ਪੰਜਾਬ ਬਿਜਲੀ ਸੰਕਟ ਦੇ ਰਾਹ ਤੇ, ਬਿਜਲੀ ਬੋਰਡ ਦੇ ਮੁਲਾਜ਼ਮਾਂ ਵੱਲੋਂ ਸਰਕਾਰ ਨੂੰ ਤਿੱਖੇ ਸੰਘਰਸ਼ ਦੀ ਚੇਤਾਵਨੀ
ਬਿਜਲੀ ਬੋਰਡ ਦੀ ਮੈਨੇਜ਼ਮੈਂਟ ਨੂੰ ਮੁਲਾਜਮਾਂ ਦੀਆਂ ਹੱਕੀ ਮੰਗਾਂ ਨਾ ਮੰਨਣ ਕਰਕੇ ਸੰਘਰਸ਼ ਸ਼ੁਰੂ ਕਰਨ ਦਾ ਨੋਟਿਸ ਦਿੱਤਾ ਗਿਆ ਸੀ। ਗ੍ਰਿਡ ਸਬ-ਸਟੇਸ਼ਨ ਇੰਪਲਾਈਜ ਯੂਨੀਅਨ (ਰਜਿ. 24) ਵੱਲੋਂ ਮਿਤੀ 02 ਸਤੰਬਰ 2024 ਤੋਂ 30 ਸਤੰਬਰ 2024 ਤੱਕ ਸੰਘਰਸ਼ ਦੀ ਸ਼ੁਰੂਆਤੀ ਕਾਲ ਦੇ ਦਿੱਤੀ ਗਈ ਹੈ।
ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਪੰਜਾਬ ਰਾਜ ਪਾਵਰ ਅਤੇ ਟਰਾਂਸਮਿਸ਼ਨ ਕਾਰਪੋਰੇਸ਼ਨ ਦੀ ਮੁਲਾਜ਼ਮ ਜੱਥੇਬੰਦੀ ਗ੍ਰਿਡ ਸਬ-ਸਟੇਸ਼ਨ ਇੰਪਲਾਈਜ ਯੂਨੀਅਨ ਪਾਵਰਕਾਮ ਅਤੇ ਟਰਾਂਸਕੋ (ਰਜਿ. 24) ਵੱਲੋਂ ਬੀਤੀ 14 ਅਗਸਤ 2024 ਨੂੰ ਬਿਜਲੀ ਬੋਰਡ ਦੀ ਮੈਨੇਜ਼ਮੈਂਟ ਨੂੰ ਮੁਲਾਜਮਾਂ ਦੀਆਂ ਹੱਕੀ ਮੰਗਾਂ ਨਾ ਮੰਨਣ ਕਰਕੇ ਸੰਘਰਸ਼ ਸ਼ੁਰੂ ਕਰਨ ਦਾ ਨੋਟਿਸ ਦਿੱਤਾ ਗਿਆ ਸੀ। ਜਿਸ ਤੇ ਬਿਜਲੀ ਬੋਰਡ ਦੀ ਮੈਨੇਜਮੈਂਟ ਵੱਲੋਂ 28 ਅਗਸਤ 2024 ਦੀ ਮੀਟਿੰਗ ਦਿੱਤੀ ਗਈ ਅਤੇ ਸੰਘਰਸ਼ ਨੂੰ ਰੋਕਣ ਦੀ ਅਪੀਲ ਕੀਤੀ ਗਈ ਪ੍ਰੰਤੂ 28 ਅਗਸਤ ਵਾਲੀ ਮੀਟਿੰਗ ਵਿੱਚ ਵੀ ਬਿਜਲੀ ਬੋਰਡ ਦੀ ਮੈਨੇਜ਼ਮੈਂਟ ਵੱਲੋਂ ਮੰਗਾਂ ਨੂੰ ਟਾਲ ਮਟੋਲ ਕਰਨ ਵਾਲੇ ਜਵਾਬ ਦਿੱਤੇ ਗਏ। ਜਿਸ ਤੋਂ ਬਾਅਦ ਗ੍ਰਿਡ ਸਬ-ਸਟੇਸ਼ਨ ਇੰਪਲਾਈਜ ਯੂਨੀਅਨ (ਰਜਿ. 24) ਵੱਲੋਂ ਮਿਤੀ 02 ਸਤੰਬਰ 2024 ਤੋਂ 30 ਸਤੰਬਰ 2024 ਤੱਕ ਸੰਘਰਸ਼ ਦੀ ਸ਼ੁਰੂਆਤੀ ਕਾਲ ਦੇ ਦਿੱਤੀ ਗਈ ਹੈ।
ਹੁਣ ਸਾਰੇ ਮੁਲਾਜ਼ਮ ਬਣਦੀ ਹਫ਼ਤਾਵਾਰੀ ਰੈਸਟ ਕਰਨਗੇ ਜੋ ਕਿ ਪਿਛਲੇ ਕਈ ਸਾਲਾਂ ਤੋਂ ਸਟਾਫ਼ ਦੀ ਘਾਟ ਕਾਰਨ ਨਹੀਂ ਮਿਲ ਰਹੀ, ਜੇਕਰ 30 ਸਤੰਬਰ 2024 ਤੱਕ ਇਹਨਾਂ ਮੰਗਾਂ ਦਾ ਹੱਲ ਨਹੀਂ ਕੀਤਾ ਜਾਂਦਾ ਤਾਂ ਜੱਥੇਬੰਦੀ ਬਾਕੀ ਭਰਾਤਰੀ ਜੱਥੇਬੰਦੀਆਂ ਦੇ ਸਹਿਯੋਗ ਨਾਲ ਸੰਘਰਸ਼ ਨੂੰ ਅੱਗੇ ਵਧਾਉਂਦੇ ਹੋਏ ਆਪਣੀਆਂ ਬਣਦੀਆਂ ਗਜਟਿਡ ਛੁੱਟੀਆਂ ਵੀ ਕਰੇਗੀ ਅਤੇ ਸਮੂਹਿਕ ਛੁੱਟੀ ਦਾ ਐਲਾਨ ਵੀ ਕੀਤਾ ਜਾ ਸਕਦਾ ਹੈ। ਜਿਸ ਨਾਲ ਆਉਣ ਵਾਲੇ ਦਿਨਾਂ ਵਿੱਚ ਪੰਜਾਬ ਦੇ ਲੋਕਾਂ ਨੂੰ ਬਿਜਲੀ ਸਪਲਾਈ ਵਿੱਚ ਵਿਘਨ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਜਿਸਦੀ ਪੂਰਨ ਤੌਰ ਤੇ ਜਿੰਮੇਵਾਰੀ ਬਿਜਲੀ ਬੋਰਡ ਦੀ ਮੈਨੇਜ਼ਮੈਂਟ ਅਤੇ ਪੰਜਾਬ ਸਰਕਾਰ ਦੀ ਹੋਵੇਗੀ।
Author : Malout Live