ਹੁਣ ਘਰ ਬੈਠੇ ਹੋਵੇਗੀ ਸਰਟੀਫਿਕੇਟਾਂ ਵਿੱਚ ਸੋਧ, ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਆਨਲਾਈਨ ਸਹੂਲਤ ਆਰੰਭ
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਪ੍ਰੀਖਿਆਰਥੀਆਂ ਅਤੇ ਆਮ ਜਨਤਾ ਲਈ ਸਰਟੀਫਿਕੇਟ ਸੰਬੰਧੀ ਸੇਵਾਵਾਂ ਨੂੰ ਹੋਰ ਸੁਖਾਲਾ, ਪਾਰਦਰਸ਼ੀ ਅਤੇ ਬਿਨੈਕਾਰ-ਪੱਖੀ ਬਣਾਉਣ ਲਈ ਸਰਟੀਫਿਕੇਟਾਂ ਵਿੱਚ ਦਰਜ ਵੇਰਵਿਆਂ ਦੀ ਸੋਧ ਸੰਬੰਧੀ ਔਨਲਾਈਨ ਸੇਵਾ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਨਵੀਂ ਪਹਿਲਕਦਮੀ ਤਹਿਤ ਬਿਨ੍ਹੈਕਾਰ ਹੁਣ ਘਰ ਬੈਠੇ ਹੀ ਸਰਟੀਫਿਕੇਟ ਵਿੱਚ ਦਰਜ ਨਾਮ, ਪਿਤਾ/ਮਾਤਾ ਦਾ ਨਾਮ, ਜਨਮ ਮਿਤੀ ਆਦਿ ਵਿੱਚ ਸੋਧ ਲਈ ਔਨਲਾਈਨ ਅਰਜ਼ੀ ਜਮ੍ਹਾਂ ਕਰਵਾ ਸਕਣਗੇ।
ਮਲੋਟ : ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਪ੍ਰੀਖਿਆਰਥੀਆਂ ਅਤੇ ਆਮ ਜਨਤਾ ਲਈ ਸਰਟੀਫਿਕੇਟ ਸੰਬੰਧੀ ਸੇਵਾਵਾਂ ਨੂੰ ਹੋਰ ਸੁਖਾਲਾ, ਪਾਰਦਰਸ਼ੀ ਅਤੇ ਬਿਨੈਕਾਰ-ਪੱਖੀ ਬਣਾਉਣ ਲਈ ਸਰਟੀਫਿਕੇਟਾਂ ਵਿੱਚ ਦਰਜ ਵੇਰਵਿਆਂ ਦੀ ਸੋਧ ਸੰਬੰਧੀ ਔਨਲਾਈਨ ਸੇਵਾ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਨਵੀਂ ਪਹਿਲਕਦਮੀ ਤਹਿਤ ਬਿਨ੍ਹੈਕਾਰ ਹੁਣ ਘਰ ਬੈਠੇ ਹੀ ਸਰਟੀਫਿਕੇਟ ਵਿੱਚ ਦਰਜ ਨਾਮ, ਪਿਤਾ/ਮਾਤਾ ਦਾ ਨਾਮ, ਜਨਮ ਮਿਤੀ ਆਦਿ ਵਿੱਚ ਸੋਧ ਲਈ ਔਨਲਾਈਨ ਅਰਜ਼ੀ ਜਮ੍ਹਾਂ ਕਰਵਾ ਸਕਣਗੇ। ਪਹਿਲਾਂ ਸਰਟੀਫਿਕੇਟ ਵਿੱਚ ਦਰਜ ਵੇਰਵਿਆਂ ਵਿੱਚ ਸੋਧ ਕਰਵਾਉਣ ਲਈ ਬਿਨ੍ਹੈਕਾਰ ਨੂੰ ਲੋੜੀਂਦੇ ਸਹਾਇਕ ਦਸਤਾਵੇਜ਼ਾਂ ਦੀ ਤਸਦੀਕ ਕਰਵਾਉਣ ਅਤੇ ਕੇਸ ਜਮ੍ਹਾਂ ਕਰਵਾਉਣ ਲਈ ਬੋਰਡ ਦੇ ਖੇਤਰੀ ਦਫ਼ਤਰਾਂ ਜਾਂ ਮੁੱਖ ਦਫਤਰ ਵਿਖੇ ਨਿੱਜੀ ਤੌਰ ’ਤੇ ਪਹੁੰਚ ਕਰਨੀ ਪੈਂਦੀ ਸੀ। ਇਸ ਤੋਂ ਇਲਾਵਾ ਆਪਣੇ ਕੇਸ ਦੀ ਪ੍ਰਗਤੀ ਜਾਂ ਸਥਿਤੀ ਜਾਣਨ ਲਈ ਵੀ ਬਿਨ੍ਹੈਕਾਰ ਨੂੰ ਵਾਰ-ਵਾਰ ਦਫ਼ਤਰਾਂ ਦੇ ਚੱਕਰ ਲਗਾਉਣੇ ਪੈਂਦੇ ਸਨ।
ਇਸ ਕਾਰਨ ਬਿਨ੍ਹੈਕਾਰ ਦਾ ਸਮਾਂ ਅਤੇ ਆਵਾਜਾਈ ਦਾ ਖ਼ਰਚ ਵੀ ਹੁੰਦਾ ਸੀ, ਖਾਸ ਕਰਕੇ ਦੂਰ-ਦੁਰਾਡੇ ਇਲਾਕਿਆਂ ਵਿੱਚ ਰਹਿੰਦੇ ਪ੍ਰੀਖਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਵਧੇਰੇ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ ਸੀ। ਬੋਰਡ ਦੇ ਚੇਅਰਮੈਨ ਡਾ. ਅਮਰਪਾਲ ਸਿੰਘ ਨੇ ਦੱਸਿਆ ਕਿ ਪਹਿਲਾਂ ਨਿਰਧਾਰਿਤ ਪ੍ਰਕਿਰਿਆ ਅਧੀਨ ਅਜਿਹੇ ਕੇਸਾਂ ਨੂੰ ਨਿਪਟਾਉਣ ਲਈ 45 ਦਿਨਾਂ ਤੱਕ ਦਾ ਸਮਾਂ ਲੱਗਦਾ ਸੀ, ਹੁਣ ਔਨਲਾਈਨ ਪੋਰਟਲ ਰਾਹੀਂ ਸਿਰਫ਼ 21 ਦਿਨਾਂ ਦੇ ਅੰਦਰ ਸੋਧ ਉਪਰੰਤ ਸਰਟੀਫਿਕੇਟ ਉਮੀਦਵਾਰ ਨੂੰ ਮਿਲ ਜਾਵੇਗਾ। ਇਸ ਸੰਬੰਧੀ ਬੋਰਡ ਵੱਲੋਂ certificate.pseb.ac.in ਨਾਂ ਦਾ ਨਵਾਂ ਔਨਲਾਈਨ ਪੋਰਟਲ ਸ਼ੁਰੂ ਕੀਤਾ ਗਿਆ ਹੈ। ਇਸ ਪੋਰਟਲ ’ਤੇ ਹਰੇਕ ਸੇਵਾ ਲਈ ਲੋੜੀਂਦੇ ਦਸਤਾਵੇਜ਼ਾਂ, ਸ਼ਰਤਾਂ ਅਤੇ ਅਰਜ਼ੀ ਜਮ੍ਹਾਂ ਕਰਵਾਉਣ ਸੰਬੰਧੀ ਹਦਾਇਤਾਂ ਉਪਲੱਬਧ ਕਰਵਾਈਆਂ ਗਈਆਂ ਹਨ। ਬਿਨ੍ਹੈਕਾਰ ਨੂੰ ਅਰਜ਼ੀ ਦੇਣ ਤੋਂ ਪਹਿਲਾਂ ਹੀ ਲੋੜੀਂਦੀ ਜਾਣਕਾਰੀ ਮਿਲ ਜਾਵੇਗੀ, ਜਿਸ ਨਾਲ ਅਧੂਰੀਆਂ ਅਰਜ਼ੀਆਂ ਅਤੇ ਦਸਤਾਵੇਜ਼ਾਂ ਦੀ ਕਮੀ ਕਾਰਨ ਹੋਣ ਵਾਲੀ ਦੇਰੀ ਨੂੰ ਘਟਾਉਣ ਵਿੱਚ ਮੱਦਦ ਮਿਲੇਗੀ।
Author : Malout Live



