ਸਿਆਚਿਨ ਗਲੇਸ਼ੀਅਰ ‘ਚ ਸ਼ਹੀਦ ਹੋਏ 6 ਜਵਾਨ

ਸਿਆਚਿਨ ਗਲੇਸ਼ੀਅਰ ‘ਚ ਸ਼ਹੀਦ ਹੋਏ 6 ਜਵਾਨਾਂ ‘ਚੋਂ ਤਿੰਨ ਜਵਾਨ ਪੰਜਾਬ ਦੇ ਹਨ ਅਤੇ ਉਨ੍ਹਾਂ ਜਵਾਨਾਂ ਦੀਆਂ ਮ੍ਰਿਤਕਾਂ ਦੇਹਾਂ ਅੱਜ ਜੱਦੀ ਪਿੰਡ ਪਹੁੰਚਣ ਦੀ ਉਮੀਦ ਹੈ। ਇਸ ਖ਼ਬਰ ਤੋਂ ਬਾਅਦ ਪੂਰਾ ਪੰਜਾਬ ਸੋਗ ਵਿੱਚ ਡੁੱਬ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਉੱਤਰੀ ਲੱਦਾਖ ਦੇ ਸਿਆਚਿਨ ਗਲੇਸ਼ੀਅਰ ‘ਚਸੋਮਵਾਰ ਦੁਪਹਿਰ ਨੂੰ ਬਰਫੀਲੇ ਤੂਫਾਨ ਵਿੱਚ6 ਜਵਾਨ ਸ਼ਹੀਦ ਹੋ ਗਏ ਹਨ। ਇਨ੍ਹਾਂ ਸ਼ਹੀਦ ਹੋਏ 6 ਜਵਾਨਾਂ ਵਿੱਚੋਂ 3 ਜਵਾਨ ਪੰਜਾਬ ਅਤੇ ਇੱਕ ਹਿਮਾਚਲ ਦਾ ਰਹਿਣ ਵਾਲੇ ਹਨ। ਮੰਗਲਵਾਰ ਨੂੰ ਸੈਨਾ ਨੇ ਸ਼ਹੀਦ ਜਵਾਨਾਂ ਦੇ ਨਾਮ ਜਾਰੀ ਕੀਤੇ ਹਨ। ਇਸ ਵਿੱਚ ਹੁਸ਼ਿਆਰਪੁਰ ਜ਼ਿਲ੍ਹੇ ਦੇ ਮੁਕੇਰੀਆਂ ਨੇੜਲੇ ਪਿੰਡ ਸੈਦਾਂ ਦਾ ਵਾਸੀ ਸਿਪਾਹੀ ਡਿੰਪਲ ਕੁਮਾਰ, ਬਟਾਲਾ ਦੇ ਪਿੰਡ ਫਤਹਿਗੜ੍ਹ ਚੁੂੜੀਆਂ ਦਾ ਵਾਸੀ ਨਾਇਕ ਮਨਿੰਦਰ ਸਿੰਘ, ਸੰਗਰੂਰ ਦੇ ਮਲੇਰਕੋਟਲਾ ਦੇ ਪਿੰਡ ਗੋਵਾਰਾ ਦਾ ਵਾਸੀ ਸਿਪਾਹੀ ਵੀਰਪਾਲ ਸਿੰਘ ਅਤੇ ਹਿਮਾਚਲ ਦੇ ਸੋਲਨ ਜ਼ਿਲੇ ਦੇ ਪਿੰਡ ਦੋਚੀ ਦਾ ਵਾਸੀ ਸਿਪਾਹੀ ਮਨੀਸ਼ ਕੁਮਾਰ ਗਲੇਸ਼ੀਅਰ ਵਿਚ ਸ਼ਹੀਦ ਹੋ ਗਏ ਹਨ। ਇਸ ਹਾਦਸੇ ‘ਚ ਚਾਰ ਜਵਾਨ ਤੇ ਦੋ ਕੁੱਲੀ ਸ਼ਹੀਦ ਹੋ ਗਏ ਸਨ। ਕੁੱਲੀਆਂ ਦੀ ਪਛਾਣ ਲੇਹ ਦੇ ਲਰਗਯਾਵ ਦੇ ਜਿਗਮਿਤ ਨਾਂਗਯਾਲ ਤੇ ਸਟੇਂਜਿਨ ਗੁਰਮਤ ਵਜੋਂ ਹੋਈ। ਉਹ ਪਿਛਲੇ ਕੁਝ ਸਾਲਾਂ ਤੋਂ ਸਿਆਚਿਨ ‘ਚ ਫ਼ੌਜ ਤਕ ਰਸਦ ਪਹੁੰਚਾਉਣ ਲਈ ਕੁੱਲੀ ਦਾ ਕੰਮ ਕਰ ਰਹੇ ਸਨ। ਦੁਨੀਆ ਦੇ ਸਭ ਤੋਂ ਉੱਚੇ ਜੰਗੀ ਸਥਾਨ ਸਿਆਚਿਨ ‘ਚ ਬਰਫ਼ ਹੇਠ ਦੱਬਣ ਕਾਰਨ ਸ਼ਹੀਦ ਹੋਏ ਫ਼ੌਜ ਦੇ ਚਾਰ ਜਵਾਨਾਂ ਦੀਆਂ ਮ੍ਰਿਤਕਾਂ ਦੇਹਾਂ ਬੁੱਧਵਾਰ ਨੂੰ ਲੱਦਾਖ ਤੋਂ ਫ਼ੌਜੀ ਸਨਮਾਨ ਨਾਲ ਘਰ ਭੇਜੀਆਂ ਜਾਣਗੀਆਂ। ਡੋਗਰਾ ਰੈਜੀਮੈਂਟ ਦੇ ਸ਼ਹੀਦ ਇਨ੍ਹਾਂ ਜਵਾਨਾਂ ‘ਚ ਤਿੰਨ ਪੰਜਾਬ ਤੇ ਇਕ ਹਿਮਾਚਲ ਪ੍ਰਦੇਸ਼ ਦਾ ਵਾਸੀ ਹੈ। ਸਾਰਿਆਂ ਦੀ ਉਮਰ 30 ਸਾਲ ਤੋਂ ਘੱਟ ਸੀ।