Punjab

ਸ੍ਰੀ ਗੁਰੂ ਨਾਨਕ ਦੇਵ ਜੀ ਦੇ ਚਰਨ ਛੋਹ ਪ੍ਰਾਪਤ 28 ਹੋਰ ਪਿੰਡਾਂ ਦੀ ਬਦਲੇਗੀ ਨੁਹਾਰ

ਚੰਡੀਗਡ਼੍ਹ (ਅਸ਼ਵਨੀ) – ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਸਬੰਧੀ ਗੁਰੂ ਸਾਹਿਬ ਜੀ ਦੇ ਚਰਨ ਛੋਹ ਪ੍ਰਾਪਤ 28 ਪਿੰਡਾਂ ਦੇ ਵਿਕਾਸ ਲਈ ਪੰਜਾਬ ਦੇ ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਦੀਆਂ ਹਦਾਇਤਾਂ ’ਤੇ ਪੇਂਡੂ ਵਿਕਾਸ ਫੰਡ ’ਚੋਂ 14 ਕਰੋਡ਼ ਰੁਪਏ ਜਾਰੀ ਕੀਤੇ ਗਏ ਹਨ। ਚਰਨ ਛੋਹ ਪ੍ਰਾਪਤ 63 ਪਿੰਡਾਂ ਦੇ ਬੁਨਿਆਦੀ ਢਾਂਚੇ ਦੇ ਵਿਕਾਸ ’ਤੇ 59.50 ਕਰੋਡ਼ ਰੁਪਏ ਖਰਚੇ ਜਾ ਰਹੇ ਹਨ, ਜਿਸ ’ਚੋਂ 35 ਪਿੰਡਾਂ ਲਈ 17.50 ਕਰੋਡ਼ ਰੁਪਏ ਪਹਿਲਾਂ ਹੀ ਜਾਰੀ ਕੀਤੇ ਜਾ ਚੁੱਕੇ ਹਨ। ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਇਨ੍ਹਾਂ ਪਿੰਡਾਂ ਦਾ ਵਿਕਾਸ ਮਗਨਰੇਗਾ ਦੇ ਸਹਿਯੋਗ ਨਾਲ ਕੀਤਾ ਜਾਵੇਗਾ। ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ 28 ਪਿੰਡਾਂ ਦੇ ਵਿਕਾਸ ਲਈ ਡਿਪਟੀ ਕਮਿਸ਼ਨਰਾਂ ਨੂੰ ਪ੍ਰਤੀ ਪਿੰਡ 50 ਲੱਖ ਰੁਪਏ ਦੇ ਹਿਸਾਬ ਨਾਲ ਫੰਡ ਮਿਲਣਗੇ। ਇਨ੍ਹਾਂ ’ਚੋਂ ਅੰਮ੍ਰਿਤਸਰ ਜ਼ਿਲੇ ’ਚ ਸਥਿਤ 6 ਅਜਿਹੇ ਪਿੰਡਾਂ ਧਰਮਕੋਟ, ਸੌਰਾਈਆਂ, ਰਾਮ ਤੀਰਥ, ਕੱਥੂਨੰਗਲ, ਅੱਡਾ ਕੱਥੂਨੰਗਲ ਅਤੇ ਕੱਥੂਨੰਗਲ ਖੁਰਦ ਦੇ ਵਿਕਾਸ ਲਈ 50 ਲੱਖ ਰੁਪਏ ਦੇ ਹਿਸਾਬ ਨਾਲ 3 ਕਰੋਡ਼ ਰੁਪਏ ਜਾਰੀ ਕੀਤੇ ਗਏ ਹਨ।
ਇਸੇ ਤਰ੍ਹਾਂ ਬਠਿੰਡਾ ’ਚ ਕੱਚੀ ਭੁੱਚੋ ਲਈ 50 ਲੱਖ ਰੁਪਏ, ਗੁਰਦਾਸਪੁਰ ਜ਼ਿਲੇ ’ਚ ਕੀਡ਼ੀ ਅਫ਼ਗਾਨਾ ਅਤੇ ਕਥਿਆਲਾ ਲਈ ਇਕ ਕਰੋਡ਼ ਰੁਪਏ, ਲੁਧਿਆਣਾ ਜ਼ਿਲੇ ’ਚ ਢਾਂਡਰਾ, ਸੋਢੀਵਾਲ ਅਤੇ ਅਗਵਾਡ਼ ਲੋਪੋ ਲਈ 1.50 ਕਰੋਡ਼ ਰੁਪਏ, ਮੋਗਾ ਜ਼ਿਲੇ ’ਚ ਪਿੰਡ ਫ਼ਤਿਹਗਡ਼੍ਹ ਕੋਰੋਟਾਣਾ ਲਈ 50 ਲੱਖ ਰੁਪਏ, ਸੰਗਰੂਰ ਜ਼ਿਲੇ ’ਚ ਪਿੰਡ ਮਸਤੂਆਣਾ, ਟਲ ਘਨੌਰ, ਖੁਰਾਣਾ, ਭਲਵਾਨ, ਭੱਦਲਵੱਢ, ਢਡੋਗਲ, ਖੇਡ਼ੀ ਜੱਟਾਂ ਅਤੇ ਭਸੌਡ਼ ਲਈ 4 ਕਰੋਡ਼ ਰੁਪਏ ਜਾਰੀ ਕੀਤੇ ਗਏ। ਤਰਨਤਾਰਨ ਜ਼ਿਲੇ ਦੇ ਪਿੰਡ ਜਲਾਲਾਬਾਦ, ਕੋਰੇਵਧਾਨ ਅਤੇ ਦਿਆਲਪੁਰ ਲਈ 1.50 ਕਰੋਡ਼ ਰੁਪਏ ਅਤੇ ਹੁਸ਼ਿਆਰਪੁਰ ਜ਼ਿਲੇ ਦੇ ਪਿੰਡ ਫ਼ਤਿਹਪੁਰ ਕੋਠੀ, ਕੋਠੀ, ਕਾਂਗਡ਼ ਅਤੇ ਸਾਰੰਗਵਾਲ ਲਈ 2 ਕਰੋਡ਼ ਰੁਪਏ ਜਾਰੀ ਕੀਤੇ ਗਏ। ਬੁਲਾਰੇ ਨੇ ਅੱਗੇ ਦੱਸਿਆ ਕਿ ਇਨ੍ਹਾਂ ਪਿੰਡਾਂ ਨੂੰ ਇਸ ਸ਼ਰਤ ’ਤੇ ਫੰਡ ਜਾਰੀ ਕੀਤੇ ਗਏ ਹਨ ਕਿ ਇਸ ਨਾਲ ਸਿਰਫ਼ ਮਹੱਤਵਪੂਰਨ ਕਾਰਜ ਸ਼ੁਰੂ ਕਰਕੇ ਮੁਕੰਮਲ ਕੀਤੇ ਜਾਣੇ ਚਾਹੀਦੇ ਹਨ।

Leave a Reply

Your email address will not be published. Required fields are marked *

Back to top button