ਪੰ.ਸ.ਮ.ਸ ਯੂਨੀਅਨ ਦੀ ਹੋਈ ਚੋਣ, ਖੁਸ਼ਕਰਨਜੀਤ ਸਿੰਘ ਦੂਸਰੀ ਵਾਰ ਬਣੇ ਸਰਵਸੰਮਤੀ ਨਾਲ ਜਿਲ੍ਹਾ ਪ੍ਰਧਾਨ
ਮਲੋਟ (ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ): ਪੰਜਾਬ ਸਟੇਟ ਮਨਿਸਟਰੀਅਲ ਸਰਵਿਸਜ਼ ਯੂਨੀਅਨ ਦੀ ਜਿਲ੍ਹਾ ਬਾਡੀ ਦੀ ਚੋਣ ਦਫਤਰ ਡਿਪਟੀ ਕਮਿਸ਼ਨਰ, ਸ਼੍ਰੀ ਮੁਕਤਸਰ ਸਾਹਿਬ ਵਿਖੇ ਹੋਈ। ਇਸ ਮੌਕੇ ਵੱਖ-ਵੱਖ ਵਿਭਾਗਾਂ ਦੇ ਕਰਮਚਾਰੀਆਂ ਨੇ ਵੱਡੀ ਗਿਣਤੀ ਵਿੱਚ ਭਾਗ ਲਿਆ। ਇਕੱਤਰਤਾ ਨੂੰ ਸੰਬੋਧਨ ਕਰਦਿਆਂ ਜਿਲ੍ਹਾ ਪ੍ਰਧਾਨ ਖੁਸ਼ਕਰਨਜੀਤ ਸਿੰਘ ਨੇ ਰਸਮੀ ਤੌਰ ਤੇ ਯੂਨੀਅਨ ਦੀ ਜਿਲ੍ਹਾ ਬਾਡੀ ਨੂੰ ਭੰਗ ਕਰਨ ਦਾ ਐਲਾਨ ਕੀਤਾ ਅਤੇ ਚੋਣ ਲਈ ਅਬਜ਼ਰਵਰ ਦੀ ਭੂਮਿਕਾ ਚੇਅਰਮੈਨ ਕਰਮਜੀਤ ਸ਼ਰਮਾ, ਸੀਨੀਅਰ ਆਗੂ ਕਾਲਾ ਸਿੰਘ ਬੇਦੀ, ਜਗਤਾਰ ਸਿੰਘ ਅਤੇ ਸਤਨਾਮ ਸਿੰਘ ਵੱਲੋਂ ਨਿਭਾਈ ਗਈ। ਮੀਟਿੰਗ ਦੌਰਾਨ ਹਾਜਿਰ ਸਮੂਹ ਕਰਮਚਾਰੀਆਂ ਨਾਲ ਵਿਚਾਰ ਚਰਚਾ ਕਰਦਿਆਂ ਆਬਕਾਰੀ ਵਿਭਾਗ ਦੇ ਖੁਸ਼ਕਰਨਜੀਤ ਸਿੰਘ ਨੂੰ ਦੁਬਾਰਾ ਜ਼ਿਲ੍ਹਾ ਪ੍ਰਧਾਨ ਚੁਣਿਆ ਗਿਆ ਜਦਕਿ ਡੀ.ਸੀ. ਦਫਤਰ ਸ਼੍ਰੀ ਮੁਕਤਸਰ ਸਾਹਿਬ ਦੇ ਪੁਸ਼ਪਿੰਦਰ ਸਿੰਘ ਨੂੰ ਜਨਰਲ ਸਕੱਤਰ ਦਾ ਅਹੁਦਾ ਸੌਂਪਿਆ ਗਿਆ ਅਤੇ ਖਜਾਨਾ ਦਫਤਰ ਦੇ ਸਾਹਿਬ ਸਿੰਘ ਨੂੰ ਜਿਲ੍ਹਾ ਖਜਾਨਚੀ ਅਤੇ ਸਿੱਖਿਆ ਵਿਭਾਗ ਦੇ ਬਲਜੀਤ ਸਿੰਘ ਨੂੰ ਸਹਾਇਕ ਖਜਾਨਚੀ ਚੁਣਿਆ ਗਿਆ।
ਇਸ ਤੋਂ ਇਲਾਵਾ ਡੀ.ਸੀ ਦਫਤਰ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਹਰਜਿੰਦਰ ਸਿੰਘ ਨੂੰ ਸਰਪ੍ਰਸਤ ਦੀ ਜ਼ਿੰਮੇਵਾਰੀ ਦਿੱਤੀ ਗਈ ਜਦਕਿ ਸਤਨਾਮ ਸਿੰਘ ਨੂੰ ਵਾਈਸ ਪ੍ਰਧਾਨ, ਗੁਰਪ੍ਰੀਤ ਸਿੰਘ ਨੂੰ ਆਰਗੇਨਾਈਜ਼ਰ, ਸਿੱਖਿਆ ਵਿਭਾਗ ਦੇ ਸੰਦੀਪ ਬੱਤਰਾ, ਜਲ ਸਪਲਾਈ ਵਿਭਾਗ ਦੇ ਸੰਦੀਪ ਢੋਸੀਵਾਲ ਨੂੰ ਸੀਨੀਅਰ ਮੀਤ ਪ੍ਰਧਾਨ, ਰੋਡਵੇਜ਼ ਵਿਭਾਗ ਦੇ ਪਵਨ ਕੁਮਾਰ, ਰੁਜ਼ਗਾਰ ਵਿਭਾਗ ਵਿੱਕੀ ਕੁਮਾਰ ਨੂੰ ਸੀਨੀਅਰ ਮੀਤ ਪ੍ਰਧਾਨ ਚੁਣਿਆ ਗਿਆ। ਯੂਨੀਅਨ ਦੇ ਮੈਂਬਰਾਂ ਵੱਲੋਂ ਡੀ.ਸੀ. ਦਫ਼ਤਰ ਦੇ ਦੀਪਕ ਕੁਮਾਰ ਅਤੇ ਸਿਹਤ ਵਿਭਾਗ ਦੇ ਮਨਦੀਪ ਭੰਡਾਰੀ ਨੂੰ ਪ੍ਰੈੱਸ ਸਕੱਤਰ ਦੀ ਜ਼ਿੰਮੇਵਾਰੀ ਦਿੱਤੀ ਗਈ। ਇਸ ਤੋਂ ਇਲਾਵਾ ਜਲ ਸਪਲਾਈ ਵਿਭਾਗ ਦੇ ਤਲਵਿੰਦਰ ਸਿੰਘ ਨਿੱਝਰ ਨੂੰ ਜੁਆਇੰਟ ਸਕੱਤਰ ਚੁਣਿਆ ਗਿਆ। ਇਸ ਦੌਰਾਨ ਕਰਮਚਾਰੀਆਂ ਨੇ ਧੰਨਵਾਦ ਕਰਦਿਆ ਕਿਹਾ ਕਿ ਉਹ ਜਥੇਬੰਦੀ ਵੱਲੋਂ ਦਿੱਤੀ ਗਈ ਜਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਣਗੇ। ਉਨ੍ਹਾਂ ਕਿਹਾ ਕਿ ਯੂਨੀਅਨ ਵੱਲੋਂ ਪੁਰਾਣੀ ਪੈਨਸ਼ਨ ਦੀ ਬਹਾਲੀ, ਮਹਿੰਗਾਈ ਭੱਤੇ ਦੀਆਂ ਬਕਾਇਆ ਕਿਸ਼ਤਾਂ ਜਾਰੀ ਕਰਨ, ਪੇਅ ਕਮਿਸ਼ਨ ਦੀਆਂ ਕਮੀਆਂ ਦੂਰ ਕਰਨ, ਜਜੀਆ ਟੈਕਸ ਬੰਦ ਕਰਨ ਅਤੇ ਖਾਲੀ ਪੋਸਟਾਂ ਭਰਨ ਆਦਿ ਮੰਗਾਂ ਨੂੰ ਲੈ ਕੇ ਪਿਛਲੇ ਲੰਮੇ ਸਮੇਂ ਤੋਂ ਸੰਘਰਸ਼ ਕੀਤਾ ਜਾ ਰਿਹਾ ਹੈ ਅਤੇ ਯੂਨੀਅਨ ਵੱਲੋਂ ਵੱਖ-ਵੱਖ ਸਮੇਂ ਤੇ ਐਕਸ਼ਨ ਉਲੀਕੇ ਜਾ ਰਹੇ ਹਨ, ਜਿਨ੍ਹਾਂ ਨੂੰ ਇਸ ਜਿਲ੍ਹੇ ਵਿੱਚ ਇੰਨ-ਬਿੰਨ ਲਾਗੂ ਕੀਤਾ ਜਾਵੇਗਾ। Author: Malout Live