ਨਗਰ ਕੌਂਸਲ ਦੇ ਬਾਹਰ ਕੀਤਾ ਗਿਆ ਸਫਾਈ ਕਰਮਚਾਰੀਆਂ ਵੱਲੋਂ ਪ੍ਰਦਰਸ਼ਨ

ਧੂਰੀ:- ਧੂਰੀ ਵਿਚ ਸਫਾਈ ਕਰਮਚਾਰੀਆਂ ਵਲੋਂ ਨਗਰ ਕੌਂਸਲ ਦੇ ਬਾਹਰ ਨਗਰ ਕੌਂਸਲ ਅਤੇ ਸਫਾਈ ਠੇਕੇਦਾਰ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਪ੍ਰਦਰਸ਼ਨਕਾਰੀ ਨੇ ਕਿਹਾ ਕਿ ਉਹ ਪਿਛਲੇ ਦੋ-ਤਿੰਨ ਸਾਲਾਂ ਤੋਂ ਨਗਰ ਕੌਂਸਲ ਵਿਚ ਠੇਕੇ 'ਤੇ ਸਫਾਈ ਦਾ ਕੰਮ ਕਰ ਰਿਹਾ ਹੈ ਉਨ੍ਹਾਂ ਦੀ ਤਨਖਾਹ ਵੀ ਘੱਟ ਦਿੱਤੀ ਜਾ ਰਹੀ ਹੈ। ਪ੍ਰਦਰਸ਼ਨਕਾਰੀ ਨੇ ਕਿਹਾ ਕਿ ਉਨ੍ਹਾਂ ਨੂੰ ਨਾ ਤਾਂ ਮੈਡੀਕਲ ਦੀ ਕੋਈ ਸਹੂਲਤ ਦਿੱਤੀ ਜਾ ਰਹੀ ਹੈ ਅਤੇ ਨਾ ਹੀ ਉਨ੍ਹਾਂ ਦਾ ਜੋ ਫੰਡ ਕੱਟਿਆ ਜਾ ਰਿਹਾ ਹੈ ਉਸ ਦੀ ਰਸੀਦ ਦਿੱਤੀ ਜਾ ਰਹੀ ਹੈ
ਉਥੇ ਹੀ ਇਸ ਪੂਰੇ ਮਾਮਲੇ 'ਤੇ ਨਗਰ ਕੌਂਸਲ ਦੇ ਈ.ਓ. ਰਮੇਸ਼ ਕੁਮਾਰ ਦਾ ਕਹਿਣਾ ਸੀ ਕਿ ਅਸੀਂ ਈ ਟੇਂਡਰਿੰਗ ਰਾਹੀਂ ਸਫਾਈ ਦਾ ਠੇਕਾ ਲਿਆ ਹੈ ਅਤੇ ਨਗਰ ਕੌਂਸਲ ਵਲੋਂ ਸਫਾਈ ਠੇਕੇਦਾਰ ਨੂੰ ਚੈਕ ਰਾਹੀਂ ਪੇਮੈਂਟ ਦਿੱਤੀ ਜਾਂਦੀ ਹੈ। ਸਫਾਈ ਠੇਕੇਦਾਰ ਸਤੀਸ਼ ਕੁਮਾਰ ਨੇ ਕਿਹਾ ਕਿ ਉਨ੍ਹਾਂ ਕੋਲ ਹਾਲ ਹੀ ਵਿਚ ਸਫਾਈ ਦਾ ਠੇਕਾ ਆਇਆ ਹੈ। ਪਹਿਲਾਂ ਇਹ ਠੇਕਾ ਕਿਸੇ ਹੋਰ ਠੇਕੇਦਾਰ ਦੇ ਕੋਲ ਸੀ ਪਰ ਉਸ ਠੇਕੇਦਾਰ ਨੇ ਵੀ ਇਨ੍ਹਾਂ ਨੂੰ 6527 ਰੁਪਏ ਦੇ ਹਿਸਾਬ ਨਾਲ ਭੁਗਤਾਨ ਕੀਤਾ ਹੈ। ਸਤੀਸ਼ ਕੁਮਾਰ ਨੇ ਕਿਹਾ ਕਿ ਮੇਰਾ ਠੇਕਾ ਹਾਲ ਹੀ ਵਿਚ ਸ਼ੁਰੂ ਹੋਇਆ ਹੈ ਅਤੇ ਅਜੇ ਤੱਕ ਨਗਰ ਕੌਂਸਲ ਨੇ ਨਾ ਤਾਂ ਮੈਨੂੰ ਕੋਈ ਪੇਮੈਂਟ ਦਿੱਤੀ ਹੈ ਅਤੇ ਨਾ ਹੀ ਮੈਂ ਇਨ੍ਹਾਂ ਦੇ ਖਾਤਿਆਂ ਵਿਚ ਪਾਈ ਹੈ। ਇਨ੍ਹਾਂ ਦੇ ਇਲਜਾਮ ਬੇਬੁਨਿਆਦ ਹਨ।