੋਗ ਨੂੰ ਹੈਨਸੇਨ ਰੋਗ ਵੀ ਕਿਹਾ ਜਾਂਦਾ ਹੈ ਅਤੇ ਇਸ ਸਾਲ ਇਸ ਦਿਨ ਦਾ ਥੀਮ ਹੈ- ਐਕਟ ਨਾਓ, ਏਂਡ ਲੈਪਰੋਸੀ। ਇੱਸ ਮੌਕੇ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਸ਼ਾਮਿਲ ਹੋਏ ਜਿਲਾ ਮਾਸ ਮੀਡੀਆ ਅਫਸਰ ਸ਼੍ਰੀ ਸੁਖਮੰਦਰ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਕੁਸ਼ਟ ਰੋਗ ਦੀ ਜਾਂਚ ਅਤੇ
ਇਲਾਜ ਜਿਲ੍ਹੇ ਦੀਆਂ ਸਾਰੀ ਸਰਕਾਰੀ ਸੰਸਥਾਵਾਂ ਵਿੱਚ ਬਿਲਕੁੱਲ ਮੁਫਤ ਕੀਤਾ ਜਾਂਦਾ ਹੈ। ਬਹੁ-ਔਸ਼ਧੀ ਇਲਾਜ ਪ੍ਰਣਾਲੀ ਕੁਸ਼ਟ ਰੋਗ ਦਾ ਸ਼ਰਤੀਆ ਇਲਾਜ ਹੈ। ਉਨ੍ਹਾਂ ਕਿਹਾ ਕਿ ਚਮੜੀ ਦੇ ਹਲਕੇ ਤਾਂਬੇ ਰੰਗ ਦੇ ਸੁੰਨ ਧੱਬੇ ਕੁਸ਼ਟ ਰੋਗ ਦੀ ਨਿਸ਼ਾਨੀ ਹੁੰਦੀ ਹੈ। ਇਹ ਸੁੰਨਾਪਨ ਚਮੜੀ ਦੇ ਹੇਠਾਂ ਦੀਆਂ ਨਸਾਂ ਦੀ ਖ਼ਰਾਬੀ ਕਾਰਨ ਹੁੰਦਾ ਹੈ, ਜਿਸ ਕਾਰਨ ਸ਼ਰੀਰ ਦੇ ਅੰਗ ਮੁੜ ਜਾਂਦੇ ਹਨ ਅਤੇ ਕਈ ਵਾਰੀ ਇਹ ਅੰਗ ਸੱਟ ਲੱਗਣ ਤੇ ਸ਼ਰੀਰ ਤੋਂ ਵੀ ਝੜ ਜਾਂਦੇ ਹਨ। ਨੋਡਲ ਅਫ਼ਸਰ ਡਾ. ਸ਼ਕਤੀਪਾਲ ਨੇ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਖਾਂ ਵਿੱਚ ਇਹ ਬਿਮਾਰੀ ਹੋਣ ਤੇ ਅੱਖ ਪੂਰੀ ਤਰ੍ਹਾਂ ਬੰਦ ਨਹੀਂ ਹੁੰਦੀਆਂ। ਜਿਸ ਕਾਰਣ ਅੱਖਾਂ ਵਿੱਚ ਚਿੱਟਾ ਪੈ ਜਾਂਦਾ ਹੈ ਤੇ ਮਰੀਜ਼ ਦੀ ਦੇਖਣ ਸ਼ਕਤੀ ਤੇ ਬੁਰਾ ਅਸਰ ਪੈਂਦਾ ਹੈ। ਇਸ ਮੌਕੇ ਡਾ. ਸ਼ਕਤੀਪਾਲ ਨੇ ਸਟਾਫ ਨੂੰ ਕੋਹੜ ਦੇ ਮਰੀਜਾਂ ਨਾਲ ਕਿਸੇ ਤਰਾਂ ਦਾ ਭੇਦ ਭਾਵ ਨਾ ਕਰਨ, ਇਲਾਜ ਲਈ ਪ੍ਰੇਰਿਤ ਕਰਨ ਅਤੇ ਕੁਸ਼ਟ ਰੋਗ ਮੁਕਤ ਭਾਰਤ ਅਭਿਆਨ ਲਈ ਯਤਨਸ਼ੀਲ ਰਹਿਣ ਦੀ ਸਹੁੰ ਚੁਕਾਈ। Author: Malout Live