ਅਗੇਤੀ ਬਿਜਾਈ ਵਾਲੀ ਕਣਕ 'ਤੇ ਗੁਲਾਬੀ ਸੁੰਡੀ ਦੇ ਹਮਲੇ ਤੋਂ ਸੁਚੇਤ ਰਹਿਣ ਕਿਸਾਨ- ਮੁੱਖ ਖੇਤੀਬਾੜੀ ਅਫ਼ਸਰ

ਇਸ ਸਮੇਂ ਹਾੜੀ 2024-25 ਦੌਰਾਨ ਕਣਕ ਦੀ ਬਿਜਾਈ ਦਾ ਸੀਜ਼ਨ ਚੱਲ ਰਿਹਾ ਹੈ, ਮੁੱਖ ਖੇਤੀਬਾੜੀ ਅਫ਼ਸਰ ਡਾ. ਗੁਰਨਾਮ ਸਿੰਘ ਵੱਲੋਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਕਣਕ ਦੀ ਅਗੇਤੀ ਬਿਜਾਈ ਕਰਨ ਵਾਲੇ ਕਿਸਾਨ ਕਣਕ ਉੱਪਰ ਗੁਲਾਬੀ ਸੁੰਡੀ ਦੇ ਹਮਲੇ ਤੋਂ ਸੁਚੇਤ ਰਹਿਣ ਅਤੇ ਲਗਾਤਾਰ ਆਪਣੇ ਖੇਤਾਂ ਦਾ ਸਰਵੇਖਣ ਕਰਦੇ ਰਹਿਣ।

ਮਲੋਟ (ਸ਼੍ਰੀ ਮੁਕਤਸਰ ਸਾਹਿਬ):  ਇਸ ਸਮੇਂ ਹਾੜੀ 2024-25 ਦੌਰਾਨ ਕਣਕ ਦੀ ਬਿਜਾਈ ਦਾ ਸੀਜ਼ਨ ਚੱਲ ਰਿਹਾ ਹੈ, ਮੁੱਖ ਖੇਤੀਬਾੜੀ ਅਫ਼ਸਰ ਡਾ. ਗੁਰਨਾਮ ਸਿੰਘ ਵੱਲੋਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਕਣਕ ਦੀ ਅਗੇਤੀ ਬਿਜਾਈ ਕਰਨ ਵਾਲੇ ਕਿਸਾਨ ਕਣਕ ਉੱਪਰ ਗੁਲਾਬੀ ਸੁੰਡੀ ਦੇ ਹਮਲੇ ਤੋਂ ਸੁਚੇਤ ਰਹਿਣ ਅਤੇ ਲਗਾਤਾਰ ਆਪਣੇ ਖੇਤਾਂ ਦਾ ਸਰਵੇਖਣ ਕਰਦੇ ਰਹਿਣ। ਕਿਉਂਕਿ ਤਾਪਮਾਨ ਜਿਆਦਾ ਹੋਣ ਕਾਰਨ ਅਤੇ ਨਾਲ ਦੇ ਖੇਤਾਂ ਵਿੱਚ ਬਾਸਮਤੀ ਦੀ ਕਟਾਈ ਨਾ ਹੋਣ ਕਾਰਨ ਕਈ ਵਾਰ ਗੁਲਾਬੀ ਸੁੰਡੀ ਦਾ ਹਮਲਾ ਅਗੇਤੀ ਬੀਜੀ ਗਈ ਕਣਕ ਦੀ ਫਸਲ 'ਤੇ ਹੋ ਜਾਂਦਾ ਹੈ। ਜੇਕਰ ਕਿਸੇ ਵੀ ਖੇਤ ਵਿੱਚ ਕਣਕ ਉੱਪਰ ਗੁਲਾਬੀ ਸੁੰਡੀ ਦਾ ਹਮਲਾ ਹੁੰਦਾ ਹੈ ਤਾਂ ਕਿਸਾਨ ਉਸ ਖੇਤ ਨੂੰ ਦਿਨ ਦੇ ਸਮੇਂ ਪਾਣੀ ਲਗਾਉਣ ਕਿਉਂਕਿ ਪਾਣੀ ਲਗਾਉਣ ਨਾਲ ਗੁਲਾਬੀ ਸੁੰਡੀ ਬਾਹਰ ਨਿਕਲ ਆਉਂਦੀ ਹੈ ਅਤੇ ਤੁਰੰਤ ਸਪਰੇਅ ਕਰਨ ਨਾਲ ਵੀ ਬਹੁਤ ਵਧੀਆ ਨਤੀਜਾ ਮਿਲਦਾ ਹੈ।

ਉਨ੍ਹਾਂ ਇਹ ਵੀ ਦੱਸਿਆ ਕਿ ਕਿਸਾਨ ਗੁਲਾਬੀ ਸੁੰਡੀ ਨੂੰ ਕੰਟਰੋਲ ਕਰਨ ਲਈ ਪੀ.ਏ.ਯੂ. ਦੁਆਰਾ ਸਿਫਾਰਸ਼ ਕੀਟਨਾਸ਼ਕ (ਕੇਰਾਜਿਨ 18.5 ਐਸ.ਸੀ. 50 ਮਿ:ਲੀ. ਪ੍ਰਤੀ ਏਕੜ ਜਾਂ ਏਕਾਲਕਸ 25 ਈ.ਸੀ. 500 ਮਿ:ਲੀ: ਪ੍ਰਤੀ ਏਕੜ) ਦਾ ਸਪਰੇਅ ਦਿਨ ਸਮੇਂ ਪਾਣੀ ਲਗਾਉਣ ਤੋਂ ਤੁਰੰਤ ਬਾਅਦ ਹੀ ਕਰਨ। ਇਸ ਤੋਂ ਇਲਾਵਾ ਗੁਲਾਬੀ ਸੁੰਡੀ ਦੇ ਕੰਟਰੋਲ ਲਈ ਕਣਕ ਨੂੰ ਪਾਣੀ ਲਗਾਉਣ ਤੋਂ ਦੋ ਦਿਨ ਪਹਿਲਾਂ ਇੱਕ ਲੀਟਰ ਕਲੋਰੋਪੈਰੀਫਾਸ 20 ਈ.ਸੀ. ਜਾਂ ਸੱਤ ਕਿ:ਗ੍ਰਾ: ਫਿਪਰੋਨਿਲ/ਰੀਜੰਟ 0.3 ਜੀ. ਪ੍ਰਤੀ ਏਕੜ ਨੂੰ 20 ਕਿ:ਗ੍ਰਾ. ਸਲਾਬੀ ਮਿੱਟੀ ਵਿੱਚ ਰਲਾ ਕੇ ਛਿੱਟਾ ਦੇ ਸਕਦੇ ਹਨ। ਉਨ੍ਹਾਂ ਦੱਸਿਆ ਕਿ ਜਿਵੇਂ-ਜਿਵੇਂ ਤਾਪਮਾਨ ਘਟਦਾ ਜਾਵੇਗਾ ਉਵੇਂ-ਉਵੇਂ ਗੁਲਾਬੀ ਸੁੰਡੀ ਸੁਸਤ ਅਵਸਥਾ ਵਿੱਚ ਚਲੀ ਜਾਂਦੀ ਹੈ। ਜੇਕਰ ਕਿਸੇ ਕਿਸਾਨ ਨੂੰ ਖੇਤੀ ਨਾਲ ਸੰਬੰਧਿਤ ਕਿਸੇ ਤਰ੍ਹਾਂ ਦੀ ਕੋਈ ਮੁਸਕਿਲ ਪੇਸ਼ ਆਉਂਦੀ ਹੈ ਤਾਂ ਉਹ ਸੰਬੰਧੀ ਉਸ ਬਲਾਕ ਦੇ ਸੰਬੰਧਿਤ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਅਧਿਕਾਰੀਆਂ ਨਾਲ ਤਾਲਮੇਲ ਕਰ ਸਕਦੇ ਹਨ।

Author : Malout Live